ਨਵੀਂ ਦਿੱਲੀ, 17 ਅਕਤੂਬਰ
ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਐਤਵਾਰ ਨੂੰ ਕਿਹਾ ਕਿ ਹਰੇਕ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਵਿੱਚ ਖੁਸ਼ੀ ਤੇ ਖੁਸ਼ਹਾਲੀ ਯਕੀਨੀ ਬਣਾਉਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਉਦੇਸ਼ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਨਕਵੀ ਨੇ ਉਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਮਹਾਤਮਾ ਗਾਂਧੀ ਸਟੇਡੀਅਮ ਵਿੱਚ ਅਪਾਹਜਾਂ ਅਤੇ ਬਿਰਧਾਂ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਟ ਕਰਦਿਆਂ ਇਹ ਗੱਲ ਆਖੀ। ਇਸ ਮੌਕੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਏ ਨਰਾਇਣਗਵਾਮੀ ਵੀ ਮੌਜੂਦ ਸਨ।
ਅਧਿਕਾਰਿਤ ਬਿਆਨ ਅਨੁਸਾਰ ਕਾਨਪੁਰ ਦੇ ਅਲਿਮਕੋ ਨੇ ਅਪਾਹਜਾਂ ਤੇ ਬਿਰਧ ਵਿਅਕਤੀਆਂ ਨੂੰ ਟ੍ਰਾਈਸਾਈਕਲ, ਵੀਲ੍ਹਚੇਅਰ, ਵਾਕਰ ਅਤੇ ਸੁਣਨ ਵਾਲੇ ਯੰਤਰ ਭੇਟ ਕੀਤੇ। ਇਹ ਸਾਮਾਨ ਰਾਮਪੁਰ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਅਕਤੀਆਂ ਨੂੰ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਦੀ ਏਡੀਆਈਪੀ ਅਤੇ ਰਾਸ਼ਟਰੀ ਵਯੋਸ਼ਰੀ ਯੋਜਨਾ ਤਹਿਤ ਮੁਹੱਈਆ ਕਰਵਾਇਆ ਗਿਆ।
ਨਕਵੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਸੱਤ ਵਰ੍ਹਿਆਂ ਵਿੱਚ ਚੰਗੇ ਸ਼ਾਸਨ, ਤਰੱਕੀ ਅਤੇ ਸਮਾਜ ਦੇ ਕਮਜ਼ੋਰ ਤਬਕੇ ਦੇ ਸਸ਼ਕਤੀਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਦੌਰਾਨ ਨਕਵੀ ਨੇ ਰਾਮਪੁਰ ਵਿੱਚ ਨੁਮਾਇਸ਼ ਮੈਦਾਨ ਵਿੱਚ ‘ਹੁਨਰ ਹੱਟ’ ਦਾ ਦੌਰਾ ਕੀਤਾ। -ਪੀਟੀਆਈ