ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ
ਪੁਸਤਕ ‘ਦਸਮੇਸ਼ ਪਿਤਾ ਜੀ ਦੇ ਧਰਮ ਯੁੱਧ’ (ਲੇਖਕ: ਪ੍ਰਿੰਸੀਪਲ ਬਹਾਦਰ ਸਿੰਘ ਗੋਸਲ; ਕੀਮਤ: 200 ਰੁਪਏ; ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ) ਵਿਚ ਦਸਮ ਪਾਤਸ਼ਾਹ ਵੱਲੋਂ ਜ਼ੁਲਮਾਂ ਦਾ ਨਾਸ਼ ਕਰਨ ਅਤੇ ਧਰਮ ਦੀ ਰਾਖੀ ਵਾਸਤੇ ਲੜੇ 17 ਯੁੱਧਾਂ ਦਾ ਵਿਸਥਾਰ ਸਹਿਤ ਜ਼ਿਕਰ ਹੈ। ਇਹ ਯੁੱਧ ਸਹੀ ਅਰਥਾਂ ਵਿਚ ਧਰਮ ਯੁੱਧ ਸਨ। ਇਹ ਕਿਸੇ ਖ਼ਾਸ ਮਜ਼ਹਬ ਦੇ ਵਿਰੁੱਧ ਨਹੀਂ ਸਨ ਕਿਉਂਕਿ ਗੁਰੂ ਜੀ ਦੀਆਂ ਫ਼ੌਜਾਂ ਵਿਚ ਮੁਸਲਮਾਨ ਵੀ ਸ਼ਾਮਲ ਸਨ। ਲੇਖਕ ਦੀ ਖੋਜੀ ਬਿਰਤੀ ਇਸ ਪੁਸਤਕ ਦੀ ਸਿਰਜਨਾ ਵਿਚ ਸਹਾਈ ਹੋਈ ਹੈ।
ਦੋ ਸ਼ਬਦ ਕਲਗੀਧਰ ਟਰੱਸਟ, ਬੜੂ ਸਾਹਿਬ ਦੇ ਡਾਇਰੈਕਟਰ ਗੁਰਦੀਪ ਸਿੰਘ ਸੱਗੂ ਨੇ ਲਿਖੇ ਹਨ। ਉਨ੍ਹਾਂ ਲਿਖਿਆ ਹੈ ਕਿ ਧਰਮ ਦੀ ਰਾਖੀ ਲਈ ਤਲਵਾਰ ਚੁੱਕਣੀ ਵੱਡਾ ਧਰਮ ਹੈ। ਸਮਕਾਲੀ ਹੁਕਮਰਾਨ ਔਰੰਗਜ਼ੇਬ ਦੇ ਜ਼ੁਲਮਾਂ ਦੀ ਅਤਿ ਹੋ ਚੁੱਕੀ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਚੁੱਕੀ ਸੀ।
ਲੇਖਕ ਨੇ ਆਰੰਭ ਵਿਚ ਦਸਮ ਗੁਰੂ ਦੇ ਪ੍ਰਕਾਸ਼ ਤੇ ਬਚਪਨ ਦੀ ਲੀਲ੍ਹਾ ਦਾ ਜ਼ਿਕਰ ਕੀਤਾ ਹੈ। ਜਿਸ ਵੇਲੇ ਗੁਰੂ ਸਾਹਿਬ ਦਾ ਪ੍ਰਕਾਸ਼ (22 ਦਸੰਬਰ 1666) ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਤਾਂ ਉਸ ਵੇਲੇ ਬਾਲ ਗੋਬਿੰਦ ਰਾਏ ਜੀ ਦੇ ਪਿਤਾ, ਗੁਰੂ ਤੇਗ ਬਹਾਦਰ ਸਾਹਿਬ ਧਰਮ ਪ੍ਰਚਾਰ ਲਈ ਢਾਕੇ ਵਿਚ ਸਨ। ਉਸੇ ਸਥਾਨ ’ਤੇ ਗੁਰੂ ਜੀ ਨੂੰ ਬਾਲ ਗੋਬਿੰਦ ਰਾਏ ਜੀ ਦੇ ਜਨਮ ਦਾ ਪਤਾ ਲੱਗਾ। ਇਸ ਕਾਂਡ ਵਿਚ ਲੇਖਕ ਨੇ ਪੀਰ ਭੀਖਣ ਸ਼ਾਹ ਦਾ ਪ੍ਰਸੰਗ ਅਤੇ ਗੁਰੂ ਜੀ ਦੇ ਬਚਪਨ ਦੇ ਕਈ ਕੌਤਕਾਂ ਦਾ ਬਿਰਤਾਂਤ ਪੇਸ਼ ਕੀਤਾ ਹੈ।
ਗੁਰੂ ਜੀ ਦੀ ਸਿੱਖਿਆ ਪ੍ਰਾਪਤੀ, ਸ਼ਸਤਰ ਵਿਦਿਆ, ਭਾਸ਼ਾਵਾਂ ਦਾ ਗਿਆਨ, ਘੋੜਸਵਾਰੀ ਤੇ ਸਮੇਂ ਦੀ ਹਕੀਕਤ ਬਾਰੇ ਡੂੰਘੀ ਸੋਚ ਵਿਚਾਰ ਦਾ ਵੇਰਵਾ ਹੈ। ਗੁਰੂ ਜੀ ਵੱਲੋਂ ਲੜੀਆਂ 17 ਜੰਗਾਂ ਵਿਚੋਂ ਪਹਿਲੀ ਜੰਗ ਭੰਗਾਣੀ ਦਾ ਯੁੱਧ ਹੈ ਜੋ 1687 ਵਿਚ ਹੋਈ। ਇਸ ਜੰਗ ਵਿਚ ਪਹਾੜੀ ਰਾਜੇ ਰਾਜਾ ਭੀਮ ਚੰਦ ਤੇ ਮੁਗ਼ਲ ਮੁੱਖ ਵਿਰੋਧੀ ਸਨ। ਇਤਿਹਾਸਕਾਰ ਕਨਿੰਘਮ, ਮੈਕਰੇਗਰ, ਗਾਰਡਨ ਤੇ ਮੁਨਸ਼ੀ ਖੁਸ਼ਵੰਤ ਰਾਏ ਦੇ ਹਵਾਲੇ ਹਨ। ਇਨ੍ਹਾਂ ਦੀਆਂ ਲਿਖਤਾਂ ਵਿਚ ਗੁਰੂ ਜੀ ਦੀ ਕਿਲ੍ਹਾਬੰਦੀ, ਨਗਾਰੇ ਦੀ ਗੂੰਜ, ਪਹਾੜੀ ਰਾਜਿਆਂ ਦੀ ਗੁਰੂ ਜੀ ਨਾਲ ਈਰਖਾ ਦੇ ਕਾਰਨਾਂ ਦਾ ਜ਼ਿਕਰ ਕੀਤਾ ਹੈ। ਗੁਰੂ ਸਾਹਿਬ ਦੇ ਮੁਰੀਦ ਪੀਰ ਬੁੱਧੂ ਸ਼ਾਹ ਨੇ 500 ਸਿਪਾਹੀ ਗੁਰੂ ਜੀ ਦੀ ਸੈਨਾ ਵਿਚ ਲਿਆਂਦੇ। ਇਹ ਜੰਗ ਦਸਮੇਸ਼ ਗੁਰੂ ਜੀ ਨੇ ਜਿੱਤੀ। ਉਸੇ ਸਾਲ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਹੋਇਆ ਸੀ। ਆਨੰਦਪੁਰ ਸਾਹਿਬ ਵਿਚ ਗੁਰੂ ਜੀ ਦੀਆਂ ਪੰਜ ਜੰਗਾਂ ਦਾ ਪੂਰਾ ਬਿਰਤਾਂਤ ਹੈ: ਪਹਿਲੀ ਜੰਗ 1701, ਦੂਸਰੀ ਜੰਗ ਵੀ 1701, ਤੀਸਰੀ ਚੌਥੀ ਜੰਗ 1703 ਵਿਚ ਅਤੇ ਪੰਜਵੀਂ ਜੰਗ 1704 ਵਿਚ ਹੋਈ। ਇਨ੍ਹਾਂ ਜੰਗਾਂ ਵਿਚ ਪਹਾੜੀ ਰਾਜੇ ਤੇ ਮੁਗ਼ਲ ਸੈਨਾਵਾਂ ਤੋਂ ਗੁਰੂ ਜੀ ਜੇਤੂ ਰਹੇ। ਆਨੰਦਪੁਰ ਸਾਹਿਬ ਦੀ ਜੰਗ ਵਿਚ ਮੁਗ਼ਲਾਂ ਵੱਲੋਂ ਕਸਮਾਂ ਖਾ ਕੇ ਕਿਲ੍ਹਾ ਖਾਲੀ ਕਰਾਉਣ, ਮਾਝੇ ਦੇ ਕੁਝ ਸਿੱਖਾਂ ਵੱਲੋਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਜਿਹੇ ਇਤਿਹਾਸਕ ਪ੍ਰਸੰਗ ਹਨ।
ਚਮਕੌਰ ਸਾਹਿਬ ਦੀਆਂ ਦੋ ਲੜਾਈਆਂ ਦਾ ਵੇਰਵਾ ਪੁਸਤਕ ਵਿਚ ਹੈ (ਪਹਿਲੀ ਜੰਗ 1703 ਵਿਚ ਤੇ ਦੂਸਰੀ ਜੰਗ 1704 ਦੀ ਹੈ)। ਹੁਸੈਨੀ ਯੁੱਧ 1695 ਵਿਚ ਅਤੇ ਨਦੌਣ ਦੀ ਜੰਗ 1688 ਵਿਚ ਹੋਈ। ਮੁਕਤਸਰ ਦੀ ਜੰਗ ਵਿਚ ਗੁਰੂ ਸਾਹਿਬ ਵੱਲੋਂ ਭਾਈ ਮਹਾਂ ਸਿੰਘ ਦਾ ਬੇਦਾਵਾ ਪਾੜ ਕੇ ਟੁੱਟੀ ਗੰਢਣ ਦਾ ਪ੍ਰਸੰਗ ਤੇ ਮਾਈ ਭਾਗੋ ਦੀ ਸੂਰਬੀਰਤਾ ਲੇਖਕ ਨੇ ਰੀਝ ਨਾਲ ਬਿਆਨ ਕੀਤੀ ਹੈ। ਇਹ ਸਾਰੀਆਂ ਘਟਨਾਵਾਂ ਸਿੱਖ ਇਤਿਹਾਸ ਦਾ ਪ੍ਰਮੁੱਖ ਅੰਗ ਹਨ।
ਇਕ ਜੰਗ ਜੇਜੋਂ ਦੀ ਹੈ। ਇਹ ਜੰਗ ਗੁਰੂ ਜੀ ਨੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਪਿੱਛੋਂ ਦਿੱਲੀ ਦਾ ਤਖ਼ਤ ਹਾਸਲ ਕਰਨ ਵਿਚ ਬਹਾਦਰ ਸ਼ਾਹ ਦੀ ਮਦਦ ਕਰਨ ਲਈ ਵਿਚ ਲੜੀ ਸੀ। ਕੁਝ ਛੋਟੀਆਂ ਜੰਗਾਂ ਹਨ। ਰਾਜਾ ਬਲੀਆ ਚੰਦ ਅਤੇ ਆਲਮ ਚੰਦ, ਨਿਰਮੋਹ ਗੜ੍ਹ ਦੀ ਜੰਗ, ਸਰਸਾ ਦੀ ਜੰਗ, ਮਲਕਪੁਰ ਰੰਘੜਾਂ ਨਾਲ ਝੜਪ ਆਦਿ ਬਾਰੇ ਵੀ ਪੁਸਤਕ ਵਿਚ ਜ਼ਿਕਰ ਹੈ। ਪੁਸਤਕ ਵਿਚ ਦਸਵੇਂ ਗੁਰੂ ਜੀ ਦੇ ਰੰਗਦਾਰ ਚਿੱਤਰਾਂ ਦੇ ਨਾਲ ਗੁਰੂ ਸਾਹਿਬ ਦੀਆਂ ਜੰਗ ਲੜਦਿਆਂ ਦੀਆਂ ਇਕ ਦਰਜਨ ਇਤਿਹਾਸਕ ਚਿੱਤਰ ਹਨ। ਜਗਤਾਰ ਸਿੰਘ ਜੋਗ ਨੇ ਪੁਸਤਕ ਦੇ ਟਾਈਟਲ ਉਪਰ ਲੇਖਕ ਅਤੇ ਪੁਸਤਕ ਬਾਰੇ ਭਾਵਪੂਰਤ ਵਿਚਾਰ ਲਿਖੇ ਹਨ। ਇਹ ਇਤਿਹਾਸਕ ਪੁਸਤਕ ਪੜ੍ਹਨਯੋਗ ਹੈ।
ਸੰਪਰਕ: 098148-56160