ਨਿੱਜੀ ਪੱਤਰ ਪ੍ਰੇਰਕ
ਮੋਗਾ, 16 ਮਾਰਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਧਰਮਕੋਟ ਡੀਐੱਸਪੀ ਦੇ ਦਫ਼ਤਰ ਅੰਦਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾ ਕੋਰ ਕਮੇਟੀ ਮੈਂਬਰ ਰਾਣਾ ਰਣਬੀਰ ਸਿੰਘ, ਜ਼ੋਨ ਪ੍ਰਧਾਨ ਹਰਬੰਸ ਸਿੰਘ ਅਤੇ ਜਗਜੀਤ ਸਿੰਘ ਖੋਸਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਧਰਮਕੋਟ ਹਲਕੇ ਦੇ ਲੋਕਾਂ ਨਾਲ ਕਈ ਧੱਕੇਸ਼ਾਹੀਆਂ ਹੋਈਆਂ ਤੇ ਵੱਡੀ ਗਿਣਤੀ ਕਿਸਾਨਾਂ ’ਤੇ ਝੂਠੇ ਪਰਚੇ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਪਰਚੇ ਰੱਦ ਕਰਵਾਉਣ ਲਈ ਪੁਲੀਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਗੇੜੇ ਲਾ-ਲਾ ਕੇ ਥੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡ ਲੋਹਗੜ੍ਹ ਦੇ ਕਿਸਾਨ ਬਲਜੀਤ ਸਿੰਘ ਦੀ ਦੁਕਾਨ ਨੂੰ ਜਬਰੀ ਜਿੰਦਰਾ ਲਗਾ ਦਿੱਤਾ ਸੀ। ਪੁਲੀਸ ਵੱਲੋਂ ਉਨ੍ਹਾਂ ’ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਸਿਆਸੀ ਦਬਾਅ ਹੇਠ ਪੀੜਤ ਬਲਜੀਤ ਸਿੰਘ ਅਤੇ 10 ਹੋਰ ਕਿਸਾਨਾਂ ’ਤੇ ਪਰਚਾ ਦਰਜ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਪੁਲੀਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਕਤ ਝੂਠੇ ਪਰਚੇ ਰੱਦ ਕਰਕੇ ਇਨਸਾਫ਼ ਨਾ ਦਿੱਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।