ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 19 ਮਾਰਚ
ਇੱਥੇ ਪਿਓ-ਪੁੱਤ ਵੱਲੋਂ ਇੱਕ ਪਟਵਾਰੀ ਨਾਲ ਮਿਲ ਕੇ ਨੇੜਲੇ ਪਿੰਡ ਰਾਮਸਰਾ ਦੇ ਇੱਕ ਵਿਅਕਤੀ ਦੇ ਲੜਕੇ ਨੂੰ ਪੁਲੀਸ ’ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਮਸਰਾ ਨੇ ਐੱਸ.ਐੱਸ.ਪੀ. ਬਠਿੰਡਾ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਧਰਮਵੀਰ ਸਿੰਘ ਵਾਸੀ ਤਰਨ ਤਾਰਨ ਦੇ ਪਿਤਾ ਗੁਰਚੇਤ ਸਿੰਘ ਨਾਲ ਉਨ੍ਹਾਂ ਦਾ ਨਜ਼ਦੀਕੀ ਸਬੰਧ ਸੀ। ਉਸ ਨੇ ਦੋਸ਼ ਲਾਇਆ ਕਿ ਇਸ ਗੱਲ ਦਾ ਲਾਭ ਚੁੱਕ ਕੇ ਧਰਮਬੀਰ ਸਿੰਘ ਨੇ ਪੁਲੀਸ ਵਿਭਾਗ ਦੇ ਉੱਚ ਅਫ਼ਸਰਾਂ ਤੱਕ ਚੰਗੀ ਪਹੁੰਚ ਦਾ ਝਾਂਸਾ ਦੇ ਕੇ ਉਸ ਦੇ ਲੜਕੇ ਓਮਕਾਰ ਸਿੰਘ ਨੂੰ ਪੁਲੀਸ ਵਿੱਚ ਭਰਤੀ ਕਰਵਾਉਣ ਦੀ ਗੱਲ ਆਖੀ ਜਿਸ ਬਦਲੇ ਉਸ ਨੇ 20 ਲੱਖ ਰੁਪਏ ਦੀ ਮੰਗ ਕੀਤੀ ਤੇ ਕਈ ਕਿਸ਼ਤਾਂ ’ਚ ਇਹ ਰਕਮ ਹਾਸਲ ਲੈ ਲਈ। ਇਸ ਮਾਮਲੇ ਵਿੱਚ ਕਥਿਤ ਦੋਸ਼ੀ ਦੇ ਪਿਤਾ ਗੁਰਚੇਤ ਸਿੰਘ ਅਤੇ ਇੱਕ ਪਟਵਾਰੀ ਨੇ ਵੀ ਸਾਥ ਦਿੱਤਾ ਜਿਸ ਦੌਰਾਨ 21 ਮਈ 2021 ਨੂੰ ਗੁਰਚੇਤ ਸਿੰਘ ਦੀ ਮੌਤ ਹੋ ਗਈ। ਐੱਸ.ਐੱਸ.ਪੀ. ਬਠਿੰਡਾ ਵੱਲੋਂ ਕਰਵਾਈ ਜਾਂਚ ਵਿੱਚ ਧਰਮਵੀਰ ਸਿੰਘ ਅਤੇ ਹਿੰਮਤ ਸਿੰਘ ਪਟਵਾਰੀ ਦੋਸ਼ੀ ਮਿਲਣ ’ਤੇ ਦੋਵਾਂ ਵਿਰੁੱਧ ਰਾਮਾਂ ਥਾਣੇ ਵਿੱਚ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ।
ਸ਼ੇਅਰ ਦਿਵਾਉਣ ਦਾ ਝਾਂਸਾ ਦੇ ਕੇ ਦੋ ਲੱਖ ਰੁਪਏ ਠੱਗੇ
ਕੋਟਕਪੂਰਾ: ਕੋਟਕਪੂਰਾ ਸਿਟੀ ਪੁਲੀਸ ਨੇ ਸ਼ੇਅਰ ਮਾਰਕੀਟ ਵਿੱਚ 2 ਲੱਖ ਰੁਪਏ ਦਾ ਠੱਗੀ ਮਾਰਨ ਦੇ ਦੋਸ਼ ਹੇਠ ਰਵਿੰਦਰ ਸਿੰਘ ਰਾਜਪੂਤ ਵਾਸੀ ਨਿਹਾਲ ਸਿੰਘ ਵਾਲਾ (ਮੋਗਾ) ਖਿਲਾਫ਼ ਧੋਖਾਧੜੀ ਦਾ ਕੇਸ ਉੱਚ ਅਧਿਕਾਰੀ ਦੀ ਪੜਤਾਲ ਮਗਰੋਂ ਕੋਟਕਪੂਰਾ ਵਾਸੀ ਮਨਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸ਼ੇਅਰ ਮਾਰਕੀਟ ਦਾ ਕੰਮ ਕਰਦਾ ਹੈ ਤੇ ਮੁਲਜ਼ਮ ਨੇ ਉਸ ਨੂੰ ਭਰੋਸੇ ਵਿੱਚ ਲੈ ਕੇ ਸ਼ੇਅਰ ਦਿਵਾਉਣ ਲਈ ਇਹ ਰਕਮ ਲਈ ਸੀ ਪਰ ਮਗਰੋਂ ਸ਼ੇਅਰ ਵੀ ਨਹੀਂ ਦਿਵਾਏ ਤੇ ਰਕਮ ਹੜਪ ਲਈ। -ਟਨਸ