ਪੱਤਰ ਪ੍ਰੇਰਕ
ਚੰਡੀਗੜ੍ਹ, 16 ਮਾਰਚ
ਪੰਜਾਬ ਯੂਨੀਵਰਸਿਟੀ ਵਿੱਚ ਲੜਕੀਆਂ ਦੇ ਹੋਸਟਲ ਨੰਬਰ 10 ਦੇ ਬਾਹਰ ਲਾਈਟ ਲਾਉਣ, ਮੈੱਸਾਂ/ਕੰਟੀਨਾਂ ਦੇ ਖਾਣੇ ਦੀ ਗੁਣਵੱਤਾ ਸੁਧਾਰਨ, ਖਾਣੇ ਦੇ ਰੇਟ ਘੱਟ ਕਰਨ ਸਣੇ ਕਈ ਮੰਗਾਂ ਨੂੰ ਲੈ ਕੇ ਅੱਜ ਏਬੀਵੀਪੀ ਵੱਲੋਂ ਡੀਐੱਸਡਬਲਿਊ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।
ਜਥੇਬੰਦੀ ਦੀ ਪੀ.ਯੂ. ਇਕਾਈ ਦੇ ਪ੍ਰਧਾਨ ਅਮਿਤ ਪੂਨੀਆ, ਸਕੱਤਰ ਸੌਰਿਆ ਮਹਿਰਾ ਨੇ ਦੱਸਿਆ ਕਿ ਪੀਯੂ ਦੇ ਉੱਤਰੀ ਕੈਂਪਸ ਵਿੱਚ ਬਿਜਲੀ ਦੀਆਂ ਲਾਈਟਾਂ ਦੀ ਘਾਟ ਹੈ ਅਤੇ ਲਾਈਟਾਂ ਠੀਕ ਨਾ ਹੋਣ ਕਾਰਨ ਲੜਕੀਆਂ ਰਾਤ ਨੂੰ ਬਾਹਰ ਨਿਕਲਣਾ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਟਰਾਂਸਜੈਂਡਰ ਹੋਸਟਲਾਂ ਲਈ ਕੋਈ ਸੀਟ ਨਹੀਂ ਹੈ, ਜੋ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਨਾਲ-ਨਾਲ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੇ ਵਿਰੁੱਧ ਹੈ। ਉਨ੍ਹਾਂ ਨੂੰ ਵੀ ਹੋਸਟਲ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਥੇਬੰਦੀ ਨੇ ਉੱਤਰੀ ਕੈਂਪਸ ਵਿੱਚ ਸਕਿਓਰਿਟੀ ਗਾਰਡਾਂ ਦੀ ਗਿਣਤੀ ਵਧਾਉਣ, ਵਿਦਿਆਰਥੀ ਕੇਂਦਰ ਦੇ ਪਖਾਨਿਆਂ ਦੀ ਨਿਯਮਿਤ ਤੌਰ ’ਤੇ ਸਫ਼ਾਈ ਕਰਵਾਉਣ ਦੀ ਮੰਗ ਵੀ ਮੰਗ ਪੱਤਰ ਵਿੱਚ ਰੱਖੀ।