ਸ਼ਗਨ ਕਟਾਰੀਆ
ਬਠਿੰਡਾ, 18 ਅਕਤੂਬਰ
ਬੀਐਸਐਫ ਨੂੰ ਵਾਧੂ ਤਾਕਤਾਂ ਦੇਣ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਅੱਜ ‘ਆਪ’ ਨੇ ਇੱਥੇ ਕਚਹਿਰੀਆਂ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁਤਲੇ ਫੂਕੇ।
ਬਠਿੰਡਾ (ਸ਼ਹਿਰੀ) ਦੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ, ਭੁੱਚੋ ਮੰਡੀ ਤੋਂ ਹਲਕਾ ਇੰਚਾਰਜ ਜਗਸੀਰ ਸਿੰਘ, ਮੌੜ ਮੰਡੀ ਤੋਂ ਹਲਕਾ ਇੰਚਾਰਜ ਸੁਖਵੀਰ ਸਿੰਘ ਮਾਈਸਰਖਾਨਾ, ਪਾਰਟੀ ਦੇ ਤਰਜ਼ਮਾਨ ਤੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ, ਪਾਰਟੀ ਦੇ ਬੁਲਾਰੇ ਐਡਵੋਕੇਟ ਨਵਦੀਪ ਸਿੰਘ ਜੀਦਾ, ਟ੍ਰੇਡ ਵਿੰਗ ਦੇ ਸਟੇਟ ਸਹਾਇਕ ਪ੍ਰਧਾਨ ਅਨਿਲ ਠਾਕਰ, ਪਾਰਟੀ ਦੇ ਲੋਕ ਸਭਾ ਇੰਚਾਰਜ ਰਾਕੇਸ਼ ਪੁਰੀ ਨੇ ਸੰਬੋਧਨ ਕੀਤਾ। ਉਨ੍ਹਾਂ ਇਸ ਦੀ ਦੁਰਵਰਤੋਂ ਗਿਣਾਉਂਦਿਆਂ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਦੀਆਂ ਗਿ੍ਰਫ਼ਤਾਰੀਆਂ ਤੇ ਸਿਆਸੀ ਬਦਲਾਖ਼ੋਰੀ ਹੋਣ ਦੇ ਪੱਕੇ ਆਸਾਰ ਹਨ। ਆਗੂਆਂ ਨੇ ਕਿਹਾ ਕਿ ਇਸ ਤਾਨਾਸ਼ਾਹੀ ਫ਼ੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਜਿੰਨੇ ਹੀ ਜ਼ਿੰਮੇਵਾਰ ਹਨ।
ਮੋਗਾ (ਮਹਿੰਦਰ ਸਿੰਘ ਰੱਤੀਆਂ): ‘ਆਪ’ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਦਾ ਪੁਤਲਾ ਫੂਕ ਮੁਜ਼ਾਹਰਾ ਕਰ ਕੇ ਮੁੱਖ ਚੌਕ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ਨੂੰ ਸਰਹੱਦ ਤੋਂ 15 ਤੋਂ 50 ਕਿਲੋਮੀਟਰ ਤੱਕ ਅਧਿਕਾਰ ਖੇਤਰ ਵਿੱਚ ਵਾਧਾ ਕਰਨ ਦੀ ਨਿਖੇਧੀ ਕੀਤੀ।
ਇਸ ਮੌਕੇ ਪਾਰਟੀ ਦੇ ਹਲਕਾ ਇੰਚਾਰਜ਼ ਨਵਦੀਪ ਸਿੰਘ ਸੰਘਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੁਰੱਖਿਆ ਬਲਾਂ ਦੇ ਅਧਿਕਾਰ ਖੇਤਰ ’ਚ ਵਾਧਾ ਕਰਨ ਤੋਂ ਬਦਲੇ ਦੀ ਭਾਵਨਾ ਦੀ ਨੀਤੀ ਝਲਕ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਬਣਾ ਕੇ ਅਤੇ ਕੁੱਝ ਰਾਜਾਂ ਨੂੰ ਸੁਰੱਖਿਆ ਦੇ ਨਾਂ ’ਤੇ ਸੁਰੱਖਿਆ ਬਲਾਂ ਦੇ ਅਧੀਨ ਲਿਆ ਕੇ ਕੇਂਦਰੀ ਸਰਕਾਰ ਦਬਾਅ ਤੇ ਬਦਲੇ ਦੀ ਨੀਤੀ ’ਤੇ ਚੱਲ ਰਹੀ ਹੈ, ਜੋ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕੇਦਰ ਸਰਕਾਰ ਦੇ ਇਸ ਫੈਸਲੇ ਵਿਰੁੱਧ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਧਾਨ ਸਭਾ ਦਾ ਸ਼ੈਸ਼ਨ ਬੁਲਾ ਕੇ ਮਤਾ ਪਾਸ ਕਰਨਾ ਚਾਹੀਦਾ ਸੀ
ਬਰਨਾਲਾ (ਪਰਸ਼ੋਤਮ ਬੱਲੀ): ‘ਆਪ’ ਦੀ ਸਥਾਨਕ ਲੀਡਰਸ਼ਿਪ ਵੱਲੋਂ ਇੱਥੇ ਕਚਹਿਰੀ ਚੌਕ ਵਿਚ ਕੇਂਦਰ ਵੱਲੋਂ ਸੂਬੇ ’ਚ ਬੀਐੱਸਐੱਫ ਦੇ ਵਧਾਏ ਅਧਿਕਾਰ ਖੇਤਰ ਖ਼ਿਲਾਫ਼ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਸਾੜੇ ਗਏ। ਪ੍ਰਦਰਸ਼ਨਕਾਰੀਆਂ ’ਚ ਸ਼ਾਮਿਲ ‘ਆਪ’ ਵਿਧਾਇਕ ਦੇ ਪੀਏ ਰੋਹਿਤ ਗਰਗ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਪੰਜਾਬ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਵਾਧਾ ਕਰ ਕੇ ਇਸ ਨੂੰ ਸਰਹੱਦ ਤੋਂ 15 ਕਿਲੋਮੀਟਰ ਤੋਂ ਵਧਾ ਕੇ 50 ਕਰ ਕੇ ਪੰਜਾਬ ਦੇ ਹੱਕਾਂ ਉੱਤੇ ਵੱਡਾ ਡਾਕਾ ਮਾਰਿਆ ਗਿਆ ਹੈ।
ਫਾਜ਼ਿਲਕਾ (ਪਰਮਜੀਤ ਸਿੰਘ): ਆਮ ਆਦਮੀ ਪਾਰਟੀ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਲਾਲ ਬੱਤੀ ਚੌਕ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦੀਪ ਕੰਬੋਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ’ਚ ਬੀਐੱਸਐੱਫ ਦੇ ਅਧਿਕਾਰ ਖੇਤਰ ’ਚ ਵਾਧਾ ਕਰ ਕੇ ਇਸ ਨੂੰ ਸਰਹੱਦ ਤੋਂ 50 ਕਿਲੋਮੀਟਰ ਕਰਨ ਦੇ ਫ਼ੈਸਲੇ ਦਾ ‘ਆਪ’ ਵਿਰੋਧ ਕਰਦੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਫਾਜ਼ਿਲਕਾ ਇੰਚਾਰਜ ਸਮਰਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਨਾਲ ਕਿਸਾਨ ਵੀ ਤੰਗ ਪ੍ਰੇਸ਼ਾਨ ਹੋਣਗੇ।
ਮੁੱਖ ਮੰਤਰੀ ਚੰਨੀ ਪੰਜਾਬ ਨੂੰ ਕੇਂਦਰ ਕੋਲ ਵੇਚ ਆਏ: ਬੁੱਧਰਾਮ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਵਿੱਚ ਸੀਮਾ ਬਲ, ਬੀਐਸਐਫ ਦੇ ਅਧਿਕਾਰ ਖੇਤਰ ਵਿੱਚ ਵਾਧਾ ਕਰ ਕੇ ਇਸ ਨੂੰ ਕੌਮਾਂਤਰੀ ਸਰਹੱਦ ਤੋਂ 15 ਤੋਂ ਵਧਾ ਕੇ 50 ਕਿਲੋਮੀਟਰ ਕਰਨ ਦੇ ਫ਼ੈਸਲੇ ਦੇ ਵਿਰੋਧ ਵਿੱਚ ‘ਆਪ’ ਨੇ ਮਾਨਸਾ ਵਿਚ ਪ੍ਰਦਰਸ਼ਨ ਕਰ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਫੂਕੇ। ਇਸ ਮੌਕੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਬੀਐਸਐਫ ਨੂੰ ਪੰਜਾਬ ਵਿੱਚ ਵੱਧ ਅਧਿਕਾਰ ਦੇਣ ਨਾਲ ਪੰਜਾਬ ਦੇ ਹੱਕਾਂ ਦਾ ਘਾਣ ਹੋਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਅਤੇ ਸੁਰੱਖਿਆ ਦੀ ਦੁਹਾਈ ਪਾ ਕੇ ਪੰਜਾਬ ’ਤੇ ਇਹ ਫ਼ੁਰਮਾਨ ਜਾਰੀ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਅਸਲ ਵਿੱਚ ਮੁਲਾਕਾਤ ਕਰ ਕੇ ਚੰਨੀ ਪੰਜਾਬ ਨੂੰ ਕੇਂਦਰ ਕੋਲ ਵੇਚ ਆਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਗੱਲ ਦਾ ਜਵਾਬਦੇਹ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਅਜਿਹਾ ਨਹੀਂ ਸੀ ਹੋਇਆ।