ਖੰਨਾ (ਜੋਗਿੰਦਰ ਸਿੰਘ ਓਬਰਾਏ): ਇੱਥੇ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ‘ਰੇਲ ਰੋਕੋ’ ਸੱਦੇ ਤਹਿਤ ਰੇਲਵੇ ਟਰੈਕ ਉੱਤੇ ਧਰਨਾ ਲਾਇਆ। ਇਸ ਮੌਕੇ ਮਾਲਵਾ ਐਕਸਪ੍ਰੈਸ ਰੱਡੀ ਨੂੰ ਰੋਕਿਆ ਗਿਆ, ਜਿਸ ਵਿਚ ਬੈਠੇ ਯਾਤਰੀਆਂ ਦੇ ਲੰਗਰ ਦਾ ਪ੍ਰਬੰਧ ਕਿਸਾਨਾਂ ਵੱਲੋਂ ਕੀਤਾ ਗਿਆ ਅਤੇ ਲੋੜਵੰਦ ਮੁਸਾਫ਼ਰਾਂ ਦੀ ਦੂਰ-ਦੁਰਾਂਡੇ ਪਹੁੰਚਣ ਵਿਚ ਮਦਦ ਕੀਤੀ। ਕਿਸਾਨ-ਮਜ਼ਦੂਰ ਸੰਘਰਸ਼ ਐਸੋਸ਼ੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸਵੈਚ ਅਤੇ ਹਰਮਿੰਦਰ ਸਿੰਘ ਨੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਿਸਾਨ ਲਗਾਤਾਰ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਹਨ ਅਤੇ ਸਰਕਾਰ ਕੋਝੀਆਂ ਚਾਲਾਂ ਚੱਲ ਕੇ ਕਿਸਾਨਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਸ ਮੌਕੇ ਕਸ਼ਮੀਰਾ ਸਿੰਘ, ਅਵਤਾਰ ਸਿੰਘ, ਜਗਜੀਤ ਸਿੰਘ, ਰਛਪਾਲ ਸਿੰਘ, ਮੇਹਰ ਸਿੰਘ, ਬਲਜੀਤ ਸਿੰਘ, ਹਰਮਿੰਦਰ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।