ਸੁਖਪਾਲ ਕੌਰ ‘ਸੁੱਖੀ’
ਜ਼ਿੰਦਗੀ ਵਿੱਚ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਲੱਗਦਾ ਹੈ ਇਨ੍ਹਾਂ ਹਾਲਤਾਂ ਦਾ ਬੀਜ ਕੀ ਹੈ, ਹੱਲ ਕੀ ਹੈ ਤੇ ਕੀ ਇਨ੍ਹਾਂ ਤੋਂ ਭੱਜਿਆ ਜਾ ਸਕਦਾ ਹੈ? ਇਹੋ ਸੋਚਦੀ ਮੈਂ ਦਫ਼ਤਰ ਵਿੱਚੋਂ ਬਾਹਰ ਆਪਣੇ-ਆਪ ਨਾਲ ਗੱਲਾਂ ਕਰਨ ਲਈ ਕੋਈ ਥਾਂ ਲੱਭਣ ਲਈ ਚੱਲ ਪਈ। ਨਿਰਾਸ਼ਾ ਦਾ ਆਲਮ ਮੇਰੇ ’ਤੇ ਇੰਨਾ ਹਾਵੀ ਹੋ ਚੁੱਕਿਆ ਸੀ ਕਿ ਮੈਨੂੰ ਆਪਣੇ ਆਪ ’ਤੇ ਹਾਸਾ ਤੇ ਰੋਣਾ ਇਕੱਠਾ ਹੀ ਆ ਰਿਹਾ ਸੀ। ਇਹ ਅਜਿਹਾ ਵਕਤ ਹੁੰਦਾ ਹੈ ਜੋ ਇਨਸਾਨ ਨੂੰ ਕਿਸੇ ਵੀ ਗ਼ਲਤ ਰਾਸਤੇ ’ਤੇ ਲਿਜਾਣ ਦੀ ਸਮਰੱਥਾ ਰੱਖਦਾ ਹੈ। ਪਰ ਇਸ ਵਿੱਚ ਕਿਸੇ ਜਾਣਕਾਰ ਜਾਂ ਅਣਜਾਣ ਦੇ ਬੋਲਾਂ ਦਾ ਢਾਰਸ ਦਵਾਈ ਦਾ ਕੰਮ ਕਰਦਾ ਹੈ। ਮੇਰੇ ਕਦਮ ਆਪਣੇ-ਆਪ ਹਸਪਤਾਲ ਦੇ ਦਫ਼ਤਰ ਵਿਚਲੇ ਪਾਰਕ ਵੱਲ ਹੋ ਤੁਰੇ ਜਿੱਥੇ ਬੈਠ ਮੈਂ ਬਹੁਤ ਵਾਰ ਆਪਣੇ-ਆਪ ਨੂੰ ਟਟੋਲਿਆ ਤੇ ਲੱਭਿਆ ਸੀ। ਮੈਂ ਪਾਰਕ ਵਿੱਚ ਇੱਕ ਨਜ਼ਰ ਘੁੰਮਾ ਕੇ ਦੇਖਿਆ ਤਾਂ ਕੋਈ ਵੀ ਬੈਂਚ ਖਾਲੀ ਨਹੀਂ ਸੀ। ਮੇਰੀ ਨਿਰਸ਼ਾ ਹੋਰ ਵਧ ਗਈ। ਮੈਂ ਮੁੜਨ ਹੀ ਲੱਗੀ ਸੀ ਕਿ ਮੇਰੀ ਨਜ਼ਰ ਪਾਰਕ ਦੇ ਇੱਕ ਕੋਨੇ ’ਚ ਪਏ ਬੈਂਚ ’ਤੇ ਬੈਠੇ ਇੱਕ ਬਜ਼ੁਰਗ ਜੋੜੇ ’ਤੇ ਚਲੀ ਗਈ। ਮੈਂ ਚੁੱਪ-ਚਾਪ ਉਨ੍ਹਾਂ ਕੋਲ ਰੁਕ ਗਈ। ਮੈਂ ਹਲੀਮੀ ਤੇ ਆਪਣੇ ਭਰੇ ਹੋਏ ਗਲੇ ਨਾਲ ਬੇਬੇ ਕੋਲੋਂ ਪੱਛਿਆ, ‘‘ਬੀਜੀ, ਕੀ ਮੈਂ ਇੱਥੇ ਬੈਠ ਜਾਵਾਂ?’’ ਉਨ੍ਹਾਂ ਕਿਹਾ ਤਾਂ ਕੁਝ ਨਹੀਂ, ਪਰ ਦੋਵੇਂ ਹਲਕੇ ਜਿਹੇ ਸਰਕ ਕੇ ਬੈਠ ਗਏ। ਮੈਂ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਚੁੱਪ-ਚਾਪ ਬੈਠ ਗਈ। ਮੈਂ ਫੋਨ ਬੰਦ ਕਰ ਲਿਆ। ਮੈਂ ਆਪਣੇ ਆਪ ਨੂੰ ਟਟੋਲਣਾ ਸ਼ੁਰੂ ਹੀ ਕੀਤਾ ਸੀ ਕਿ ਬਾਬਾ ਜੀ ਦੇ ਫੋਨ ਦੀ ਬੜੀ ਜਾਣੀ-ਪਛਾਣੀ ਰਿੰਗ ਟੋਨ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ। ਉਨ੍ਹਾਂ ਮੂੰਹ ’ਤੇ ਬੰਨ੍ਹਿਆ ਪਰਨਾ ਖੋਲ ਕੇ ਆਪਣੇ ਚਿੱਟੇ ਕੁੜਤੇ ਦੇ ਗੀਝੇ (ਖੀਸੇ) ਵਿੱਚੋਂ ਨੋਕੀਆ ਦਾ ਬੜਾ ਪੁਰਾਣਾ ਫੋਨ ਕੱਢਿਆ। ਜਿਵੇਂ ਹੀ ਉਨ੍ਹਾਂ ਦਾ ਚਿਹਰਾ ਦੇਖਿਆ ਮੈਨੂੰ ਇਕਦਮ ਹੀ ਹੈਰਾਨੀ ਹੋਈ। ਦਰਅਸਲ, ਮੈਨੂੰ ਇੱਕ ਪਲ ਲਈ ਮੇਰੇ ਬਾਪੂ ਜੀ (ਦਾਦਾ ਜੀ ਜਿਨ੍ਹਾਂ ਨੂੰ ਪਿਆਰ ਨਾਲ ਹਮੇਸ਼ਾਂ ਬਾਪੂ ਜੀ ਆਖਿਆ ਕਰਦੀ ਸੀ) ਹੀ ਲੱਗੇ ਜੋ ਪੰਜ ਸਾਲ ਪਹਿਲਾਂ ਆਪਣੀ ਜੀਵਨ ਯਾਤਰਾ ਪੂਰੀ ਕਰ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਮੈਂ ਦਾਦਾ ਜੀ ਨੂੰ ਆਪਣੀ ਜ਼ਿੰਦਗੀ ਵਿੱਚੋਂ ਲੱਭਣ ਵਿੱਚ ਖੋ ਗਈ। ਮੈਂ ਆਪਣੇ ਦਾਦਕਾ ਪਰਿਵਾਰ ਵਿੱਚ ਕੁੜੀ ਹੋਣ ਕਰਕੇ ਇੱਕ ਅਣਚਾਹਿਆ ਬੱਚਾ ਸੀ, ਪਰ ਮੇਰੇ ਦਾਦਾ ਜੀ ਤੇ ਮੇਰੀ ਮਾਤਾ ਦੀ ਬੜੀ ਲਾਡਲੀ ਸੀ। ਕੁੜੀ ਦੇ ਰੂਪ ਵਿੱਚ ਮੇਰੇ ਲਈ ਨੌਂ ਜੀਆਂ ਦੇ ਪਰਿਵਾਰ ਵਿੱਚ ਆਪਣੀ ਜਗ੍ਹਾ ਬਣਾਉਣਾ ਸੌਖਾ ਨਹੀਂ ਸੀ, ਪਰ ਦਾਦਾ ਜੀ ਦੇ ਮੈਨੂੰ ਗੁਰਬਾਣੀ ਨਾਲ ਜੋੜਨ ਅਤੇ ਮੇਰੇ ਮਾਤਾ ਜੀ ਦੇ ਮੇਰੀ ਪੜ੍ਹਾਈ ਲਈ ਸਖ਼ਤ ਹੋਣ ਨੇ ਮੈਨੂੰ ਮਿਹਨਤੀ ਬਣਾ ਦਿੱਤਾ ਸੀ। ਮੇਰੇ ਲਈ ਮੇਰੇ ਦਾਦੀ ਜੀ ਤੇ ਪਿਤਾ ਸਮੇਤ ਬਾਕੀ ਪਰਿਵਾਰ ਦੀ ਬੇਰੁਖ਼ੀ ਤੇ ਬੇਲੋੜੀ ਸਖਤੀ ਨੇ ਮੈਨੂੰ ਹੌਲੀ-ਹੌਲੀ ਬਗ਼ਾਵਤੀ ਬਣਾ ਦਿੱਤਾ। ਮੇਰੇ ਦਾਦੀ ਜੀ ਮੇਰੀ ਪੜ੍ਹਾਈ ਦੇ ਖਿਲਾਫ਼ ਨਹੀਂ ਸਨ, ਪਰ ਪੱਖ ਵਿੱਚ ਨਹੀਂ ਸੀ। ਹਾਲਾਂਕਿ ਮੇਰੇ ਤੋਂ ਸੱਤ ਕੁ ਸਾਲ ਵੱਡੇ ਮੇਰੇ ਭੂਆ ਜੀ ਸਭ ਦੇ ਲਾਡਲੇ ਸਨ। ਉਹ ਸਾਡੇ ਨਾਲ ਦੇ ਹਾਈ ਸਕੂਲ ਵਿੱਚ ਦਸਵੀਂ ਕਲਾਸ ਵਿੱਚ ਪੜ੍ਹਦੇ ਸਨ, ਪਰ ਮੇਰੇ ਲਈ ਕੁੜੀ ਮੁੰਡੇ ਵਾਲਾ ਪੱਖਪਾਤ ਕਾਫ਼ੀ ਗੰਭੀਰ ਸੀ। ਮੇਰੇ ਪਿਤਾ ਜੀ ਦਾ ਡਰ ਇੰਨਾ ਸੀ ਕਿ ਉਨ੍ਹਾਂ ਨੂੰ ਕੁਝ ਕਹਿਣਾ ਮੇਰੇ ਲਈ ਕੀ, ਮੇਰੇ ਮਾਤਾ ਜੀ ਲਈ ਵੀ ਬਹੁਤ ਔਖਾ ਸੀ। ਹਾਲਾਂਕਿ ਮੇਰੇ ਪਿਤਾ ਜੀ ਆਪ ਸਕੂਲ ਅਧਿਆਪਕ ਸਨ। ਉਹ ਮੇਰੇ ਦਾਦੀ ਜੀ ਦੀ ਗੱਲ ਨੂੰ ਕਦੇ ਨਹੀਂ ਮੋੜਦੇ ਸਨ। ਉਨ੍ਹਾਂ ਦਾ ਘਰ ’ਤੇ ਰੋਅਬ ਹੀ ਇੰਨਾ ਸੀ ਤੇ ਮੇਰੇ ਦਾਦੀ ਜੀ ਦੇ ਹੁਕਮ ਨੂੰ ਟਾਲਣਾ ਉਨ੍ਹਾਂ ਲਈ ਸੰਭਵ ਹੀ ਨਹੀਂ ਸੀ। ਮੇਰੇ ਦਾਦਾ ਜੀ ਮੈਨੂੰ ਅਤੇ ਮੇਰੇ ਵੱਡੇ ਵੀਰ ਨੂੰ ਸਕੂਲ ਵਿੱਚ ਆਪ ਛੱਡ ਕੇ ਆਉਂਦੇ ਅਤੇ ਰਾਹ ਜਾਂਦੇ ਸਾਨੂੰ ਨਿੱਕੀਆਂ-ਨਿੱਕੀਆਂ ਸਾਖੀਆਂ ਸੁਣਾਉਂਦੇ ਜਾਂਦੇ। ਪੰਜਵੀਂ ਕਲਾਸ ਤੱਕ ਉਨ੍ਹਾਂ ਮੈਨੂੰ ਸਕੂਲ ਛੱਡਣਾ ਅਤੇ ਲੈ ਕੇ ਆਉਣਾ। 1995 ਵਿੱਚ ਪੰਜਵੀਂ ਕਲਾਸ ਦਾ ਬੋਰਡ ਹੁੰਦਾ ਸੀ। ਮੇਰੇ ਪੰਜਵੀਂ ਕਲਾਸ ਦੇ ਇਮਤਿਹਾਨ ਲਈ ਬੋਰਡ ਸਾਡੇ ਪਿੰਡ ਦੇ ਲਾਗਲੇ ਪਿੰਡ ਦੇ ਸਕੂਲ ਹੀ ਬਣਦਾ ਸੀ। ਸੋ ਸਵਾਲ ਸੀ ਕਿ ਮੈਨੂੰ ਇਮਤਿਹਾਨ ਲਈ ਕੌਣ ਲੈ ਕੇ ਜਾਵੇ। ਮੇਰੀ ਕਲਾਸ ਦੀਆਂ ਸਭ ਸਾਥਣਾਂ ਨੇ ਆਪੋ-ਆਪਣਾ ਦੱਸਿਆ ਕਿ ਉਨ੍ਹਾਂ ਨੂੰ ਕੌਣ ਅਤੇ ਕਿਵੇਂ ਲੈ ਕੇ ਜਾਵੇਗਾ, ਪਰ ਮੈਂ ਨਿਰਾਸ਼ ਸੀ ਕਿ ਮੇਰੇ ਪੇਪਰ ਹੋਣਗੇ ਵੀ ਜਾਂ ਨਹੀਂ? ਅਖੀਰ ਘਰ ਕਾਫ਼ੀ ਵਿਵਾਦ ਤੋਂ ਬਾਅਦ ਬਾਪੂ ਜੀ ਨੇ ਆਪਣਾ ਫ਼ੈਸਲਾ ਸੁਣਾਇਆ ਕਿ ਉਹ ਮੈਨੂੰ ਲੈ ਕੇ ਜਾਣਗੇ। ਸੋ ਮੈਨੂੰ ਪੇਪਰ ਦਿਵਾਉਣ ਦਾਦਾ ਜੀ ਸਾਈਕਲ ’ਤੇ ਲੈ ਕੇ ਜਾਂਦੇ ਤੇ ਪੇਪਰ ਹੋਣ ਤੱਕ ਉੱਥੇ ਹੀ ਖੜ੍ਹੇ ਰਹਿੰਦੇ। ਘਰ ਆ ਕੇ ਮੈਂ ਮਾਤਾ ਜੀ ਨੂੰ ਸਾਰੇ ਸਵਾਲ ਦੱਸਣੇ। ਪੂਰੇ ਦੋ ਮਹੀਨੇ ਬਾਅਦ ਮੇਰਾ ਨਤੀਜਾ ਆਇਆ ਤਾਂ ਮੈਂ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਉਸ ਸਮੇਂ ਪਹਿਲੀ ਪੁਜ਼ੀਸ਼ਨ ਹਾਸਲ ਕਰਨਾ ਬਹੁਤ ਵੱਡੀ ਗੱਲ ਸੀ। ਮੇਰਾ ਨਤੀਜਾ ਦੇਖ ਕੇ ਪਹਿਲੀ ਵਾਰ ਮੇਰੇ ਪਿਤਾ ਜੀ ਨੇ ਮੈਨੂੰ ਸ਼ਾਬਾਸ਼ ਦਿੱਤੀ ਸੀ। ਉਸ ਦਿਨ ਤੋਂ ਮੇਰੇ ਪਿਤਾ ਜੀ ਮੇਰੀ ਪੜ੍ਹਾਈ ਵਿੱਚ ਦਿਲਚਸਪੀ ਲੈਣ ਲੱਗ ਗਏ ਸਨ। ਸੋ ਮੈਨੂੰ ਛੇਵੀਂ ਕਲਾਸ ਵਿੱਚ ਦਾਖਲ ਕਰਵਾਇਆ ਗਿਆ, ਪਰ ਮੇਰੇ ਦਾਦੀ ਜੀ ਤੇ ਪਿਤਾ ਜੀ ਦਾ ਮੇਰੇ ’ਤੇ ਅਨੁਸ਼ਾਸਨ ਹੋਰ ਵੀ ਸਖ਼ਤ ਹੋ ਗਿਆ ਸੀ। ਹੁਣ ਹਫ਼ਤੇ ਦੇ ਛੇ ਦਿਨ ਸਕੂਲ ਦੀ ਵਰਦੀ ਤੇ ਵਰਦੀ ਨਾਲ ਚੁੰਨੀ ਦੀ ਤਾਕੀਦ ਹੋ ਗਈ ਸੀ। ਮੇਰੇ ਲਈ ਇਹ ਖ਼ੁਸ਼ੀ ਦੀ ਗੱਲ ਸੀ ਕਿ ਮੈਨੂੰ ਘਰ ਵਿੱਚ ਮੇਰੀ ਜਗ੍ਹਾ ਬਣਾਉਣ ਦਾ ਰਾਹ ਲੱਭ ਗਿਆ ਸੀ। ਮੈਂ ਸਭ ਸ਼ਰਤਾਂ ਮੰਨਣ ਦੇ ਨਾਲ-ਨਾਲ ਹੁਣ ਹੋਰ ਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਹੁਣ ਮੈਂ ਤੇ ਵੀਰਾ ਇਕੱਲੇ ਇਕੱਠੇ ਸਕੂਲ ਜਾਂਦੇ। ਦਾਦਾ ਜੀ ਰਾਤ ਨੂੰ ਰੋਟੀ ਤੋਂ ਬਾਅਦ ਆਪਣੀਆਂ ਲੱਤਾਂ ਘੁਟਾਉਂਦੇ ਤੇ ਨਾਲੇ ਸਾਖੀਆਂ ਸੁਣਾਉਂਦੇ। ਵੀਰ ਜੀ ਮੇਰੇ ਤੋਂ ਇੱਕ ਕਲਾਸ ਅੱਗੇ ਸੀ ਤੇ ਛੇਵੀਂ ਕਲਾਸ ਵਿੱਚੋਂ ਉਹ ਫਸਟ ਆਏ। ਸੋ ਮੇਰਾ ਹੁਣ ਇੱਕੋ-ਇੱਕ ਉਦੇਸ਼ ਬਣ ਗਿਆ ਸੀ ਕਿ ਇਸ ਕਲਾਸ ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰ ਕੇ ਘਰ ਵਿੱਚ ਆਪਣੇ ਕੁੜੀ ਹੋਣ ਦੀ ਸੋਚ ਨੂੰ ਹਰਾਉਣਾ ਸੀ। ਪਰ ਇਹ ਸਭ ਇੰਨਾ ਸੌਖਾ ਨਹੀਂ ਸੀ। ਮੈਂ ਬਹੁਤ ਸਖ਼ਤ ਮਿਹਨਤ ਕੀਤੀ ਤੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ, ਪਰ ਮੇਰੇ ਨੰਬਰ ਵੀਰ ਦੇ ਨੰਬਰਾਂ ਤੋਂ ਘੱਟ ਸੀ। ਮੇਰੇ ਲਈ ਪੜ੍ਹਾਈ ਦੇ ਇਮਤਿਹਾਨ ਦੇ ਨਾਲ-ਨਾਲ ਹਾਲਾਤ ਤੇ ਸਮਾਜ ਵਿੱਚ ਕੁੜੀ ਬਣ ਕੇ ਪੈਦਾ ਹੋਣ ਦੇ ਇਮਤਿਹਾਨ ਵੀ ਸ਼ੁਰੂ ਹੋ ਚੁੱਕੇ ਸਨ। ਜਿਵੇਂ-ਜਿਵੇਂ ਮੇਰੇ ਕਦਮ ਅੱਲ੍ਹੜ ਉਮਰ ਵੱਲ ਵਧ ਰਹੇ ਸਨ, ਮੇਰੇ ਲਈ ਨਿਯਮ ਹੋਰ ਵੀ ਕਰੜੇ ਹੋ ਗਏ ਸੀ। ਇਨ੍ਹਾਂ ਨਿਯਮਾਂ ਦੇ ਵਿਰੁੱਧ ਮੇਰਾ ਪਹਿਲਾ ਬਗ਼ਾਵਤੀ ਫ਼ੈਸਲਾ ਸੀ ਖੋ-ਖੋ ਦੀ ਟੀਮ ਵਿੱਚ ਹਿੱਸਾ ਲੈਣਾ। ਇਸ ਵਿੱਚ ਮੇਰਾ ਸਾਥ ਮੇਰੀ ਮਾਤਾ ਜੀ, ਮੇਰੀ ਸਕੂਲ ਪੀ.ਟੀ. ਮੈਡਮ ਪਰਮਜੀਤ ਕੌਰ ਤੇ ਹਿੰਦੀ ਅਧਿਆਪਕ ਸ੍ਰੀ ਕ੍ਰਿਸ਼ਨ ਚੰਦ ਜੀ ਨੇ ਬਹੁਤ ਦਿੱਤਾ। ਜਦੋਂ ਖੋ-ਖੋ ਦੀ ਟੀਮ ਲਈ ਚੋਣ ਹੋ ਰਹੀ ਸੀ। ਮੇਰੇ ਪਿਤਾ ਜੀ ਦੀ ਡਿਊਟੀ ਮੇਰੇ ਸਕੂਲ ਵਿੱਚ ਸਕੂਲ ਦੇ ਖੇਡ ਟੂਰਨਾਮੈਂਟ ਵਿੱਚ ਸੀ। ਮੈਡਮ ਪਰਮਜੀਤ ਤੇ ਸ੍ਰੀ ਕ੍ਰਿਸ਼ਨ ਚੰਦ ਜੀ ਨੇ ਪਿਤਾ ਜੀ ਨੂੰ ਮੈਨੂੰ ਖੋ-ਖੋ ਦੀ ਖੇਡ ਵਿੱਚ ਹਿੱਸਾ ਦਿਵਾਉਣ ਲਈ ਮਨਾ ਲਿਆ ਸੀ। ਮੇਰਾ ਕੱਦ ਸਭ ਤੋਂ ਛੋਟਾ ਹੋਣ ਕਾਰਨ ਮੈਨੂੰ ਖੋ-ਖੋ ਵਿੱਚ ਫੜਨਾ ਆਸਾਨ ਨਹੀਂ ਸੀ। ਸੋ ਮੈਨੂੰ ਚੁਣ ਲਿਆ ਗਿਆ ਅਤੇ ਸਾਡਾ ਪਹਿਲਾ ਮੁਕਾਬਲਾ ਜ਼ੋਨ ਪੱਧਰ ’ਤੇ ਦਾਨਗੜ੍ਹ ਸਕੂਲ ਵਿੱਚ ਸੀ। ਜ਼ੋਨ ਦਾ ਮੁਕਾਬਲਾ ਬਹੁਤ ਸ਼ਾਨਦਾਰ ਰਿਹਾ ਸੀ। ਸਾਡੀ ਟੀਮ ਜਿੱਤ ਗਈ ਸੀ। ਜਿੱਤਣ ਤੋਂ ਬਾਅਦ ਦੂਸਰੇ ਦਿਨ ਸਕੂਲ ਦੀ ਸਵੇਰ ਦੀ ਸਭਾ ਵਿੱਚ ਸਾਡੀ ਪੂਰੀ ਟੀਮ ਨੂੰ ਸਟੇਜ ’ਤੇ ਖੜ੍ਹਾ ਕਰ ਲਿਆ ਤੇ ਸਭ ਨੂੰ ਇੱਕ ਸਨਮਾਨ ਚਿੰਨ੍ਹ ਤੇ ਜ਼ੋਨ ਦਾ ਸਰਟੀਫਿਕੇਟ ਦੇਣਾ ਸੀ। ਮੇਰੇ ਨਾਲ ਟੀਮ ਵਿੱਚ ਇੱਕ ਕੁੜੀ ਸੀ ਜਿਸ ਦਾ ਨਾਮ ਸੀ ਗੁਰਪ੍ਰੀਤ ਜੋ ਸਭ ਤੋਂ ਵੱਧ ਕਾਬਲ ਖਿਡਾਰਨ ਸੀ ਅਤੇ ਉਸ ਦੀ ਬਦੌਲਤ ਸਾਡੀ ਟੀਮ ਇੰਨੀ ਵਧੀਆ ਖੇਡ ਸਕੀ ਸੀ। ਜਦੋਂ ਉਸ ਦਾ ਨਾਮ ਬੋਲਿਆ ਗਿਆ ਤਾਂ ਉਸ ਦੀ ਜਗ੍ਹਾ ਦੂਜੀ ਗੁਰਪ੍ਰੀਤ ਨੂੰ ਸਰਟੀਫਿਕੇਟ ਦਿੱਤਾ ਗਿਆ ਜੋ ਪਿੰਡ ਦੇ ਸਰਪੰਚ ਦੀ ਪੋਤੀ ਤੇ ਪੀ.ਟੀ. ਮੈਡਮ ਦੀ ਰਿਸ਼ਤੇਦਾਰ ਸੀ। ਅਸੀਂ ਸਭ ਹੈਰਾਨ ਸੀ। ਮੈਂ ਗੁਰਪ੍ਰੀਤ ਦਾ ਉਤਰਿਆ ਚਿਹਰਾ ਤੇ ਭਰੀਆਂ ਅੱਖਾਂ ਦੇਖੀਆਂ। ਮੈਂ ਬਾਅਦ ਵਿੱਚ ਉਸ ਤੋਂ ਪੁੱਛਿਆ, ‘‘ਪ੍ਰੀਤ ਤੇਰਾ ਸਰਟੀਫਿਕਟ ਉਸ ਨੂੰ ਕਿਉਂ ਦਿੱਤਾ? ਤੂੰ ਘਰ ਦੱਸ।’’ ਤਾਂ ਉਸ ਨੇ ਕਿਹਾ, ‘‘ਸੁੱਖੀ ਮੈਡਮ ਨੇ ਮੈਨੂੰ ਪੇਪਰਾਂ ਵਿੱਚ ਪਾਸ ਕਰਨ ਦਾ ਵਾਅਦਾ ਕੀਤਾ ਤੇ ਤੈਨੂੰ ਪਤਾ ਮੇਰਾ ਇਸ ਵਾਰ ਪਾਸ ਹੋਣਾ ਬਹੁਤ ਜ਼ਰੂਰੀ ਹੈ। ਇਸ ਵਾਰ ਮੇਰਾ ਅੱਠਵੀਂ ਦਾ ਬੋਰਡ ਦਾ ਪੇਪਰ ਹੈ। ਜੇ ਮੈਂ ਪਾਸ ਨਾ ਹੋਈ ਤਾਂ ਮੈਨੂੰ ਘਰ ਦੇ ਸਕੂਲ ਵਿੱਚੋਂ ਹਟਾ ਲੈਣਗੇ।’’ ਉਸ ਦੇ ਇਸ ਜਵਾਬ ਨੇ ਮੈਨੂੰ ਬਹੁਤ ਬੇਬਸ ਤੇ ਉਦਾਸ ਕਰ ਦਿੱਤਾ। ਮੈਂ ਖੋ-ਖੋ ਵਿੱਚੋਂ ਆਪਣਾ ਨਾਮ ਵਾਪਸ ਲੈ ਲਿਆ। ਮੈਂ ਫੇਰ ਤੋਂ ਪੜ੍ਹਾਈ ਵਿੱਚ ਜੁਟ ਗਈ। ਇਸੇ ਦੌਰਾਨ ਮੇਰੇ ਦਾਦੀ ਜੀ ਦੇ ਕਹਿਣ ’ਤੇ ਮੇਰੇ ਪਾਪਾ ਜੀ ਨੇ ਮੇਰੇ ਹੀ ਸਕੂਲ ਵਿੱਚ ਬਦਲੀ ਕਰਵਾ ਲਈ ਤੇ ਮੇਰੀ ਰਹੀ ਸਹੀ ਆਜ਼ਾਦੀ ਵੀ ਪਾਪਾ ਜੀ ਦੇ ਮੇਰੇ ਲਈ ਬਣਾਏ ਅਸੂਲਾਂ ਤੇ ਨਿਯਮਾਂ ਦੀ ਭੇਟ ਚੜ੍ਹ ਗਈ। ਮੈਂ ਹਰ ਸਾਲ ਕਲਾਸ ਵਿੱਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰਨੀ ਇਸ ਉਮੀਦ ਨਾਲ ਕਿ ਮੇਰੀ ਘਰ ਵਿੱਚ ਇੱਕ ਪਛਾਣ ਬਣ ਸਕੇ ਅਤੇ ਪਾਪਾ ਮੇਰੇ ’ਤੇ ਮਾਣ ਕਰ ਸਕਣ। ਮੇਰਾ ਛੇ ਦਿਨ ਸਕੂਲ ਦੀ ਵਰਦੀ ਵਿੱਚ ਰਹਿਣਾ ਅਤੇ ਸਿਰ ’ਤੇ ਚੁੰਨੀ ਰੱਖਣਾ ਪੂਰੀ ਕਲਾਸ ਲਈ ਮੇਰਾ ਮਜ਼ਾਕ ਬਣਾਉਣ ਲਈ ਕਾਫ਼ੀ ਸੀ। ਮੈਂ ਦਸਵੀਂ ਕਲਾਸ ਵਿੱਚ ਦਾਖ਼ਲ ਹੋਈ ਤਾਂ ਮੇਰੀ ਚਿੰਤਾ ਹੋਰ ਵਧ ਗਈ ਸੀ ਕਿ ਪਾਪਾ ਕੀ ਮੈਨੂੰ ਅੱਗੇ ਦਾਖ਼ਲ ਕਰਵਾਉਣਗੇ? ਇੱਕ ਦਿਨ ਮੇਰੀ ਲੜਾਈ ਮੇਰੇ ਨਾਲ ਪੜ੍ਹਦੀ ਸਰਪੰਚ ਦੀ ਪੋਤੀ ਨਾਲ ਹੋ ਗਈ। ਉਸ ਨੇ ਮੇਰਾ ਮਜ਼ਾਕ ਉਡਾਉਂਦਿਆਂ ਕਿਹਾ, ‘‘ਉਏ ਪੜਾਕੂ, ਤੂੰ ਇੰਨਾ ਪੜ੍ਹ ਕੇ ਕੀ ਕਰਨਾ? ਤੇਰੇ ਘਰਦਿਆਂ ਤੈਨੂੰ ਘਰ ਤੋਂ ਬਾਹਰ ਤਾਂ ਕੱਢਣਾ ਨਹੀਂ। ਦੇਖੀਂ ਤੇਰਾ ਵਿਆਹ ਕਰ ਦੇਣਾ।’’ ਇੰਨਾ ਕਹਿ ਉਸ ਨੇ ਮੇਰੀ ਕਾਪੀ ਮੇਰੇ ਹੱਥੋਂ ਖੋਹ ਲਈ। ਮੈਨੂੰ ਗੁੱਸਾ ਤਾਂ ਸੀ, ਪਰ ਮੈਂ ਬਗ਼ਾਵਤੀ ਵੀ ਸਿਰੇ ਦੀ ਬਣ ਗਈ ਸੀ। ਮੈਂ ਉਸ ਦੇ ਥੱਪੜ ਜੜ੍ਹ ਦਿੱਤੇ। ਇਸ ਗੱਲ ਨੇ ਘਰ ਮੇਰੇ ਲਈ ਨਿਯਮ ਹੋਰ ਵੀ ਸਖ਼ਤ ਕਰ ਦਿੱਤੇ। ਬਾਪੂ ਜੀ ਮੇਰੀ ਇਸ ਹਰਕਤ ਤੋਂ ਨਾਰਾਜ਼ ਹੋ ਗਏ ਤੇ ਮਾਤਾ ਜੀ ਨੇ ਮੇਰੀ ਗੱਲ੍ਹ ’ਤੇ ਜ਼ੋਰਦਾਰ ਥੱਪੜ ਦਾ ਇਨਾਮ ਛਾਪ ਦਿੱਤਾ ਸੀ। ਦਾਦੀ ਜੀ ਤੇ ਭੂਆ ਜੀ ਨੂੰ ਮੇਰੇ ਖਿਲਾਫ਼ ਪਾਪਾ ਜੀ ਦੇ ਕੰਨ ਭਰਨ ਦਾ ਮੌਕਾ ਮਿਲ ਗਿਆ। ਪਾਪਾ ਜੀ ਨੇ ਸਭ ਨੂੰ ਫ਼ੈਸਲਾ ਸੁਣਾ ਦਿੱਤਾ ਕਿ ਸੁਖਪਾਲ ਦਸਵੀਂ ਤੋਂ ਬਾਅਦ ਘਰ ਹੀ ਪ੍ਰਾਈਵੇਟ ਪੜ੍ਹੇਗੀ। ਇਸ ਗੱਲ ਨੇ ਮੇਰਾ ਦਿਲ ਤੋੜ ਕੇ ਰੱਖ ਦਿੱਤਾ। ਮੇਰੀ ਇਕਲੌਤੀ ਸਹੇਲੀ ਪ੍ਰਦੀਪ ਨੇ ਮੈਨੂੰ ਬਹੁਤ ਹੌਸਲਾ ਦਿੱਤਾ, ਪਰ ਉਸ ਦਾ ਵੀ ਘਰਦਿਆਂ ਨੇ ਦਸਵੀਂ ਤੋਂ ਬਾਅਦ ਵਿਆਹ ਕਰ ਦਿੱਤਾ ਤੇ ਮੈਨੂੰ ਉਹ ਮੁੜ ਕਦੀ ਨਹੀਂ ਮਿਲੀ। ਮੈਂ ਵੀ ਬਗ਼ਾਵਤੀ ਸੀ। ਸੋ ਮੈਂ ਬਹੁਤ ਸਖ਼ਤ ਮਿਹਨਤ ਕਰਨੀ ਸ਼ੁਰੂ ਕੀਤੀ ਇਸ ਉਮੀਦ ’ਤੇ ਕਿ ਜੇ ਮੇਰਾ ਨਾਮ ਮੈਰਿਟ ਵਿੱਚ ਆ ਗਿਆ ਤਾਂ ਮੈਨੂੰ ਅੱਗੇ ਪੜ੍ਹਾਇਆ ਜਾਵੇਗਾ। ਇਸ ਦੌਰਾਨ ਹੀ ਮੇਰੇ ਚਾਚਾ ਜੀ ਦਾ ਵਿਆਹ ਹੋ ਗਿਆ ਤੇ ਮੇਰੇ ਚਾਚੀ ਜੀ ਐਮ.ਏ., ਬੀ.ਐਡ. ਸਨ। ਇਸ ਗੱਲ ਦਾ ਮੈਨੂੰ ਬਹੁਤ ਲਾਭ ਮਿਲਿਆ। ਆਪਣੀ ਮਿਹਨਤ ਸਦਕਾ ਮੈਂ ਜ਼ਿਲ੍ਹੇ ਵਿੱਚ ਤਾਂ ਨਹੀਂ, ਪਰ ਕਲੱਸਟਰ ਵਿੱਚੋਂ ਟੌਪ ਕਰ ਲਿਆ ਸੀ। ਉਸ ਸਮੇਂ ਦੇ ਐਮ.ਐਲ.ਏ. ਨੇ ਮੈਨੂੰ ਟਰਾਫੀ ਨਾਲ ਸਨਮਾਨਿਤ ਕੀਤਾ ਤੇ ਇਸ ਗੱਲ ਦਾ ਪਾਪਾ ਜੀ ’ਤੇ ਬੜਾ ਚਮਤਕਾਰੀ ਅਸਰ ਪਿਆ। ਮੇਰੇ ਲਈ ਸੰਗਰੂਰ ਅਕਾਦਮੀ ਅਤੇ ਨੇੜੇ ਦੇ ਵਧੀਆ ਸਕੂਲਾਂ ਵਿੱਚੋਂ ਪੱਤਰ ਆਏ। ਪਾਪਾ ਜੀ ਨੇ ਮੇਰਾ ਦਾਖਲਾ ਕਾਫ਼ੀ ਵਿਵਾਦ ਤੋਂ ਬਾਅਦ ਨੇੜੇ ਦੇ ਧਨੌਲਾ ਦੇ ਕੁੜੀਆਂ ਦੇ ਸਕੂਲ ਵਿੱਚ ਕਰਵਾ ਦਿੱਤਾ। ਮੈਂ ਇੱਥੋਂ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਤੇ ਬਾਪੂ ਜੀ ਦੇ ਕਮਰੇ ਦੀ ਕੰਨਸ ’ਤੇ ਪਈਆਂ ਸਾਹਿਤਕ ਕਿਤਾਬਾਂ ਨੂੰ ਸਮਝਣਾ ਸ਼ੁਰੂ ਕੀਤਾ। ਉਹ ਅਕਸਰ ਕਹਿੰਦੇ ਸੀ, ‘‘ਪੁੱਤ, ਤੇਰੀ ਲੰਮੇਰੀ ਵਾਟ ਬਾਕੀ ਹੈ।’’
ਮੇਰੇ ਖਿਆਲਾਂ ਦੀ ਲ਼ੜੀ ਉਦੋਂ ਟੁੱਟੀ ਜਦੋਂ ਉਨ੍ਹਾਂ ਵਰਗੇ ਹੀ ਉਸ ਬਜ਼ੁਰਗ ਦਾ ਫ਼ੋਨ ਦੁਬਾਰਾ ਖੜਕਿਆ। ਮੈਂ ਬਾਪੂ ਜੀ ਵੱਲ ਬੜੇ ਗਹੁ ਤੇ ਅਪਣੱਤ ਨਾਲ ਤੱਕਿਆ ਤਾਂ ਉਹ ਮੁਸਕਰਾ ਪਏ। ਮੈਂ ਅੱਖਾਂ ਭਰ ਲਈਆਂ ਤੇ ਨੀਵੀਂ ਪਾ ਲਈ। ਬਾਪੂ ਬੜੇ ਪਿਆਰ ਨਾਲ ਬੋਲਿਆ, ‘‘ਕੀ ਗੱਲ ਪੁੱਤ ਕੁਝ ਦੁਖਦਾ? ਦਵਾਈ ਲੈਣ ਆਈ ਹੈਂ? ਨਾਲ ਨਹੀਂ ਕੋਈ ਆਇਆ?’’ ਮੇਰਾ ਰੋਣਾ ਨਿਕਲ ਪਿਆ। ਮੈਂ ਹੰਝੂ ਸਾਫ਼ ਕਰਦਿਆਂ ਕਿਹਾ, ‘‘ਤੁਹਾਨੂੰ ਦੇਖ ਮੈਨੂੰ ਮੇਰੇ ਬਾਪੂ (ਦਾਦਾ) ਜੀ ਯਾਦ ਆ ਗਏ।’’ ਉਨ੍ਹਾਂ ਬੜੇ ਪਿਆਰ ਨਾਲ ਮੇਰਾ ਸਿਰ ਪਲੋਸਿਆ ਤੇ ਕਿਹਾ, ‘‘ਚਲੇ ਗਿਆਂ ਦੀ ਵਾਟ ਤਾਂ ਕੱਟ ਗਈ ਸੀ। ਪਰ ਤੇਰੀ ਤਾਂ ਬੜੀ ਲੰਮੇਰੀ ਹੈ। ਤੂੰ ਤਾਂ ਹਾਲੇ ਤੁਰਨਾ।’’ ਇੰਨਾ ਕਹਿ ਉਹ ਬਜ਼ੁਰਗ ਜੋੜਾ ਚਲਾ ਗਿਆ ਸੀ। ਮੈਨੂੰ ਸੱਚਮੁੱਚ ਸਬਦਾਂ ਦੀ ਢਾਰਸ ਮਿਲ ਗਈ ਸੀ। ਆਪਮੁਹਾਰੇ ਮੇਰੇ ਕੋਲੋਂ ਲਿਖਿਆ ਗਿਆ:
ਅਜੇ ਤਾਂ ਤੁਰਨਾ ਬਾਕੀ ਏ,
ਅਜੇ ਲੰਮੇਰੀ ਵਾਟ ਬਾਕੀ ਏ,
ਜ਼ਿੰਦਗੀ ਦੀ ਨੋਕ ਤਿੱਖੀ ਏ,
ਪਰ ਕਦਮਾਂ ’ਚ ਜਾਨ ਬਾਕੀ ਏ…।
ਸੰਪਰਕ: 88729-47500