ਪੱਤਰ ਪ੍ਰੇਰਕ
ਲਾਲੜੂ, 19 ਮਾਰਚ
ਰੰਗਾਂ ਦਾ ਤਿਉਹਾਰ ਹੋਲੀ ਇਲਾਕੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਦੌਰਾਨ ਸਵੇਰ ਤੋਂ ਹੀ ਲੋਕ ਜਿੱਥੇ ਘਰਾਂ ਵਿੱਚ ਜਾ ਕੇ ਇਕ ਦੂਜੇ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਿੰਡਾਂ ਵਿੱਚ ਲੋਕਾਂ ਨੇ ਰੰਗ ਅਤੇ ਗੁਲਾਲ ਦੀ ਬਜਾਏ ਗੋਬਰ ਤੇ ਚਿੱਕੜ ਨਾਲ ਹੋਲੀ ਖੇਡੀ, ਜਿਸ ਦਾ ਮਜ਼ਾ ਲੈਣ ਵਾਸਤੇ ਲੋਕ ਕਈ ਥਾਵਾਂ ’ਤੇ ਇਕੱਠੇ ਹੋਏ ਹੋਏ ਸਨ। ਇਸੇ ਦੌਰਾਨ ਬਹੁਤ ਸਾਰੇ ਨੌਜਵਾਨਾਂ ਨੇ ਸੜਕਾਂ ਅਤੇ ਬਾਜ਼ਾਰਾਂ ਵਿੱਚ ਘੁੰਮ ਕੇ ਹੋਲੀ ਮਨਾਈ, ਜੋ ਮੋਟਰਸਾਈਕਲ ’ਤੇ ਤਿੰਨ-ਤਿੰਨ, ਚਾਰ-ਚਾਰ ਜਣੇ ਬੈਠ ਕੇ ਸ਼ੋਰ ਮਚਾ ਰਹੇ ਸਨ ਅਤੇ ਉਨ੍ਹਾਂ ਵੱਲੋਂ ਰਾਹਗੀਰ ਲੋਕਾਂ ਨੂੰ ਵੀ ਜਬਰੀ ਰੰਗ ਲਾਇਆ ਗਿਆ। ਦੁਪਹਿਰ ਤੱਕ ਇਹ ਸਿਲਸਲਾ ਪੂਰੀ ਤੇਜ਼ੀ ਨਾਲ ਚਲਦਾ ਰਿਹਾ, ਪਰ ਬਾਅਦ ਦੁਪਹਿਰ ਪੁਲੀਸ ਵਲੋਂ ਮੁੱਖ ਬਾਜ਼ਾਰ ਨੇੜੇ ਅੰਡਰਬ੍ਰਿਜ ਕੋਲ ਨਾਕੇਬੰਦੀ ਕਰਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਦੇ ਮੋਟਰਸਾਈਕਲਾਂ ਦੇ ਚਲਾਨ ਕੀਤੇ।
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਐਕਟਿੰਗ ਪ੍ਰਧਾਨ ਤੇ ਕੌਂਸਲਰ ਰਜਿੰਦਰ ਬਿੱਟੂ ਨੇ ਵਾਰਡ ਵਾਸੀਆਂ ਨਾਲ ਹੋਲੀ ਮਨਾਈ। ਉਨ੍ਹਾਂ ਕਿਹਾ ਕਿ ਸਭ ਨੂੰ ਸਾਰੇ ਤਿਉਹਾਰ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਸਮਾਜ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾ ਸਕੇ। ਇਸੇ ਦੌਰਾਨ ਪਿੰਡ ਭਗੜਾਣਾ ਦੇ ਨੌਜਵਾਨਾਂ ਵੀ ਰਲ ਮਿਲ ਕੇ ਹੋਲੀ ਮਨਾਈ।
ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡਾਂ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ, ਕਾਂਸਲ ਆਦਿ ਵਿੱਚ ਲੋਕਾਂ ਅਤੇ ਬੱਚਿਆਂ ਨੇ ਉਤਸ਼ਾਹ ਨਾਲ ਹੋਲੀ ਮਨਾਈ ਅਤੇ ਇੱਕ ਦੂਜੇ ’ਤੇ ਰੰਗ ਸੁੱਟ ਕੇ ਖੁਸ਼ੀ ਸਾਂਝੀ ਕੀਤੀ। ਇਸੇ ਦੌਰਾਨ ਇਲਾਕੇ ਵਿੱਚ ਕੁਝ ਥਾਈਂ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਕਈ ਨੌਜਵਾਨਾਂ ਨੇ ਹੋਲੀ ਮਨਾਉਂਦਿਆਂ ਰਾਹਗੀਰਾਂ ’ਤੇ ਵੀ ਰੰਗ ਸੁੱਟਣ ਤੋਂ ਗੁਰੇਜ਼ ਨਹੀਂ ਕੀਤਾ। ਪੁਲੀਸ ਵੱਲੋਂ ਕਥਿਤ ਹੁੱਲੜਬਾਜ਼ਾਂ ਨੂੰ ਰੋਕਣ ਕੋਈ ਗਸ਼ਤ ਨਹੀਂ ਕੀਤੀ ਗਈ।
ਖਮਾਣੋਂ (ਨਿੱਜੀ ਪੱਤਰ ਪ੍ਰੇਰਕ): ਖਮਾਣੋਂ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੇ ਇੱਕ-ਦੂਜੇ ’ਤੇ ਰੰਗ ਪਾ ਕੇ ਸੁੱਟ ਕੇ ਹੋਲੀ ਮਨਾਈ। ਖਮਾਣੋਂ ਦੇ ਦੁਰਗਾ ਮੰਦਰ, ਸੀਤਾ ਰਾਮ ਮੰਦਰ ਅਤੇ ਸੀਤਲਾ ਮੰਦਰ ਖਮਾਣੋਂ ਵਿੱਚ ਵੀ ਫੁੱਲਾਂ ਦੀ ਹੋਲੀ ਖੇਡੀ ਗਈ।
ਨਾਕਿਆਂ ਦੇ ਬਾਵਜੂਦ ਹੁੱਲੜਬਾਜ਼ਾਂ ਨੇ ਉਡਾਈਆਂ ਨੇਮਾਂ ਦੀ ਧੱਜੀਆਂ
ਪੰਚਕੂਲਾ (ਪੱਤਰ ਪ੍ਰੇਰਕ): ਪੰਚਕੂਲਾ ਜ਼ਿਲ੍ਹੇ ਵਿੱਚ ਹੋਲੀ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸੇ ਦੌਰਾਨ ਜ਼ਿਲ੍ਹੇ ਵਿੱਚ ਪੁਲੀਸ ਵੱਲੋਂ 34 ਨਾਕੇ ਲਾਏ ਗਏ ਸਨ ਪਰ ਹੁੱਲੜਬਾਜ਼ ਫਿਰ ਵੀ ਕਰੋਨਾ ਨੇਮਾ ਅਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ। ਸੈਕਟਰ-16 ਦੇ ਅਗਰਵਾਲ ਭਵਨ ਅਤੇ ਸੈਕਟਰ-20 ਦੀ ਸਨਸਿਟੀ ਸੁਸਾਇਟੀ ਹੋਲੀ ਮਨਾਈ ਗਈ, ਜਿੱਥੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਅਗਰਵਾਲ ਸਮਾਜ ਦੇ ਲੋਕਾਂ ਨਾਲ ਹੋਲੀ ਖੇਡੀ ਤੇ ਤਿਉਹਾਰ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਪੰਚਕੂਲਾ ਸੈਕਟਰ-20 ਦੇ ਕਾਲੀ ਮਾਤਾ ਮੰਦਰ, ਸੈਕਟਰ-15 ਦੇ ਰਘੂਨਾਥ ਮੰਦਰ, ਸੈਕਟਰ-9 ਦੇ ਪ੍ਰਾਚੀਨ ਸ਼ਿਵ ਮੰਦਰ ਤੇ ਹੋਰ ਕਈ ਮੰਦਰਾਂ ਵਿੱਚ ਪੂਜਾ ਅਰਚਨਾ ਕੀਤੀ ਗਈ। ਮੋਰਨੀ, ਪਿੰਜੌਰ, ਅਤੇ ਬਰਵਾਲਾ ਵਿੱਚ ਵੀ ਲੋਕਾਂ ਨੇ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ।