ਜਗਤਾਰ ਅਨਜਾਣ
ਮੌੜ ਮੰਡੀ, 11 ਅਕਤੂਬਰ
ਲੇਖਕ ਮੰਚ ਮੌੜ ਅਤੇ ਦਸ਼ਮੇਸ਼ ਸਪੋਰਟਸ ਕਲੱਬ ਵੱਲੋਂ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਮੌੜ ਦੇ ਸਹਿਯੋਗ ਨਾਲ ਚਾਰ-ਰੋਜ਼ਾ ਪੁਸਤਕ ਮੇਲਾ 13 ਤੋਂ 16 ਅਕਤੂਬਰ ਤੱਕ ਮੌੜ ਮੰਡੀ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਕਾਸ਼ਕ ਅਤੇ ਵਿਰਾਸਤੀ ਪ੍ਰਦਰਸ਼ਨੀਆਂ ਲਗਾਈਆਂ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਭੁਪਿੰਦਰ ਸਿੰਘ ਮਾਨ ਅਤੇ ਸੁਰਿੰਦਰ ਗੁਪਤਾ ਨੇ ਕਿਹਾ ਕਿ ਇਸ ਮੇਲੇ ਦਾ ਮੁੱਖ ਉਦੇਸ਼ ਉਸਾਰੂ ਸਾਹਿਤ ਸਿਰਜਣਾ ਅਤੇ ਸੱਭਿਆਚਾਰਕ ਵੰਨ-ਸਵੰਨਤਾ ਨਾਲ ਭਰਪੂਰ ਵਿਰਾਸਤੀ ਚੀਜ਼ਾਂ ਨੂੰ ਪ੍ਰਫੁੱਲਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਚਾਰ-ਰੋਜ਼ਾ ਪੁਸਤਕ ਮੇਲਾ ਮੌੜ ਮੰਡੀ ਦੇ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਕਵੀ, ਕਹਾਣੀਕਾਰ ਤੇ ਆਪਣੇ-ਆਪਣੇ ਖੇਤਰ ਵਿੱਚ ਨਾਮ ਖਟ ਚੁੱਕੀਆਂ ਸ਼ਖ਼ਸੀਅਤਾਂ ਵੱਲੋਂ ਮੇਲੇ ’ਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਪੁਸਤਕ ਸੱਭਿਆਚਾਰ ਪ੍ਰਫੁਲਿਤ ਕਰਨ ਲਈ ਪੰਜਾਬ ਦੇ ਉੱਘੇ ਪ੍ਰਕਾਸ਼ਨ ਆਪਣੀਆਂ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਲਗਾਉਣਗੇ, ਉਥੇ ਹੀ ਨਾਮਵਰ ਕਵੀ, ਕਹਾਣੀਕਾਰ ਅਤੇ ਉੱਘੇ ਰੰਗਕਰਮੀ ਕਵੀ ਦਰਬਾਰ, ਕਹਾਣੀ ਦਰਬਾਰ, ਨੁੱਕੜ ਨਾਟਕਾਂ ਰਾਹੀਂ ਮੇਲੇ ਦੀ ਰੌਣਕ ਵਿੱਚ ਵਾਧਾ ਕਰਨਗੇ। ਇਸ ਮੌਕੇ ਵਿਰਾਸਤੀ ਪ੍ਰਦਰਸ਼ਨੀਆਂ ਖਾਸ ਖਿੱਚ ਦਾ ਕੇਂਦਰ ਹੋਣਗੀਆਂ। ਮੇਲੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਮੇਲੇ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।