ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਅਕਤੂਬਰ
ਇਥੋਂ ਦੀ ਪੁਲੀਸ ਨੇ ਵਿਦੇਸ਼ਾਂ ਤੋਂ ਵਿੱਤੀ ਮੱਦਦ ਹਾਸਲ ਕਰਕੇ ਅਤਿਵਾਦੀ ਘਟਨਾਵਾਂ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਰਚਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮ ਵਿਦੇਸ਼ਾਂ ’ਚ ਬੈਠੇ ਖਾਲਿਸਤਾਨ ਪੱਖੀ ਤੱਤਾਂ ਤੋਂ ਪ੍ਰੇਰਿਤ ਹੈ ਜਿਨ੍ਹਾਂ ਵਲੋਂ ਰਾਜ ਵਿਚ ਟਾਰਗੇਟਿਡ ਹੱਤਿਆਵਾਂ ਕਰਨ ਅਤੇ ਵੱਖ-ਵੱਖ ਸੰਪਰਦਾਵਾਂ ਦੇ ਧਾਰਮਿਕ ਸਥਾਨਾਂ ’ਤੇ ਹਮਲੇ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜਾਂਚ ਦੌਰਾਨ ਅਤਿਵਾਦ ਫੰਡਿੰਗ ਦੇ ਮਾਮਲਿਆਂ ਵਿਚ ਪੈਸੇ ਦੇ ਲੈਣ-ਦੇਣ ਲਈ ਵੱਖ-ਵੱਖ ਡਿਜੀਟਲ ਪਲੇਟ ਫਾਰਮਾਂ ਦੀ ਵਰਤੋਂ ਕਰਨ ਦੀ ਵੀ ਜਾਣਕਾਰੀ ਮਿਲੀ ਹੈ। ਜ਼ਿਲ੍ਹਾ ਪੁਲੀਸ ਮੁਖੀ ਸਵਪਨ ਸ਼ਰਮਾ ਨੇ ਦੱਸਿਆ ਕਿ ਇੰਟੈਲੀਜੈਂਸ ਏਜੰਸੀ ਵਲੋ ਦਿੱਤੀ ਜਾਣਕਾਰੀ ਦੇ ਆਧਾਰ ’ਤੇ ਸੰਗਰੂਰ ਪੁਲੀਸ ਨੇ ਲਹਿਰਾਗਾਗਾ ਨੇੜਿਉਂ ਲਖਵੀਰ ਸਿੰਘ ਉਰਫ਼ ਲੱਖਾ ਵਾਸੀ ਲਹਿਰਾਗਾਗਾ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਕੋਲੋਂ 32 ਬੋਰ ਪਿਸਤੌਲ ਦੇਸੀ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲਖਵੀਰ ਦੀ ਗ੍ਰਿਫ਼ਤਾਰੀ ਨਾਲ ਇੱਕ ਕੌਮਾਂਤਰੀ ਅਤਿਵਾਦੀ ਸੰਗਠਨ ਦਾ ਪਰਦਾਫਾਸ਼ ਹੋਇਆ ਹੈ।