ਮੁੰਬਈ: ਸ਼ਿਵ ਸੈਨਾ ਨੇ ਸੋਮਵਾਰ ਨੂੰ ਕਿਹਾ ਕਿ ਉਹ ਸਮਝ ਸਕਦੇ ਹਨ ਕਿ ਮਹਾਰਾਸ਼ਟਰ ਵਿੱਚ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਮਹਾ ਵਿਕਾਸ ਅਗਾੜੀ (ਐਮਵੀਏ) ਸਰਕਾਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਉਨ੍ਹਾਂ ਦੇ ਪਰਿਵਾਰਿਕ ਜੀਆਂ ਨੂੰ ਪ੍ਰੇਸ਼ਾਨ ਕਰਨ ਨਾਲ ਭਾਜਪਾ ਦਾ ‘ਅਣਮਨੁੱਖੀ ਚਿਹਰਾ’ ਸਾਹਮਣੇ ਆ ਗਿਆ ਹੈ। ਸ਼ਿਵ ਸੈਨਾ ਦੇ ਅਖ਼ਬਾਰ ‘ਸਾਮਨਾ’ ਵਿੱਚ ਛਪੇ ਸੰਪਾਦਕੀ ਵਿੱਚ ਲਿਖਿਆ ਗਿਆ ਕਿ ਲੋਕ ਆਮ ਤੌਰ ’ਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ ਪਰ ਮਹਾਰਾਸ਼ਟਰ ਵਿੱਚ ਸਥਿਤੀ ਉਲਟ ਹੈ। ਸੂਬੇ ਵਿੱਚ ਭਾਜਪਾ ਮਜ਼ਾਕ ਬਣ ਕੇ ਰਹਿ ਗਈ ਹੈ। ਸੰਪਾਦਕੀ ਮੁਤਾਬਕ ਭਾਜਪਾ ਨੇ ਆਪਣੇ ਏਜੰਡੇ ਦੀ ਪੂਰਤੀ ਲਈ ਸੀਬੀਆਈ, ਐਨਫੋਰਸਮੈਂਟ ਡਾਇਰੈਕਟੋਰੇਟ, ਆਈਟੀ ਅਤੇ ਐੱਨਸੀਬੀ ਦੀ ਵਰਤੋਂ ਕੀਤੀ ਹੈ। ਠਾਕਰੇ ਨੇ ਈਡੀ ਅਤੇ ਸੀਬੀਆਈ ਰਾਹੀਂ ਕੀਤੇ ਜਾ ਰਹੇ ਇਨ੍ਹਾਂ ਹਮਲਿਆਂ ਦਾ ਪਰਦਾਫਾਸ਼ ਕੀਤਾ ਹੈ। ਸ਼ਿਵ ਸੈਨਾ ਨੇ ਭਾਜਪਾ ਤੇ ਕੇਂਦਰ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਉਹ ਸਵਾਲਾਂ ਦਾ ਸਾਹਮਣਾ ਨਹੀਂ ਕਰਦੇ ਸਗੋਂ ਉਨ੍ਹਾਂ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਹੀ ਖ਼ਤਮ ਕਰ ਦਿੰਦੇ ਹਨ। ਸੰਪਾਦਕੀ ਮੁਤਾਬਕ ਭਾਜਪਾ ਤੇ ਉਸ ਦੀ ਕੇਂਦਰੀ ਸਰਕਾਰ, ਜਮਹੂਰੀਅਤ, ਸੰਵਿਧਾਨ, ਅਮਨ ਕਾਨੂੰਨ ਵਿੱਚ ਵਿਸ਼ਵਾਸ ਨਹੀਂ ਰੱਖਦੀ। ਉਹ ਵਿਰੋਧੀ ਪਾਰਟੀਆਂ ਦੇ ਮੁੱਖ ਮੰਤਰੀਆਂ ਨੂੰ ਪ੍ਰਵਾਨ ਨਹੀਂ ਕਰਦੇ। -ਪੀਟੀਆਈ