ਨਵੀਂ ਦਿੱਲੀ, 18 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਵਿੱਚ ਇਸ ਸਾਲ ਅਕਤੂਬਰ ਮਹੀਨਾ 1960 ਵਿੱਚ ਹੋਈ 93.4 ਮਿਲੀਮੀਟਰ ਬਾਰਿਸ਼ ਤੋਂ ਬਾਅਦ ਸਭ ਤੋਂ ਵੱਧ ਬਾਰਿਸ਼ ਵਾਲਾ ਮਹੀਨਾ ਰਿਹਾ ਹੈ। ਇਸ ਸਾਲ ਸ਼ਹਿਰ ਵਿੱਚ ਹੁਣ ਤੱਕ 94.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਜਾ ਚੁੱਕੀ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਕਤੂਬਰ ਮਹੀਨੇ ’ਚ 1910 ਵਿੱਚ 185.9 ਮਿਲੀਮੀਟਰ, 1954 ਵਿੱਚ 238.2 ਮਿਲੀਮੀਟਰ, 1956 ਵਿੱਚ 236.2 ਮਿਲੀਮੀਟਰ ਅਤੇ 1960 ਵਿੱਚ 93.4 ਮਿਲੀਮੀਟਰ ਬਾਰਿਸ਼ ਹੋਈ ਸੀ। ਦਿੱਲੀ ਵਿੱਚ ਅਕਤੂਬਰ 2004 ਵਿੱਚ 89 ਮਿਲੀਮੀਟਰ ਬਾਰਿਸ਼ ਹੋਈ ਸੀ। ਅੰਕੜਿਆਂ ਮੁਤਾਬਕ ਐਤਵਾਰ 17 ਅਕਤੂਬਰ ਨੂੰ ਰਾਜਧਾਨੀ ਦਿੱਲੀ ਵਿੱਚ 87.9 ਮਿਲੀਮੀਟਰ ਬਾਰਿਸ਼ ਹੋਈ, ਜੋ ਇੱਕ ਦਿਨ ਹੋਈ ਬਾਰਿਸ਼ ਦੇ ਮਾਮਲੇ ’ਚ ਚੌਥਾ ਰਿਕਾਰਡ ਹੈ। ਦਿੱਲੀ ਵਿੱਚ ਅਕਤੂਬਰ ਵਿੱਚ ਸਿਰਫ ਇੱਕ ਦਿਨ ਵਿੱਚ 1910 ਵਿੱਚ 152.4 ਮਿਲੀਮੀਟਰ, 1954 ਵਿੱਚ 172.7 ਮਿਲੀਮੀਟਰ ਅਤੇ 1956 ਵਿੱਚ 111 ਮਿਲੀਮੀਟਰ ਬਾਰਿਸ਼ ਹੋਈ ਸੀ। ਇਸ ਦੌਰਾਨ ਅੱਜ ਸੋਮਵਾਰ ਨੂੰ ਹੋਈ ਬਾਰਿਸ਼ ਕਾਰਨ ਕਈ ਇਲਾਕਿਆ ਵਿੱਚ ਪਾਣੀ ਭਰ ਗਿਆ ਅਤੇ ਆਵਾਜਾਈ ’ਚ ਅੜਿੱਕਾ ਪਿਆ ਰਿਹਾ। -ਪੀਟੀਆਈ