ਤਜਿੰਦਰ
ਪਿਛਲੇ ਲਗਭਗ ਦੋ ਦਹਾਕਿਆਂ ਵਿਚ ਕੱਪੜਾ ਸਨਅਤ ਵਿਚ ਸਸਤੇ ‘ਬਰੈਂਡਡ’ ਤੇ ‘ਸੁੱਟਣਯੋਗ’ ਕੱਪੜਿਆਂ ਦੀ ਪੈਦਾਵਾਰ ਵਿਚ ਲਗਭਗ 400% ਦਾ ਵਾਧਾ ਹੋਇਆ ਹੈ। ਫੈਸ਼ਨ ਸਨਅਤ ਵਿਚ ਇਸ ਨੂੰ ‘ਫਾਸਟ ਫੈਸ਼ਨ’ ਕਿਹਾ ਜਾਂਦਾ ਹੈ। ਇਸ ਸਨਅਤ ਦੁਆਰਾ ਹਰ ਸਾਲ ਜਿੰਨਾ ਕੱਪੜਾ ਪੈਦਾ ਕੀਤਾ ਜਾਂਦਾ ਹੈ, ਉਸ ਨਾਲ ਸੰਸਾਰ ਦੇ ਹਰ ਸ਼ਖ਼ਸ ਦੇ ਹਿੱਸੇ 10 ਕੱਪੜੇ ਆਉਂਦੇ ਹਨ ਪਰ ਕਿਉਂਕਿ ਸਰਮਾਏਦਾਰੀ ਵਿਚ ਪੈਦਾਵਾਰ ਦਾ ਮਕਸਦ ਕੁੱਲ ਸਮਾਜ ਦੀਆਂ ਲੋੜਾਂ ਨਹੀਂ ਸਗੋਂ ਮੁਨਾਫਾ ਹੁੰਦਾ ਹੈ, ਇਸ ਲਈ ਇਹ ਅਖੌਤੀ ਸਸਤਾ ਕੱਪੜਾ ਵੀ ਮੱਧਵਰਗ ਦੀ ਖਪਤ ਖਾਸ ਤੌਰ ’ਤੇ ਪੱਛਮੀ ਤੇ ਯੂਰੋਪੀਅਨ ਮੱਧਵਰਗ ਲਈ ਹੀ ਪੈਦਾ ਕੀਤਾ ਜਾਂਦਾ ਹੈ।
ਸਰਮਾਏਦਾਰੀ ਨਿਜ਼ਾਮ ਵਿਚ ਬੰਦੇ ਦੀ ਹੋਂਦ ਨੂੰ ਜਿਣਸਾਂ ਤੱਕ ਘਟਾ ਦਿੱਤਾ ਜਾਂਦਾ ਹੈ। ਹੈਸੀਅਤ ਜਿਣਸਾਂ ਰਾਹੀਂ ਮਾਪੀ ਜਾਂਦੀ ਹੈ, ਮਨੁੱਖਾਂ ਵਿਚਕਾਰ ਸਬੰਧ ਜਿਣਸਾਂ ਵਿਚਕਾਰ ਸਬੰਧ ਦਾ ਰੂਪ ਲੈ ਲੈਂਦੇ ਹਨ। ਤੁਸੀਂ ਜਿੰਨੀਆਂ ਜਿਣਸਾਂ ਦੇ ਮਾਲਕ ਹੋ, ਸਮਾਜ ਵਿਚ ਤੁਹਾਡੀ ਹੈਸੀਅਤ ਓਨੀ ਹੀ ਉੱਚੀ ਹੈ। ਸਮਾਜ ਦੇ ਇੱਕ ਹਿੱਸੇ ਲਈ ਖਰੀਦਦਾਰੀ ਸ਼ੌਕ ਹੈ। ਇਹ ਤਬਕਾ ਜਿਣਸਾਂ ਇਸ ਲਈ ਨਹੀਂ ਖਰੀਦਦਾ ਕਿ ਉਸ ਨੂੰ ਇਸ ਦੀ ਲੋੜ ਹੈ ਸਗੋਂ ਅਕੇਵੇਂ, ਬੇਗਾਨਗੀ ਤੇ ਸੱਖਣੇਪਣ ਦੇ ਰੋਗ ਨਾਲ ਪੀੜਤ ਇਹ ਤਬਕਾ ਖਰੀਦਦਾਰੀ ਰਾਹੀਂ ਆਪਣੀ ਜ਼ਿੰਦਗੀ ਵਿਚ ਰੋਮਾਂਚ ਪੈਦਾ ਕਰਦਾ ਹੈ। ਇੱਕ ਸਰਵੇਖਣ ਅਨੁਸਾਰ, ਔਸਤ ਅਮਰੀਕੀ ਪਹਿਲਾਂ ਸਾਲ ਵਿਚ 10-12 ਕੱਪੜੇ ਖਰੀਦਦਾ ਸੀ ਪਰ ਹੁਣ ਇਹ ਗਿਣਤੀ ਲਗਭਗ 68 ਹੋ ਗਈ ਹੈ। ‘ਹਾਈ ਫੈਸ਼ਨ’ ਬਰੈਂਡ ਦੁਆਰਾ ਤਿਆਰ ਕੀਤੇ ਕੱਪੜੇ ਤੱਕ ਸਿਰਫ ਉੱਪਰਲੀ ਜਮਾਤ ਦੀ ਪਹੁੰਚ ਹੁੰਦੀ ਹੈ। ਕੱਪੜਾ ‘ਡਿਜ਼ਾਇਨ’ ਕਰਨ ਤੋਂ ਤਿਆਰ ਕਰਨ ਤੇ ਫਿਰ ‘ਫੈਸ਼ਨ ਸ਼ੋਅ’ ਆਦਿ ਰਾਹੀਂ ਮਸ਼ਹੂਰੀਆਂ ਦੀ ਲੰਮੀ ਪ੍ਰਕਿਰਿਆ ਤੋਂ ਬਾਅਦ ਵਿਕਣ ਲਈ ਬਾਜ਼ਾਰ ਵਿਚ ਆਉਂਦਾ ਹੈ। ‘ਫਾਸਟ ਫੈਸ਼ਨ’ ਬਰੈਂਡ ਦੁਆਰਾ ਦਿੱਖ ਪੱਖੋਂ ‘ਹਾਈ ਫੈਸ਼ਨ’ ਵਰਗੇ ਕੱਪੜਿਆਂ ਨੂੰ ਮੁਕਾਬਲਤਨ ਘੱਟ ਕੀਮਤ ਤੇ ਅਤੇ ਬਹੁਤ ਜਲਦੀ ਬਾਜ਼ਾਰ ਵਿਚ ਵਿਕਣ ਲਈ ਲਿਆਂਦਾ ਜਾਂਦਾ ਹੈ। ਕਿਸੇ ਮਸ਼ਹੂਰ ਹਸਤੀ ਦੁਆਰਾ ਪਾਏ ਨਵੇਂ ‘ਫੈਸ਼ਨ’ ਦੇ ਕੱਪੜੇ ਜਿਸ ਨੂੰ ਮੱਧ ਵਰਗ ਲਲਚਾਈਆਂ ਅੱਖਾਂ ਨਾਲ ਦੇਖਦਾ ਹੈ, ‘ਫਾਸਟ ਫੈਸ਼ਨ’ ਬਰੈਂਡਾਂ ਦੁਆਰਾ ਨਾਲ ਦੀ ਨਾਲ ਘੱਟ ਕੀਮਤ ’ਤੇ ਕੁਝ ਨਾ-ਮਾਤਰ ਜਿਹੇ ਬਦਲਾਅ ਕਰਕੇ ਬਾਜ਼ਾਰ ਵਿਚ ਸ਼ੋਅ ਰੂਮਾਂ ਦਾ ਸ਼ਿੰਗਾਰ ਬਣਾ ਦਿੱਤਾ ਜਾਂਦਾ ਹੈ। ਸਾਲ ਵਿਚ ਦੋ ਜਾਂ ਤਿੰਨ ਵਾਰ ਆਉਣ ਵਾਲਾ ‘ਫੈਸ਼ਨ ਸੀਜ਼ਨ’ ਹੁਣ ਸਾਲ ਵਿਚ 52 ਵਾਰ ਆਉਂਦਾ ਹੈ, ਮਤਲਬ ਹਫਤੇ ਬਾਅਦ ਮੱਧ ਵਰਗ ਨੂੰ ਦੱਸਿਆ ਜਾਂਦਾ ਹੈ ਕਿ ਉਸ ਦੁਆਰਾ ਖਰੀਦਿਆ ਕੱਪੜਾ ਹੁਣ ਪੁਰਾਣੇ ‘ਫੈਸ਼ਨ’ ਦਾ ਹੋ ਗਿਆ ਹੈ। ਪੈਦਾਵਾਰ ਦੀ ਬਹੁਤਾਤ ਦੇ ਇਸ ਦੌਰ ਵਿਚ ਸਰਮਾਏਦਾਰਾਂ ਦੁਆਰਾ ‘ਵਰਤੋ ਤੇ ਸੁੱਟੋ’ ਦਾ ਨਾਅਰਾ ਦਿੱਤਾ ਗਿਆ ਹੈ। ਕੱਪੜਾ ਜੋ ਹਾਲਤ ਪੱਖੋਂ ਤਾਂ ਠੀਕ ਹੈ ਪਰ ਕਿਉਂਕਿ ਹੁਣ ਇਹ ‘ਫੈਸ਼ਨ’ ਵਿਚ ਨਹੀਂ, ਇਸ ਲਈ ਇਸ ਨੂੰ ਸੁੱਟ ਦਿੱਤਾ ਜਾਂਦਾ ਹੈ। ਇੱਕ ਖਰੀਦਦਾਰ ਦਾ ਸਬੰਧ ਸਿਰਫ ਕਮੀਜ਼ ਦੀ ਦਿੱਖ, ਬਰੈਂਡ ਦੇ ਨਾਮ ਅਤੇ ਉਸ ਦੀ ਕੀਮਤ ਨਾਲ ਹੀ ਹੁੰਦਾ ਹੈ, ਹੱਡ-ਮਾਸ ਦੇ ਉਨ੍ਹਾਂ ਹਜ਼ਾਰਾਂ ਮਨੁੱਖਾਂ ਨਾਲ ਨਹੀਂ ਜਿਨ੍ਹਾਂ ਨੇ ਕਮੀਜ਼ ਤਿਆਰ ਕਰਨ ਲਈ ਆਪਣਾ ਖੂਨ ਪਸੀਨਾ ਵਹਾਇਆ ਹੈ।
ਸੰਸਾਰ ਕੱਪੜਾ ਸਨਅਤ ਦਾ 3 ਖ਼ਰਬ ਡਾਲਰ ਸਾਲਾਨਾ ਦਾ ਕਾਰੋਬਾਰ ਹੈ। ਸੰਸਾਰ ਦਾ 60% ਕੱਪੜਾ ਵਿਕਾਸਸ਼ੀਲ ਤੇ ਗਰੀਬ ਮੁਲਕਾਂ ਵਿਚ ਪੈਦਾ ਕੀਤਾ ਜਾਂਦਾ ਹੈ ਜਿਸ ਵਿਚੋਂ 30% ਸਿਰਫ ਏਸ਼ੀਆ ਵਿਚ ਤਿਆਰ ਹੁੰਦਾ ਹੈ। ਕਾਰਨ ਇਹ ਕਿ ਇਨ੍ਹਾਂ ਮੁਲਕਾਂ ਵਿਚ ਸਸਤੀ ਕਿਰਤ ਸ਼ਕਤੀ ਤੇ ਕਿਰਤ ਕਾਨੂੰਨ ਕਮਜ਼ੋਰ ਹੋਣ ਕਾਰਨ ਘੱਟ ਤੋਂ ਘੱਟ ਲਾਗਤ ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਸੰਭਵ ਹੈ। ਕੱਪੜੇ ਦੇ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਮਜ਼ਦੂਰ ਲਗਭਗ ਡੇਢ ਦੋ ਸੌ ਰੁਪਏ ਰੋਜ਼ਾਨਾ ਤੇ 12-14 ਘੰਟੇ ਕੰਮ ਕਰਦੇ ਹਨ। ਮਰਦਾਂ ਦੇ ਮੁਕਾਬਲੇ ਔਰਤ ਮਜ਼ਦੂਰਾਂ ਨੂੰ ਘੱਟ ਉਜਰਤਾਂ ਤੇ ਕੰਮ ਕਰਨਾ ਪੈਂਦਾ ਹੈ ਤੇ ਕੱਪੜਾ ਸਨਅਤ ਵਿਚ 85% ਔਰਤਾਂ ਹਨ। ਚੀਨ, ਬੰਗਲਾਦੇਸ਼, ਭਾਰਤ ਤੇ ਵੀਅਤਨਾਮ ਸੰਸਾਰ ਦੇ ਚਾਰ ਵੱਡੇ ਕੱਪੜਾ ਬਰਾਮਦਕਾਰ ਹਨ। ਇਨ੍ਹਾਂ ਮੁਲਕਾਂ ਵਿਚ ਮਜ਼ਦੂਰ ਨੂੰ ਆਪਣੇ ਜੀਵਨ ਨਿਰਬਾਹ ਦੀਆਂ ਬੁਨਿਆਦੀ ਲੋੜਾਂ (ਰੋਟੀ, ਕੱਪੜਾ, ਰਿਹਾਇਸ਼, ਸਿੱਖਿਆ, ਸਿਹਤ ਸੇਵਾਵਾਂ ਆਦਿ) ਲਈ ਲੋੜੀਂਦੀ ਉਜਰਤ ਤੋਂ ਅੱਧੀ ਜਾਂ ਕਈ ਥਾਈਂ ਪੰਜਵਾਂ ਹਿੱਸਾ ਮਿਲਦੀ ਹੈ। ਸਰਕਾਰ ਦੁਆਰਾ ਤੈਅ ਘੱਟੋ-ਘੱਟ ਉਜਰਤ ਵੀ ਜ਼ਿਆਦਾਤਰ ਕਾਰਖਾਨਿਆਂ ਵਿਚ ਲਾਗੂ ਨਹੀਂ ਹੁੰਦੀ।
2013 ਵਿਚ ਬੰਗਲਾਦੇਸ਼ ਦੀ ਰਾਣਾ ਪਲਾਜ਼ਾ ਇਮਾਰਤ ਡਿੱਗਣ ਨਾਲ 1134 ਕੱਪੜਾ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਅਪਾਹਜ ਹੋ ਗਏ ਸਨ। ਇਹ ਕੋਈ ਹਾਦਸਾ ਨਹੀਂ ਸੀ ਸਗੋਂ ਮੁਨਾਫੇ ਖਾਤਰ ਕਾਰਖਾਨਾ ਮਾਲਕਾਂ ਦੁਆਰਾ ਮਜ਼ਦੂਰਾਂ ਦੀ ਦਿੱਤੀ ਬਲੀ ਸੀ। ਇਸ ਤੋਂ ਬਿਨਾ ‘ਛੋਟੇ’ ਹਾਦਸੇ ਲੁਧਿਆਣੇ ਵਰਗੇ ਸ਼ਹਿਰਾਂ ਦੀ ਕੱਪੜਾ ਸਨਅਤ ਵਿਚ ਰੋਜ਼ ਹੁੰਦੇ ਹਨ। ਇਨ੍ਹਾਂ ਹਾਦਸਿਆਂ ਤੋਂ ਇਲਾਵਾ ਇਸ ਖੇਤਰ ਵਿਚ ਕੰਮ ਕਰਨ ਵਾਲੇ ਮਜ਼ਦੂਰ ਕਈ ਤਰ੍ਹਾਂ ਦੀਆਂ ਕਿੱਤਾਮੁਖੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ, ਖਾਸਕਰ ਫੇਫੜਿਆਂ ਦੀਆਂ ਬਿਮਾਰੀਆਂ ਦੇ।
ਕੱਪੜਾ ਸਨਅਤ ’ਚ ਲੁੱਟ ਦਾ ਇੱਕ ਹੋਰ ਘਿਨਾਉਣਾ ਪੱਖ ਹੈ ਕਿ ਇਸ ਖੇਤਰ ਵਿਚ ਵੱਡੇ ਪੱਧਰ ਤੇ ਬੱਚਿਆਂ ਤੋਂ ਕੰਮ ਕਰਵਾਇਆ ਜਾਂਦਾ ਹੈ। ਘੱਟ ਕੁਸ਼ਲਤਾ ਦੀ ਲੋੜ ਹੋਣ ਕਾਰਨ ਇਸ ਖੇਤਰ ਵਿਚ ਬਾਲ ਮਜ਼ਦੂਰੀ ਆਮ ਹੈ। ਦੱਖਣ ਭਾਰਤ ਵਿਚ ਲਗਭਗ 2,50,000 ਨਾਬਾਲਗ ਕੁੜੀਆਂ ‘ਸਮਾਂਗਲੀ ਸਕੀਮ’ ਤਹਿਤ ਟੈਕਸਟਾਈਲ ਕਾਰਖਾਨਿਆਂ ਵਿਚ ਕੰਮ ਕਰਦੀਆਂ ਹਨ। ਇਸ ਯੋਜਨਾ ਵਿਚ ਠੇਕੇਦਾਰ ਦੁਆਰਾ 3 ਤੋਂ 5 ਸਾਲ ਲਈ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਨਿਗੂਣੀ ਜਿਹੀ ਤਨਖਾਹ ਅਤੇ 5 ਸਾਲ ਬਾਅਦ ਵਿਆਹ ’ਤੇ ਦਾਜ ਲਈ ਉੱਕਾ-ਪੁੱਕਾ ਰਕਮ ਦੇਣ ਦਾ ਸੌਦਾ ਕਰਕੇ ਕੰਮ ਲਈ ਭਰਤੀ ਕੀਤਾ ਜਾਂਦਾ ਹੈ।
ਕੱਪੜਾ ਸਨਅਤ ਮੁਨਾਫੇ ਲਈ ਸਿਰਫ ਮਜ਼ਦੂਰਾਂ ਦੀ ਹੀ ਲੁੱਟ ਨਹੀਂ ਕਰਦੀ ਸਗੋਂ ਜਿਸ ਬਹੁਤਾਤ ਵਿਚ ਕੱਪੜਾ ਪੈਦਾ ਕੀਤਾ ਜਾ ਰਿਹਾ ਤੇ ਉਸ ਨੂੰ ਸੁੱਟਿਆ ਜਾ ਰਿਹਾ ਇਹ ਕੁਦਰਤੀ ਸਾਧਨਾਂ ਨੂੰ ਵੀ ਤਬਾਹ ਕਰ ਰਿਹਾ ਹੈ। ਇੱਕ ਜੋੜੀ ਜੀਨ ਦੀ ਪੈਂਟ ਬਣਾਉਣ ਲਈ 10 ਟਨ ਪਾਣੀ ਦੀ ਖਪਤ ਹੁੰਦੀ ਹੈ। ਇੱਕ ਟੀ-ਸ਼ਰਟ ਬਣਾਉਣ ਲਈ ਜਿੰਨੇ ਪਾਣੀ ਦੀ ਖਪਤ ਹੁੰਦੀ ਹੈ, ਉਸ ਨਾਲ ਔਸਤ ਬੰਦੇ ਦੀ 2.5 ਸਾਲ ਤੱਕ ਪੀਣ ਵਾਲੇ ਪਾਣੀ ਦੀ ਲੋੜ ਪੂਰੀ ਹੋ ਸਕਦੀ ਹੈ। ਸੰਸਾਰ ਕੱਪੜਾ ਸਨਅਤ ਦੁਆਰਾ ਹਰ ਸਾਲ 1500 ਅਰਬ ਲਿਟਰ ਪਾਣੀ ਦੀ ਖਪਤ ਕੀਤੀ ਜਾਂਦੀ ਹੈ ਜਿਸ ਦਾ ਵੱਡਾ ਹਿੱਸਾ ਬਿਨਾ ਸਾਫ ਕੀਤਿਆਂ ਦਰਿਆਵਾਂ ਤੇ ਸਮੁੰਦਰਾਂ ’ਚ ਰੋੜ੍ਹ ਦਿੱਤਾ ਜਾਂਦਾ ਹੈ। ਦੂਜੇ ਪਾਸੇ ਸੰਸਾਰ ਦੇ 75 ਕਰੋੜ ਲੋਕ ਪੀਣਯੋਗ ਪਾਣੀ ਤੋਂ ਵਾਂਝੇ ਹਨ। ਭਾਰਤ ਵਿਚ ਹੀ 10 ਕਰੋੜ ਲੋਕ ਪੀਣਯੋਗ ਪਾਣੀ ਤੋਂ ਵਾਂਝੇ ਹਨ। ਇੱਕ ਔਸਤ ਖਰੀਦਦਾਰ ਆਪਣੇ 60% ਕੱਪੜੇ ਪਹਿਲੇ ਸਾਲ ਵਿਚ ਹੀ ਸੁੱਟ ਦਿੰਦਾ ਹੈ। ਹਰ ਸਾਲ ਪੂਰੇ ਸੰਸਾਰ ਵਿਚ 9.2 ਕਰੋੜ ਟਨ ਕੱਪੜਾ ਸੁੱਟਿਆ ਜਾਂਦਾ ਹੈ। ਇਸ ਨੂੰ ਜਾਂ ਤਾਂ ਸਾੜ ਦਿੱਤਾ ਜਾਂਦਾ ਹੈ ਜਾਂ ਜ਼ਮੀਨ ’ਤੇ ਗਲਣ ਲਈ ਸੁੱਟ ਦਿੱਤਾ ਜਾਂਦਾ ਜੋ 200 ਸਾਲ ਤੱਕ ਵਾਤਵਰਨ ’ਚ ਜ਼ਹਿਰੀਲੀਆਂ ਗੈਸਾਂ ਛੱਡਦਾ ਰਹਿੰਦਾ ਹੈ। ਸਿਰਫ ਵਰਤਿਆ ਹੋਇਆ ਕੱਪੜਾ ਹੀ ਨਹੀਂ ਸਗੋਂ ਕਈ ਨਾਮੀ ਬਰੈਂਡ ਦੁਆਰਾ ਹਰ ਸਾਲ ਅਣਵਿਕਿਆ ਕਈ ਟਨ ਕੱਪੜਾ ਸਾੜ ਦਿੱਤਾ ਜਾਂਦਾ ਹੈ।
ਮੰਡੀ ਦੇ ਵੱਧ ਤੋਂ ਵੱਧ ਹਿੱਸੇ ’ਤੇ ਕਬਜ਼ਾ ਜਮਾਉਣ ਲਈ ਵੱਖ ਵੱਖ ਸਰਮਾਏਦਾਰਾਂ ਵਿਚਲੇ ਗਲ-ਵੱਢ ਮੁਕਾਬਲੇ ਦੀ ਕੀਮਤ ਹੈ- ਮਜ਼ਦੂਰਾਂ ਦੀ ਅੰਨ੍ਹੀ ਲੁੱਟ ਤੇ ਕੁਦਰਤ ਦੀ ਅੰਨ੍ਹੇਵਾਹ ਤਬਾਹੀ। ਸਰਮਾਏਦਾਰਾਂ ਦੇ ਮੁਨਾਫੇ ਦੀ ਦਰ ਵਧਣ ਦੇ ਸਮਾਂਨਾਤਰ ਮਜ਼ਦੂਰਾਂ ਦੀ ਲੁੱਟ ਦੀ ਦਰ ਵੀ ਵਧਦੀ ਹੈ ਜਾਂ ਕਿਹਾ ਜਾਵੇ ਤਾਂ ਇੱਕ ਸਰਮਾਏਦਾਰ ਦੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਦਾ ਅਰਥ ਹੈ ਮਜ਼ਦੂਰਾਂ ਦੀ ਵੱਧ ਤੋਂ ਵੱਧ ਲੁੱਟ। ਮੁਨਾਫਾ ਸਰਮਾਏਦਾਰੀ ਦੀ ਆਤਮਾ ਹੈ ਜੋ ਕਿਰਤ ਦੀ ਲੁੱਟ ਤੋਂ ਬਿਨਾ ਜਿਊਂਦੀ ਨਹੀਂ ਰਹਿ ਸਕਦੀ। ਇਸ ਲਈ ਅੱਜ ਸਾਡਾ ਫਰਜ਼ ਇਸ ਮਨੁੱਖ ਵਿਰੋਧੀ, ਕੁਦਰਤ ਵਿਰੋਧੀ ਢਾਂਚੇ ਨੂੰ ਬਦਲਣਾ ਬਣਦਾ ਹੈ।
ਸੰਪਰਕ: 98155-87807