ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਅਕਤੂਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੰਘੂ ਕਤਲ ਕਾਂਡ ਪਿੱਛੇ ਕੇਂਦਰ ਦੀਆਂ ਖੁਫੀਆ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਇਕ ਧਰਮ ਵਿਸ਼ੇਸ਼ ਦਾ ਅੰਦੋਲਨ ਸਿੱਧ ਕਰਨ ਤੇ ਸਿੱਖਾਂ ਤੇ ਨਿਹੰਗ ਜਥੇਬੰਦੀਆਂ ਵਿੱਚ ਪਾੜਾ ਪਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਇੱਕ ਬਿਆਨ ਰਾਹੀਂ ਜਾਖੜ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਨਾਲ ਹੋਈ ਮੀਟਿੰਗ ਦੀਆਂ ਜਨਤਕ ਹੋਈਆਂ ਤਸਵੀਰਾਂ ਵਿੱਚ ਇੱਕ ਸਾਬਕਾ ਪੁਲੀਸ ਕੈਟ ਪਿੰਕੀ ਦੀ ਹਾਜ਼ਰੀ ਤੇ ਪਿਛਲੇ ਦਿਨਾਂ ਦੌਰਾਨ ਇੱਕ ਤੋਂ ਬਾਅਦ ਇੱਕ ਸਿਲਸਿਲੇਵਾਰ ਵਾਪਰੀਆਂ ਘਟਨਾਵਾਂ ਸਿੱਧ ਕਰਦੀਆਂ ਹਨ ਕਿ ਕੇਂਦਰ ਸਰਕਾਰ ਪੰਜਾਬ ’ਚ ਅਮਨ ਭੰਗ ਕਰਨ ਲਈ ਸਾਜ਼ਿਸ਼ਾਂ ਵਿੱਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਦੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹੀ ਹੈ ਕਿ ਕਿਸਾਨਾਂ ਦੇ ਧਰਮ ਨਿਰਪੱਖ ਸੰਘਰਸ਼ ਨੂੰ ਸਿੱਖਾਂ ਦਾ ਸੰਘਰਸ਼ ਐਲਾਨਿਆ ਜਾਵੇ।
ਜਾਖੜ ਨੇ ਕਿਹਾ ਕਿ ਕੇਂਦਰੀ ਮੰਤਰੀ ਦੀ ਮੀਟਿੰਗ ’ਚ ਪੁਲੀਸ ਕੈਟ ਦਾ ਸ਼ਾਮਲ ਹੋਣਾ ਕੇਂਦਰ ਸਰਕਾਰ ’ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਨਿਹੰਗ ਜਥੇਬੰਦੀਆਂ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਹਨ ਪਰ ਸਿੰਘੂ ਕਤਲ ਕਾਂਡ ਬਾਰੇ ਜਾਂਚ ਹੋਣੀ ਚਾਹੀਦੀ ਹੈ। ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਉਹ ਘੱਟ ਹੋਵੇਗੀ ਪਰ ਇਸ ਸਾਰੇ ਵਰਤਾਰੇ ਵਿਚ ਏਜੰਸੀਆਂ ਸਿੱਖਾਂ, ਨਿੰਹਗਾਂ, ਕਿਸਾਨਾਂ ਅਤੇ ਐੱਸਸੀ ਭਾਈਚਾਰਿਆਂ ਵਿੱਚ ਪਾੜੇ ਪਾਉਣ ਦੀ ਫਿਰਾਕ ਵਿੱਚ ਹਨ, ਜਿਸ ਤੋਂ ਸਭ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।