ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਅਕਤੂਬਰ
ਸਨਅਤੀ ਸ਼ਹਿਰ ਵਿੱਚ ਬਣਾਏ ਗਏ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਲਗਾਤਾਰ ਆਮਦ ਹੋ ਰਹੀ ਹੈ। ਇਸ ਸਬੰਧੀ ਅੱਜ ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਿਛਲੇ ਲਗਪਗ ਦੋ ਮਹੀਨਿਆਂ ਦੌਰਾਨ ਲੁਧਿਆਣਾ ਦੇ ਆਮ ਆਦਮੀ ਕਲੀਨਿਕਾਂ ਵਿੱਚ 35,504 ਮਰੀਜ਼ਾਂ ਨੇ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਉਠਾਇਆ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦੇ ਚਾਂਦ ਸਿਨੇਮਾ ਨੇੜਲੇ ਆਮ ਆਦਮੀ ਕਲੀਨਿਕ ਨੇ ਸਭ ਤੋਂ ਵੱਧ ਮਰੀਜ਼ਾਂ ਦੀ ਆਮਦ ਨਾਲ ਸੂਬੇ ਭਰ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਇੱਥੇ 15 ਅਗਸਤ ਤੋਂ ਹੁਣ ਤੱਕ (11 ਅਕਤੂਬਰ) 6505 ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ ਹੈ। ਲੁਧਿਆਣਾ ਦੇ 9 ਵਿੱਚੋਂ 6 ਆਮ ਆਦਮੀ ਕਲੀਨਿਕ ਸੰਘਣੀ ਅਬਾਦੀ ਵਾਲੇ ਇਲਾਕੇ ਵਿੱਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਚਾਂਦ ਸਿਨੇਮਾ ਕਲੀਨਿਕ ਦੇ ਬਾਅਦ ਕਲੀਨਿਕ ਢੰਡਾਰੀ ਕਲਾਂ ਵਿੱਚ ਸਭ ਤੋਂ ਵੱਧ ਮਰੀਜ਼ਾਂ (6329) ਦੀ ਆਮਦ ਰਹੀ। ਇਸੇ ਤਰ੍ਹਾਂ ਖੰਨਾ ਦੇ ਲਲਹੇੜੀ ਮਾਰਗ `ਤੇ ਸਥਿਤ ਆਮ ਆਦਮੀ ਕਲੀਨਿਕ ਵਿੱਚ 5102 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦੋਂਕਿ ਰਾਏਕੋਟ ਦੇ ਕਲੀਨਿਕ ਵਿੱਚ 3676 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਸਏਐਸ ਨਗਰ ਵਿੱਚ ਕੁੱਲ 44026 ਮਰੀਜ਼ ਇਲਾਜ ਕਰਵਾ ਚੁੱਕੇ ਹਨ ਅਤੇ 5449 ਲੈਬ ਟੈਸਟ ਕੀਤੇ ਜਾ ਚੁੱਕੇ ਹਨ, ਜਦੋਂਕਿ ਲੁਧਿਆਣਾ ਨੇ 35504 ਮਰੀਜ਼ਾਂ ਅਤੇ 3853 ਟੈਸਟਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਲ੍ਹਾ ਅੰਮ੍ਰਿਤਸਰ ਨੇ 26377 ਮਰੀਜ਼ਾਂ ਅਤੇ 3193 ਟੈਸਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।