ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 19 ਮਾਰਚ
ਸੋਨੂੰ ਨਿਹਾਲੂਵਾਲ (ਬਸਤੀ) ਦੇ ਕਤਲ ਕਾਂਡ ਦੇ 9 ਦਿਨ ਬੀਤ ਜਾਣ ਤੋਂ ਬਾਅਦ ਵੀ ਪਰਿਵਾਰਕ ਮੈਂਬਰਾਂ ਨੇ ਉਸਦਾ ਸਸਕਾਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ 11 ਮਾਰਚ ਨੂੰ ਟਰੈਕਟਰ ਤੋਂ ਡਿੱਗ ਕੇ ਸੋਨੂੰ (22) ਪੁੱਤਰ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ। ਇਸ ਮੌਤ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮਹਿਜ ਇਕ ਹਾਦਸਾ ਨਾ ਮੰਨਦੇ ਹੋਏ ਇਸਨੂੰ ਕਤਲ ਕਰਾਰ ਦਿੱਤਾ ਸੀ। ਲੋਹੀਆਂ ਖਾਸ ਦੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਅਮਨ ਕੌਰ ਪਤਨੀ ਬਲਰਾਜ ਸਿੰਘ ਤੇ ਸੁਖਵਿੰਦਰ ਕੌਰ ਉਰਫ ਪਾਲੋ ਪਤਨੀ ਬਲਵਿੰਦਰ ਸਿੰਘ ਵਾਸੀਆਨ ਨਿਹਾਲੂਵਾਲ, ਸੁਖਦੇਵ ਸਿੰਘ ਪੁੱਤਰ ਪਾਲ ਸਿੰਘ ਵਾਸੀ ਸਿੱਧਵਾਂ ਦੋਨਾਂ (ਕਪੂਰਥਲਾ), ਰਾਜਾ ਵਾਸੀ ਤਾਸ਼ਪੁਰ (ਕਪਰੂਥਲਾ) ਤੇ 2 ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਕੇ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕਰ ਦਿੱਤੀ ਸੀ।
ਡੀਸੀ ਜਲੰਧਰ ਦੇ ਆਦੇਸ਼ਾਂ ’ਤੇ ਐੱਸਡੀਐਮ ਸ਼ਾਹਕੋਟ ਲਾਲ ਵਿਸ਼ਵਾਸ ਬੈਂਸ ਤੇ ਡੀਐੱਸਪੀ ਸ਼ਾਹਕੋਟ ਜਸਬਿੰਦਰ ਸਿੰਘ ਖਹਿਰਾ ਨੇ ਵੀਰਵਾਰ ਦੀ ਸ਼ਾਮ ਮ੍ਰਿਤਕ ਦੇ ਘਰ ਜਾ ਕੇ ਪਰਿਵਾਰ ਨੂੰ ਸੋਨੂੰ ਦਾ ਅੰਤਿਮ ਸਸਕਾਰ ਕਰਨ ਲਈ ਪ੍ਰੇਦਿਆਂ ਉਨ੍ਹਾਂ ਨੂੰ ਪੂਰਾ ਇਨਸਾਫ ਦੇਣ ਦਾ ਵਾਅਦਾ ਕੀਤਾ ਸੀ। ਪਰ ਪਰਿਵਾਰ ਨੇ ਕਿਹਾ ਕਿ ਉਹ ਰਹਿੰਦੇ 2 ਅਣਪਛਾਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਸਕਾਰ ਕਰਨਗੇ। ਐੱਸਡੀਐੱਮ ਬੈਂਸ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੁਲੀਸ ਨਿਰਪੱਖਤਾ ਨਾਲ ਜਾਂਚ ਕਰ ਰਹੀ ਹੈ। ਜੇ ਉਨ੍ਹਾਂ ਨੂੰ ਸਥਾਨਕ ਪੁਲੀਸ ’ਤੇ ਭਰੋਸਾ ਨਹੀਂ ਤਾਂ ਉਹ ਕ੍ਰਾਈਮ ਬ੍ਰਾਂਚ ਜਾਂ ਕਿਸੇ ਹੋਰ ਏਜੰਸੀ ਤੋਂ ਜਾਂਚ ਕਰਵਾ ਸਕਦੇ ਹਨ। ਪਰਿਵਾਰ ਨੇ ਪੁਲੀਸ ’ਤੇ ਵਿਸ਼ਵਾਸ ਤਾਂ ਪ੍ਰਗਟਾਇਆ ਪਰ ਉਹ ਸਸਕਾਰ ਲਈ ਸਹਿਮਤ ਨਹੀਂ ਹੋਏ। ਡੀ.ਐਸ.ਪੀ ਖਹਿਰਾ ਨੇ ਕਿਹਾ ਕਿ ਪੁਲੀਸ ਦੀ ਜਾਂਚ ’ਚ ਅਜੇ ਤੱਕ ਕਿਸੇ ਅਣਪਛਾਤੇ ਦੀ ਭੂਮਿਕਾ ਸਾਬਿਤ ਨਹੀ ਹੋਈ। ਪਰਿਵਾਰ ਵੱਲੋਂ ਨਾਮਜ਼ਦ ਕਰਵਾਏ ਗਏ ਚਾਰ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜੇ ਉਨ੍ਹਾਂ ਨੂੰ ਕਿਸੇ ਹੋਰ ਵਿਅਕਤੀ ਤੇ ਸ਼ੱਕ ਹੈ ਤਾਂ ਉਹ ਉਸਦੇ ਖ਼ਿਲਾਫ਼ ਵੀ ਬਿਆਨ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜਿਸ ਵਿਅਕਤੀ ਦੀ ਭੂਮਿਕਾ ਸ਼ਾਹਮਣੇ ਆਵੇਗੀ ਉਸ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।