ਪੱਤਰ ਪ੍ਰੇਰਕ
ਖਰੜ, 17 ਅਕਤੂਬਰ
ਸਿਟੀ ਪੁਲੀਸ ਨੇ ਇੱਥੋਂ ਦੇ ਇੱਕ ਵਿਅਕਤੀ ਨਾਲ ਫਲੈਟ ਦੀ ਖ਼ਰੀਦ ਸਬੰਧੀ ਹੋਈ ਧੋਖਾਧੜੀ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਰਾਜਕੁਮਾਰ ਵਰਮਾ ਨੇ ਪੁਲੀਸ ਨੂੰ ਦੱਸਿਆ ਕਿ ਸੰਤੇਮਾਜਰਾ ਵਿੱਚ ਇੱਕ ਡਿਵੈਲਪਰ ਕੰਪਨੀ ਵੱਲੋਂ ਫਲੈਟ ਤਿਆਰ ਕੀਤੇ ਗਏ ਸਨ, ਜਿਸ ਵਿੱਚ ਚੰਡੀਗੜ੍ਹ ਵਾਸੀ ਅਸ਼ਵਨੀ ਕੁਮਾਰ ਅਤੇ ਮਨਜੀਤ ਸਿੰਘ ਭਾਈਵਾਲ ਸਨ। ਸ਼ਿਕਾਇਤਕਰਤਾ ਨੇ ਇੱਕ ਫਲੈਟ ਦੀ ਖ਼ਰੀਦ ਲਈ ਸਾਲ 2008 ਵਿੱਚ 10 ਲੱਖ ਰੁਪਏ ਦਿੱਤੇ ਸਨ। ਦੋਵਾਂ ਭਾਈਵਾਲਾਂ ਨੇ ਉਸ ਨੂੰ ਆਪਣੇ ਦਸਤਖ਼ਤਾਂ ਵਾਲਾ ਕਬਜ਼ਾ ਪੱਤਰ ਵੀ ਸੌਂਪਿਆ ਸੀ। ਵਰਮਾ ਨੇ ਦੱਸਿਆ ਕਿ ਉਸ ਨੂੰ 2019 ਵਿੱਚ ਪਤਾ ਚੱਲਿਆ ਕਿ ਫਲੈਟ ਦੀ ਰਜਿਸਟਰੀ ਕਿਸੇ ਤੀਜੀ ਧਿਰ ਨੂੰ ਕਰਵਾ ਦਿੱਤੀ ਗਈ ਹੈ।