ਰਜਨੀਸ਼ ਬਹਾਦਰ ਸਿੰਘ
ਜਗਜੀਤ ਸਿੰਘ ਆਨੰਦ ਦੀ ਪੁਸਤਕ ‘ਚੇਤੇ ਦੀ ਚੰਗੇਰ ਚੋਂ’ ਦੇ ਪਾਠ ਅੰਦਰ ਦਾਸਤਾਨ ਸੰਗਰਾਮੀਆਂ ਦੀ ਅਤੇ ਉਠਾਣ ਅਧਿਆਇ ਉਹ ਬੂਹੇ ਹਨ ਜਿਨ੍ਹਾਂ ਵਿਚੋਂ ਲੰਘ ਕੇ ਅਗਲੇ ਪਾਠ ਵਿਚ ਦਾਖ਼ਲ ਹੋਇਆ ਜਾ ਸਕਦਾ ਹੈ। ਅਜੀਤ ਕੌਰ ਭੂਮਿਕਾ ਵਿਚ ਟੈਕਸਟ ਦੀ ‘ਵੱਥ ਅਤੇ ਵਿਚਾਰ’ ਬਾਰੇ ਲਿਖਦੀ ਹੈ ਕਿ ਜਗਜੀਤ ਸਿੰਘ ਆਨੰਦ ਦੀ ਸਵੈ-ਜੀਵਨੀ ਸਿਰਫ਼ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਹੀ ਦਾਸਤਾਨ ਨਹੀਂ, ਪੰਜਾਬ ਦੀ ਪੂਰੀ ਕਮਿਊਨਿਸਟ ਲਹਿਰ ਦੀ ਦਾਸਤਾਨ ਹੈ। … ਸੱਚ ਬੋਲਣਾ ਬੜਾ ਔਖਾ ਏ। ਇਹ ਬਹੁਤ ਜੁਰੱਅਤ ਦਾ ਕੰਮ ਏ ਤੇ ਆਨੰਦ ਹੋਰਾਂ ਇਸ ਪੱਖੋਂ ਵੀ ਆਪਣੇ ਨਾਲ ਕੋਈ ਰਿਆਇਤ ਨਹੀਂ ਵਰਤੀ।’
ਆਨੰਦ ਇਸ ਲਿਖਤ ਬਾਰੇ ਉਠਾਣ ਸਿਰਲੇਖ ਥੱਲੇ ਲਿਖਦੇ ਹਨ, ‘‘ਇਹ ਨਾ ਸਵੈ-ਜੀਵਨੀ ਹੈ, ਨਾ ਨੇਮ-ਬੱਧ ਬਿਰਤਾਂਤ। ਇਹ ਤਾਂ ਯਾਦਾਂ ਦੀ ਪਟਾਰੀ ਦੀਆਂ ਚੰਦ ਪੂਣੀਆਂ ਹਨ। ਕੋਈ ਕਦੇ ਕੱਤੀਆਂ ਗਈਆਂ, ਕੋਈ ਕਦੇ ਤੇ ਤਰਤੀਬ ਵੀ ਇਨ੍ਹਾਂ ਦੀ ਉੱਘੜ-ਖਾਬੜੀ ਹੈ।’’ ਦਰਅਸਲ, ਇਸ ਕਿਤਾਬ ਵਿਚ ਸ਼ਬਦ ਚਿੱਤਰਾਂ ਦਾ ਕੋਲਾਜ ਹੈ। ਇਸ ਕੋਲਾਜ ਵਿਚਲੇ ਵਿਅਕਤੀ ਉਨ੍ਹਾਂ ਨੂੰ ਖੱਬੇ ਪੱਖੀ ਲਹਿਰ ਦੇ ਸੰਘਰਸ਼ ਦੌਰਾਨ ਮਿਲੇ। ਇਸੇ ਲਈ ਇਨ੍ਹਾਂ ਸਭ ਦਾ ਪਿਛੋਕੜ ਰਾਜਸੀ ਜੀਵਨ ਨਾਲ ਜੁੜਿਆ ਹੋਇਆ ਹੈ। ਇਸ ਸੰਘਰਸ਼ ਦਾ ਘਟਨਾਕ੍ਰਮ ਦੇਸ਼-ਵੰਡ ਦੇ ਆਰ-ਪਾਰ ਫੈਲਿਆ ਹੋਇਆ ਹੈ। ਇਸ ਜ਼ਿਕਰ ਵਿਚੋਂ ਉਨ੍ਹਾਂ ਦੀ ਕੁਰਬਾਨੀ, ਸੁਹਿਰਦਤਾ ਅਤੇ ਸਿਦਕ ਦੀ ਭਾਵਨਾ ਉੱਭਰਦੀ ਹੈ। ਖੱਬੇ ਪੱਖੀ ਲਹਿਰ ਦੀ ਅਗਵਾਈ ਵਾਲਾ ਬਹੁਤਾ ਹਿੱਸਾ ਸ਼ਹਿਰੀ ਮੱਧ-ਵਰਗ ਨਾਲ ਸਬੰਧਿਤ ਸੀ ਅਤੇ ਪਾਰਟੀ ਦਾ ਜਨ-ਆਧਾਰ ਕਿਸਾਨੀ ਵਿਚ ਸੀ। ਦੇਸ਼ ਦਾ ਬਾਰਸੂਖ਼ ਸ਼ਹਿਰੀ ਵਰਗ ਖੱਬੀ ਚੇਤਨਾ ਅਤੇ ਲਹਿਰ ਤੋਂ ਪ੍ਰਭਾਵਿਤ ਸੀ। ਆਨੰਦ ਦਾ ਜਨਮ ਤਰਨ ਤਾਰਨ ਵਿਚ ਹੈੱਡਮਾਸਟਰ ਮਹਿਤਾਬ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਜ਼ਿਕਰ ਸਮੁੱਚੀ ਪੁਸਤਕ ਵਿਚ ਥਾਂ-ਥਾਂ ਉੱਤੇ ਹੈ।
‘ਮਰਿਆ ਨਹੀਂ ਤੂੰ ਮਿਰਗੁ ਯਾਰਾ’ ਅਧਿਆਇ ਖੱਬੀ ਲਹਿਰ ਦੇ ਸਾਥੀਆਂ ਦੀ ਕੁਰਬਾਨੀ ਦੀ ਦਾਸਤਾਨ ਹੈ। ‘ਚੇਤੇ ਦੀ ਚੰਗੇਰ ਚੋਂ’ ਪੁਸਤਕ ਦੇ ਲੇਖਕ ਦਾ ਅਨੁਭਵ ਉਸ ਲਹਿਰ ਵਿਚ ਸ਼ਾਮਲ ਲੋਕਾਂ ਦੁਆਲੇ ਘੁੰਮਦਾ ਹੈ। ਪਾਰਟੀ ਆਪਣੇ ਪ੍ਰਚਾਰ, ਪਾਸਾਰ ਅਤੇ ਸਰਗਰਮੀ ਪ੍ਰਤੀ ਤਿੰਨ ਪੱਧਰਾਂ ਉੱਤੇ ਸਰਗਰਮ ਸੀ: ਸੰਗਠਨ ਰਾਹੀਂ ਪਾਰਟੀ ਦੀ ਉਸਾਰੀ ਕਰਨਾ; ਦਾਰਸ਼ਨਿਕ, ਸਿਧਾਂਤਕ ਅਤੇ ਰਾਜਸੀ ਸੂਝ ਲਈ ਪਾਰਟੀ ਦਾ ਸਕੂਲੀ ਢਾਂਚਾ ਵਿਕਸਤ ਕਰਨਾ; ਅਤੇ ਤੀਜਾ ਰਾਜਸੀ ਸਰਗਰਮੀਆਂ ਲਈ ਆਵਾਮੀ ਜਥੇਬੰਦੀਆਂ ਨੂੰ ਸੰਗਠਿਤ ਕਰਕੇ ਰਾਜਸੀ ਸਰਗਰਮੀਆਂ ਨਾਲ ਆਵਾਮ ਨੂੰ ਜੋੜਨਾ। ਰਾਜਸੀ ਸਰਗਰਮੀਆਂ ਕਾਰਨ ਖੱਬੇ ਪੱਖੀ ਪਾਰਟੀ ਕੌਮਾਂਤਰੀ ਸੂਝ ਰੱਖਦੀ ਸੀ ਜਿਸਦੇ ਤਹਿਤ ਕੌਮੀ ਸੂਝ ਅਤੇ ਸਰਗਰਮੀ ਚਲਦੀ ਸੀ। ਪਾਰਟੀ ਭੂਮੀਗਤ ਹੋ ਕੇ ਕੰਮ ਕਰਦੀ ਸੀ ਕਿਉਂਕਿ ਸਰਕਾਰ ਪਾਰਟੀ ਦੀਆਂ ਸਰਗਰਮੀਆਂ ਉੱਤੇ ਰੋਕ ਲਾ ਦਿੰਦੀ ਸੀ। ਇਹ ਸਮਾਂ ਪਾਰਟੀ ਆਗੂਆਂ ਲਈ ਸਭ ਤੋਂ ਮੁਸ਼ਕਿਲ ਹੁੰਦਾ ਸੀ। ਇਸ ਅਨੁਭਵ ਨੂੰ ਲੇਖਕ ਮੇਰਾ ਪਹਿਲਾ ਗੁਪਤਵਾਸ ਅਧਿਆਇ ਵਿਚ ਬਿਆਨਦਾ ਹੈ। ਇਹ ਗੱਲ ਦਸਬੰਰ 1940 ਦੀ ਹੈ। ਉਨ੍ਹਾਂ ਨੇ ਪਾਰਟੀ ਸਕੂਲ ਵਿਚ ਆਪਣੇ ਕਾਡਰ ਨੂੰ ਰਾਜਸੀ ਅਤੇ ਸਿਧਾਂਤਕ ਸੂਝ ਦੇਣ ਲਈ ਲਾਹੌਰ ਤੋਂ ਬੁੜੇਵਾਲਾ ਜਾਣਾ ਸੀ। ਉਨ੍ਹਾਂ ਨਾਲ ਭੇਸ ਬਦਲ ਕੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵੀ ਸਫ਼ਰ ਕਰ ਰਹੇ ਸਨ। ਪੰਜਾਬ ਦੇ ਚੋਟੀ ਦੇ ਸਾਰੇ ਆਗੂ ਗ੍ਰਿਫ਼ਤਾਰ ਹੋਣ ਕਰਕੇ ਆਨੰਦ ਨੂੰ ਟਰੱਕਾਂ ਉੱਤੇ ਸਵਾਰ ਹੋ ਕੇ ਬਿਨਾਂ ਪੈਸਿਆਂ ਤੋਂ ਮੋਗੇ ਪਹੁੰਚਣਾ ਪਿਆ। ਉਸ ਸਮੇਂ ਲਹਿਰ ਵਿਚ ਅਜਿਹੇ ਸਿਰੜੀ ਯੋਧੇ ਕੰਮ ਕਰਦੇ ਸਨ ਕਿ ਉਨ੍ਹਾਂ ਦੇ ਕਿਰਦਾਰ ਤੋਂ ਗੈਰ-ਕਮਿਊਨਿਸਟ ਵੀ ਪ੍ਰਭਾਵਿਤ ਸਨ।
ਹੱਥਲੀ ਪੁਸਤਕ ਵਿਚ ਆਨੰਦ ਨੇ ਦੋ ਆਜ਼ਾਦੀ ਸੰਗਰਾਮੀਆਂ ਗ਼ਦਰੀ ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਬਾਬਾ ਸੋਹਣ ਸਿੰਘ ਭਕਨਾ ਦਾ ਜ਼ਿਕਰ ਬਹੁਤ ਸ਼ਿੱਦਤ ਨਾਲ ਕੀਤਾ ਹੈ। ਇਸ ਨਾਲ ਖੱਬੇ ਪੱਖੀ ਲਹਿਰ ਦੇ ਸਿਧਾਂਤਕ ਅਤੇ ਰਾਜਸੀ ਚਿੰਤਨ ਦਾ ਜ਼ਿਕਰ ਵੀ ਕੀਤਾ ਹੈ। ਬਾਬਾ ਗੁਰਮੁਖ ਸਿੰਘ ਗੁਸੈਲ ਸੁਭਾਅ ਦੇ ਸਨ। ਉਹ ਪਾਰਟੀ ਲੀਡਰਸ਼ਿਪ ਤੋਂ ਲੈ ਕੇ ਅਫ਼ਸਰਾਂ ਤਕ ਆਪਣੀ ਗੱਲ ਕਹਿਣ ਤੋਂ ਨਹੀਂ ਝਿਜਕਦੇ ਸਨ। ਅਜਿਹੇ ਹੀ ਸੁਤੰਤਰਤਾ ਸੰਗਰਾਮੀ ਸੋਹਣ ਸਿੰਘ ਭਕਨਾ ਸਨ। ਕਮਿਊਨਿਸਟ ਪਾਰਟੀ ਦੇ 1948 ਵਿਚ ਕਲਕੱਤੇ ਵਿਖੇ ਪੇਸ਼ ਮਤੇ ‘ਇਹ ਆਜ਼ਾਦੀ ਝੂਠੀ ਹੈ’ ਤੋਂ ਪਿੱਛੋਂ ਪਾਰਟੀ ਨੂੰ ਤਤਕਾਲੀ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ‘ਗ਼ੈਰ-ਕਾਨੂੰਨੀ, ਘੋਸ਼ਿਤ ਕਰਕੇ ਆਗੂਆਂ ਨੂੰ ਫੜਨਾ ਸ਼ੁਰੂ ਕੀਤਾ ਅਤੇ ਬਾਬਾ ਭਕਨਾ ਸਮੇਤ, ਪੰਜਾਬ ਦੇ ਚੋਟੀ ਦੇ ਆਗੂਆਂ ਨੂੰ ਯੋਲ ਕੈਂਪ ਜੇਲ੍ਹ’ ਭੇਜ ਦਿੱਤਾ। ਜਦੋਂ ਜਵਾਹਰਲਾਲ ਨਹਿਰੂ ਨੂੰ ਪਤਾ ਲੱਗਾ ਕਿ ਗ਼ਦਰ ਪਾਰਟੀ ਦਾ ਬਾਨੀ ਜੇਲ੍ਹ ਵਿਚ ਬੰਦ ਹੈ ਤਾਂ ਉਸ ਨੇ ਬਾਬਾ ਜੀ ਦੀ ਰਿਹਾਈ ਦੇ ਸਿੱਧੇ ਹੁਕਮ ਜਾਰੀ ਕਰ ਦਿੱਤੇ।
ਕੌਮੀ ਮੁਕਤੀ ਅੰਦੋਲਨ ਵਿਚ ਕਿਸਾਨੀ ਸਮਾਜ ਹਿੱਸੇਦਾਰੀ ਪੱਖੋਂ ਅੱਗੇ ਰਿਹਾ ਹੈ। ਪੰਜਾਬ ਵਿਚ ਖੱਬੀ ਲਹਿਰ ਵਿਚ ਕਿਸਾਨੀ ਨੇ ਭਰਪੂਰ ਹਿੱਸਾ ਪਾਇਆ। ਖੱਬੇ ਪੱਖੀ ਲਹਿਰ ਦੇ ਸੰਘਰਸ਼ ਦੌਰਾਨ ਖ਼ਾਸਕਰ ਰੂਪੋਸ਼ ਹੋਣ ਸਮੇਂ ਆਗੂਆਂ ਦੀ ਸੁਰੱਖਿਆ ਅਤੇ ਖਾਣ-ਪੀਣ ਦਾ ਪ੍ਰਬੰਧ ਇਹੀ ਵਰਗ ਕਰਦਾ ਸੀ। ਜਗਜੀਤ ਆਨੰਦ ਇਸ ਅਨੁਭਵ ਨੂੰ ਬਹੁਤ ਹੀ ਸ਼ਿੱਦਤ ਨਾਲ ਪੇਸ਼ ਕਰਦੇ ਹਨ। ਆਜ਼ਾਦੀ ਤੋਂ ਫੌਰੀ ਬਾਅਦ ਦਾ ਸਮਾਂ ਪੰਜਾਬ ਦੀ ਖੱਬੇ ਪੱਖੀ ਲਹਿਰ ਦਾ ਔਖਾ ਸਮਾਂ ਸੀ। ਪਾਰਟੀ ਅੰਦਰੂਨੀ ਤੌਰ ’ਤੇ ਸੋਚ ਦੀਆਂ ਕਈ ਪਰਤਾਂ ਨਾਲ ਜੁੜੀ ਹੁੰਦੀ ਸੀ। ਇਨ੍ਹਾਂ ਵਿਚ ਸਿਧਾਂਤਕ, ਰਾਜਸੀ ਅਤੇ ਕਈ ਜਥੇਬੰਦਕ ਮਾਮਲੇ ਸ਼ਾਮਲ ਸਨ। ਇਨ੍ਹਾਂ ਵਿਚੋਂ ਇਕ ਸੀ ਕਿਰਤੀ ਪਾਰਟੀ ਦਾ ਹੋਂਦ ਵਿਚ ਆਉਣਾ। ਪਾਰਟੀ ਅੰਦਰੋਂ ਇਸ ਦੋਫਾੜ ਦਾ ਵਿਰੋਧ ਹੋਇਆ ਅਤੇ ‘ਇਕ ਦੇਸ਼ ਅੰਦਰ ਇਕ ਕਮਿਊਨਿਸਟ ਪਾਰਟੀ’ ਦਾ ਨਾਹਰਾ ਚੱਲਿਆ।
ਕਾਮਰੇਡ ਤੇਜਾ ਸਿੰਘ ਸੁਤੰਤਰ ਸਾਹਸ, ਸੰਘਰਸ਼ ਅਤੇ ਸੁਹਿਰਦਤਾ ਦੀ ਮੂਰਤ ਸਨ। ਉਨ੍ਹਾਂ ਸਬੰਧੀ ਬਾਬਾ ਅਰਜਨ ਸਿੰਘ ਦੇ ਮੋਹ ਨੂੰ ਆਨੰਦ ਨੇ ‘ਮੇਰੇ ਗੁਰੂ ਦੇ ਗੁਰੂ ਨੂੰ ਗ਼ਦਾਰ ਨਾ ਆਖ’ ਨਾਮੀ ਸਿਰਲੇਖ ਅਧੀਨ ਅਕਿੰਤ ਕੀਤਾ ਹੈ।
ਇਸ ਯਾਦਾਂ ਦੇ ਸੰਗ੍ਰਹਿ ਵਿਚ ਤਿੰਨ ਵਿਅਕਤੀਆਂ ਮਹਿਮੂਦ, ਹੀਰਾ ਸਿੰਘ ਦਰਦ ਅਤੇ ਜਸਵੰਤ ਸਿੰਘ ਕੈਰੋਂ ਦਾ ਜ਼ਿਕਰ ਬਹੁਤ ਮਹੱਤਵਪੂਰਨ ਹੈ। ਦਰਵੇਸ਼ ਵਿਅਕਤੀ ਗਿਆਨੀ ਹੀਰਾ ਸਿੰਘ ਨਾਲ ਵਿਹਾਰ ਸਬੰਧੀ ਇਕ ਗੱਲ ਸਾਹਮਣੇ ਆਉਂਦੀ ਹੈ। ਇਹ ਘਟਨਾ ਪੰਜਾਬ ਅਤੇ ਸਿੱਖਾਂ ਸਬੰਧੀ ਨੀਤੀ ਦੇ ਨਿਰਣਾਇਕ ਮੋੜ ਵੇਲੇ ਦੀ ਹੈ। ਕਮਿਊਨਿਸਟਾਂ ਨੇ ਕੌਮੀਅਤ ਦੇ ਸੰਕਲਪ ਨੂੰ ਮਜ਼ਹਬ ਨਾਲ ਰਲ-ਗੱਡ ਕਰ ਕੇ ਮੁਸਲਿਮ ਲੀਗ ਦਾ ਮੁਸਲਮਾਨਾਂ ਦੇ ਵੱਖਰੇ ਖਿੱਤੇ ਦੀ ਮੰਗ ਦਾ ਸਮਰਥਨ ਸ਼ੁਰੂ ਕਰ ਦਿੱਤਾ। ਫਿਰ ਡਾਕਟਰ ਅਧਿਕਾਰੀ ਨੇ ਅਕਾਲੀ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਕੇ ਇਕ ਕਿਤਾਬਚਾ ‘ਏ ਹੋਮਲੈਂਡ ਫਾਰ ਦਿ ਸਿੱਖਜ਼’ ਜਿਹੜਾ ‘ਅਜ਼ਾਦ ਸਿੱਖ ਦੇਸ਼ ਭੂਮੀ’ ਦੇ ਨਾਂ ਹੇਠ ਅਨੁਵਾਦ ਕਰਕੇ ਜਾਰੀ ਕੀਤਾ। ਇਸ ਵਿਚ ਪ੍ਰਗਟਾਏ ਵਿਚਾਰ ਨੂੰ ਸਿਧਾਂਤਕ ਤੌਰ ਉੱਤੇ ਰਜਨੀ ਪਾਮਦੱਤ ਨੇ ਰੱਦ ਕਰ ਦਿੱਤਾ ਅਤੇ ਪਾਰਟੀ ਨੂੰ ਉਹ ਇਸ ਗ਼ਲਤ ਧਾਰਨਾ ਸਬੰਧੀ ਮਨਾਉਣ ਵਿਚ ਕਾਮਯਾਬ ਹੋ ਗਿਆ। ਇਸ ਬਦਲੀ ਹੋਈ ਸਥਿਤੀ ਸਬੰਧੀ ਲੇਖਕ ਨੇ ‘ਜੰਗਿ-ਆਜ਼ਾਦੀ’ ਲਈ ਲੇਖ ਲਿਖਣ ਲਈ ਗਿਆਨੀ ਹੀਰਾ ਸਿੰਘ ਦਰਦ ਨੂੰ ਮਨਾ ਲਿਆ। ਜਦ ਵੀ ਉਹ ਕੁਝ ਲਿਖ ਕੇ ਲਿਆਉਣ ਲੇਖਕ ਉਨ੍ਹਾਂ ਨੂੰ ਸੋਧ ਕੇ ਲਿਖਣ ਲਈ ਕਹਿ ਦੇਵੇ। ਵਾਰ-ਵਾਰ ਕਰਨ ’ਤੇ ਗਿਆਨੀ ਜੀ ਸਮਝ ਗਏ। ਫਿਰ ਲੇਖਕ ਨੂੰ ਆਪਣੇ ਸਿਆਣੇ ਹੋਣ ਦੇ ਵਹਿਮ ਦਾ ਅਹਿਸਾਸ ਹੋਇਆ। ਲੇਖਕ ਦੇ ਅਜਿਹੇ ਵਿਹਾਰ ’ਚੋਂ ਉਪਜਣ ਵਾਲੇ ਸੰਭਾਵੀ ਸਿੱਟਿਆਂ ਦਾ ਅਹਿਸਾਸ ਡਾਕਟਰ ਭਾਗ ਸਿੰਘ ਨੇ ‘ਬਰਨਿੰਗ ਦਿ ਕੈਂਡਲ ਔਨ ਬੋਥ ਐਂਡਜ਼’ ਮੁਹਾਵਰਾ ਬੋਲ ਕੇ ਕਰਵਾਇਆ।
ਜਗਜੀਤ ਸਿੰਘ ਆਨੰਦ ਦੀਆਂ ਯਾਦਾਂ ਦੀ ਪੁਸਤਕ ਦਾ ਮਹੱਤਵਪੂਰਨ ਪਾਸਾਰ ਉਨ੍ਹਾਂ ਦੇ ਨਿੱਜ ਦਾ ਹੈ। ਉਂਜ ਤਾਂ ਸਮੁੱਚੀ ਟੈਕਸਟ ਵਿਚ ਜਿਹੜੀਆਂ ਮਹੱਤਵਪੂਰਨ ਸ਼ਖ਼ਸੀਅਤਾਂ ਦਾ ਜ਼ਿਕਰ ਹੈ ਉਨ੍ਹਾਂ ਦਾ ਚਿੱਤਰ ਉਨ੍ਹਾਂ ਦੇ ਨਿੱਜੀ ਅਨੁਭਵ ਵਿਚੋਂ ਹੀ ਉਭਰਦਾ ਹੈ, ਪਰ ਕੁਝ ਅਧਿਆਇ ਉਨ੍ਹਾਂ ਦੇ ਨਿੱਜ ਤਾਲ ਜੁੜੇ ਹੋਏ ਹਨ। ਉਨ੍ਹਾਂ ਵਿਚ ‘ਪਹਿਲ-ਪਲੱਕੜੇ ਦਿਨ, ਸਦਾ ਸੱਜਰੀ ਮਹਿਕ ਅਤੇ ਕਹਾਣੀ, ਜੋ ਨਾ ਨਿੱਕੀ, ਨਾ ਮੁੱਕੀ’ ਪ੍ਰਮੁੱਖ ਹਨ। ਪਹਿਲਾਂ ਉਨ੍ਹਾਂ ਦੇ ਪਿਤਾ ਹੈੱਡਮਾਸਟਰ ਮਹਿਤਾਬ ਸਿੰਘ ਬਾਰੇ, ਦੂਜਾ ਆਪਣੇ ਪਿਆਰ ਅਨੁਭਵ ਬਾਰੇ ਅਤੇ ਤੀਜਾ ਸੋਵੀਅਤ ਰੂਸ ਦੀ ਸੰਘਰਸ਼ਸ਼ੀਲ ਔਰਤ ਬਾਰੇ ਜਿਸ ਰਾਹੀਂ ਸਮਾਜਵਾਦੀ ਸ਼ਖ਼ਸੀ ਪੂਜਾ ’ਚੋਂ ਉਪਜੇ ਭਿਆਨਕ ਰੂਪ ਦਾ ਪਤਾ ਲੱਗਦਾ ਹੈ। ਉਨ੍ਹਾਂ ਦੇ ਪਿਤਾ ਹੈੱਡਮਾਸਟਰ ਮਹਿਤਾਬ ਸਿੰਘ ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀਆਂ ਵਿਚੋਂ ਸਨ। ਉਹ ਅਜਿਹੇ ਸੰਘਰਸ਼ਸ਼ੀਲ ਵਿਅਕਤੀ ਸਨ ਜਿਹੜੇ ਵਿਦਿਆ ਦੇ ਪਸਾਰ ਨਾਲ ਜੁੜੇ ਹੋਏ ਸਨ। ਉਨ੍ਹਾਂ ਦੀ ਜੇਲ੍ਹ ਯਾਤਰਾ ਸਮੇਂ ਪਰਿਵਾਰ ਘੋਰ ਆਰਥਿਕ ਤੰਗੀ ਵਿਚੋਂ ਲੰਘਿਆ। ਬਾਲ ਜਗਜੀਤ ਦੀਆਂ ਜੇਲ੍ਹ ਵਿਚ ਮੇਲ ਸਮੇਂ ਮਾਸੂਮ ਹਰਕਤਾਂ ਜਵਾਨੀ ਦੇ ਸੰਘਰਸ਼ ਦੀ ਸਚਾਈ ਬਣ ਗਈਆਂ। ਇਸ ਵਿਚ ਕਿਤੇ ਵੀ ਉਹ ਸਵੈ-ਪ੍ਰਸ਼ੰਸਾ ਦੇ ਸ਼ਿਕਾਰ ਨਹੀਂ ਹੁੰਦੇ। ਦੂਜਾ, ਉਨ੍ਹਾਂ ਦੀ ਅਨੁਵਾਦ ਲਿਲ੍ਹ ਅਤੇ ਪਿਆਰ ਦੀ ਪਹਿਲੀ ਪਛਾਣ ਅਤੇ ਉਰਮਿਲਾ ਜਿਹੜੇ ਬਾਅਦ ਵਿਚ ਉਰਮਿਲਾ ਆਨੰਦ ਬਣ ਗਏ, ਦਾ ਜ਼ਿਕਰ ਬਹੁਤ ਸਹਿਜ ਹੋਇਆ ਹੈ, ‘‘ਸਤਰੰਗੀ ਪੀਂਘ ਸਾਹਿਤ-ਜਗਤ ਵਿਚ ਸਲਾਹੁਨਾ ਦੀ ਪਾਤਰ ਵੀ ਬਣੀ, ਉਸ ਨੇ ਸਹੁੰਡਵੇ ਜੀਵਨ ਸਾਥ ਦਾ ਮੁੱਢ ਵੀ ਬੰਨ੍ਹਿਆ ਅਤੇ ਵੰਡ ਪਿੱਛੋਂ ਉਸ ਦੀਆਂ ਹੋਰ ਛਾਪਾਂ ਵੀ ਛਪੀਆਂ। ਚੌਥੀ ਦੀ ਪ੍ਰਕਾਸ਼ਨਾ ਲਈ ਪੁੱਛਾਂ ਹੁਣ ਵੀ ਆਉਂਦੀਆਂ ਹਨ।’’
ਇਸ ਟੈਕਸਟ ਵਿਚਲੇ ਸਾਰੇ ਲੇਖਾਂ ਦਾ ਸਿਰਜਣ ਕਾਲ 1988 ਤੋਂ ਲੈ ਕੇ 1991 ਤੱਕ ਫੈਲਿਆ ਹੋਇਆ ਹੈ। ਲੇਖਕ ਹਰ ਲੇਖ ਦੇ ਮੁੱਢ ਵਿਚ ਪਹਿਲੇ ਵਾਕ ਨਾਲ ਹੀ ਪਾਠਕ ਅੰਦਰ ਉਤਸੁਕਤਾ ਪੈਦਾ ਕਰ ਦਿੰਦਾ ਹੈ। ਫਿਰ ਉਸ ਵਿਚੋਂ ਵਿਅਕਤੀਆਂ ਰਾਹੀਂ ਇਕ ਰਾਜਸੀ ਲਹਿਰ ਦਾ ਖੰਡ ਵਿਅਕਤੀ ਜਾਂ ਵਿਅਕਤੀਆਂ ਰਾਹੀਂ ਉੱਭਰਨ ਲੱਗਦਾ ਹੈ। ਇਸ ਲਈ ਉਹ ਜਿਸ ਬਿਰਤਾਂਤ ਵਿਧੀ ਦੀ ਵਰਤੋਂ ਕਰਦੇ ਹਨ ਉਹ ਵਾਸਤਵਿਕਤਾ ਮੁਖੀ ਹੈ। ਇਹ ਵੀ ਸਾਹਿਤ ਤੱਤਾਂ ਰਾਹੀਂ ਯਥਾਰਥ ਤਕ ਦਾ ਸਫ਼ਰ ਤੈਅ ਕਰਦੀ ਹੈ। ਇਸੇ ਲਈ ਇਸ ਵਿਚੋਂ ਪਾਠਕ ਨੂੰ ਗਲਪ ਵਰਗਾ ਆਨੰਦ ਆਉਂਦਾ ਹੈ। ਇਸੇ ਲਈ ਮੈਂ ਇਸ ਨੂੰ ਰਚਨਾਕਾਰੀ ਦੀ ਥਾਂ ਸਿਰਜਣਕਾਰੀ ਦੀ ਸ਼੍ਰੇਣੀ ਵਿਚ ਰੱਖਦਾ ਹਾਂ। ਉਨ੍ਹਾਂ ਦੀ ਸਿਰਜਣੀ ਭਾਸ਼ਾ ਦਾ ਆਧਾਰ ਲੋਕ ਜੀਵਨ ਵਿਚੋਂ ਆਕਾਰ ਗ੍ਰਹਿਣ ਕਰਦਾ ਹੇ। ਇਸੇ ਲਈ ਉਨ੍ਹਾਂ ਦੀ ਵਾਰਤਕ ਬੋਲਚਾਲ ਦੀ ਭਾਸ਼ਾ ਦੇ ਨੇੜੇ ਰਹਿੰਦੀ ਹੈ। ਉਹ ਵਿਸ਼ੇਸ਼ਣਾਂ ਨੂੰ ਨਵੇਂ ਰੂਪ ਵਿਚ ਘੜਨ ਦੇ ਮਾਹਿਰ ਹਨ ਜਿਵੇਂ ਛਟਕੀਲੀ ਦੇਹ, ਚਿਕੜਾਲੀ ਧਰਤੀ, ਚਕਰਵਰਤੀ ਕਾਰਕੁੰਨ, ਸਗਵੀਂ ਰੂਹ ਆਦਿ। ਇਹ ਟੈਕਸਟ ਸਿਰਫ਼ ਯਾਦਾਂ ਹੀ ਨਹੀਂ ਸਗੋਂ ਪੰਜਾਬ ਦੀ ਸਿਆਸਤ ਅਤੇ ਖੱਬੇ ਪੱਖੀ ਲਹਿਰ ਦਾ ਪ੍ਰਮਾਣਿਕ ਦਸਤਾਵੇਜ਼ ਹੈ। ਇਸ ਲਈ ਇਹ ਸਮਕਾਲ ਦੀ ਸਥਿਤੀ ਨੂੰ ਸਮਝਣ ਅਤੇ ਇਸ ਦਾ ਮੁਲਾਂਕਣ ਕਰਨ ਵਿਚ ਸਹਾਈ ਹੋ ਸਕਦਾ ਹੈ।
ਸੰਪਰਕ: 98148-60778