ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਤੋਂ ਪਹਿਲਾਂ ਮੁਫਤ ਸੌਗਾਤਾਂ ਦਾ ਵਾਅਦਾ ਕਰਨ ਦੇ ਰੁਝਾਨ ਖ਼ਿਲਾਫ਼ ਪਟੀਸ਼ਨਾਂ ’ਤੇ ਸੁਣਵਾਈ ਤਿੰਨ ਜੱਜਾਂ ਦਾ ਬੈਂਚ ਕਰੇਗਾ। ਚੀਫ ਜਸਟਿਸ ਉਦੈ ਉਮੇਸ਼ ਲਲਿਤ ਅਤੇ ਜਸਟਿਸ ਬੇਲਾ ਐੱਮ ਤ੍ਰਿਵੇਦੀ ਦੇ ਬੈਂਚ ਨੇ ਕਿਹਾ ਕਿ ਅਜੇ ਬੈਂਚ ਵਿੱਚ ਦੋ ਜੱਜ ਹਨ ਅਤੇ ਮਾਮਲੇ ਵਿੱਚ ਇਕ ਹਵਾਲਾ ਆਦੇਸ਼ ਅਨੁਸਾਰ ਇਸ ਨੂੰ ਤਿੰਨ ਜੱਜਾਂ ਦੇ ਬੈਂਚ ਨੂੰ ਭੇਜਿਆ ਜਾਣਾ ਚਾਹੀਦਾ ਹੈ। ਬੈਂਚ ਨੇ ਕਿਹਾ ਕਿ ਵਿਵਾਦ ਦੇ ਸੁਭਾਅ ਅਤੇ ਪਹਿਲਾਂ ਦੀਆਂ ਸੁਣਵਾਈਆਂ ਵਿੱਚ ਧਿਰਾਂ ਵੱਲੋਂ ਦਿੱਤੀਆਂ ਗਈਆਂ ਦਲੀਲਾਂ ’ਤੇ ਵਿਚਾਰ ਕਰਦੇ ਹੋਏ ਮਾਮਲੇ ਨੂੰ ਜਲਦੀ ਤੋਂ ਜਲਦੀ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ। -ਪੀਟੀਆਈ