ਦਰਸ਼ਨ ਸਿੰਘ ਸੋਢੀ
ਮੁਹਾਲੀ, 20 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਥੋਂ ਦੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਪਿੰਡ ਬੜੀ ਦੀ ਗ੍ਰਾਮ ਪੰਚਾਇਤ ’ਤੇ ਦਬਾਅ ਪਾ ਕੇ ਕਰੀਬ 7 ਏਕੜ 3 ਕਨਾਲ ਜ਼ਮੀਨ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਣ ਦਾ ਮਤਾ ਪਾਸ ਕਰਵਾਇਆ ਗਿਆ ਹੈ। ਅੱਜ ਇੱਥੇ ਪੱਤਰਕਾਰਾਂ ਸਾਹਮਣੇ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਹਾਲਾਂਕਿ ਪਿੰਡ ਵਾਸੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤੇ ਜਾਣ ’ਤੇ ਸ੍ਰੀ ਸਿੱਧੂ ਨੇ ਪੰਚਾਇਤ ਨੂੰ ਮਤਾ ਰੱਦ ਕਰਨ ਦੀ ਗੱਲ ਵੀ ਆਖੀ ਸੀ ਪਰ ਇਹ ਮਤਾ ਰੱਦ ਨਹੀਂ ਹੋਇਆ, ਸਗੋਂ 25 ਅਕਤੂਬਰ ਨੂੰ ਸ਼ਾਮਲਾਤ ਜ਼ਮੀਨ ਦੀ ਬੋਲੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਪਿਛਲੇ ਦਰਵਾਜ਼ੇ ਰਾਹੀਂ ਘੱਟ ਕੀਮਤ ’ਤੇ ਪ੍ਰਾਈਵੇਟ ਫਰਮ ਨੂੰ ਬਹੁ-ਕਰੋੜੀ ਜ਼ਮੀਨ 33 ਸਾਲਾ ਲੀਜ਼ ’ਤੇ ਦੇਣ ਲਈ ਕਾਹਲੇ ਹਨ। ਇਸ ਤੋਂ ਪਹਿਲਾਂ ਵੀ ਬਲੌਂਗੀ, ਦੈੜੀ, ਤੰਗੋਰੀ, ਕੁਰੜਾ ਸਮੇਤ ਹੋਰ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਕਥਿਤ ਤੌਰ ’ਤੇ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਿੰਡ ਬੜੀ ਦੀ ਜ਼ਮੀਨ ਦੀ ਕੀਮਤ 60 ਕਰੋੜ ਰੁਪਏ ਹੈ ਪਰ ਸਰਕਾਰ ਦੋ ਕਰੋੜ ਵਿੱਚ ਇਹ ਜ਼ਮੀਨ ਦੇਣ ਨੂੰ ਤਿਆਰ ਹੈ। ਉਨ੍ਹਾਂ ਨੇ ਵਾਇਰਲ ਹੋਈ ਵੀਡੀਓ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਪੰਚ ਖ਼ੁਦ ਕਹਿ ਰਿਹਾ ਹੈ ਕਿ ਸ੍ਰੀ ਸਿੱਧੂ ਦੇ ਦਬਾਅ ਕਾਰਨ ਇਹ ਜ਼ਮੀਨ ਲੀਜ਼ ’ਤੇ ਦੇਣ ਦਾ ਮਤਾ ਪਾਇਆ ਗਿਆ ਹੈ। ਗਰਾਮ ਸਭਾ ਦੇ ਸਖ਼ਤ ਵਿਰੋਧ ਕਰਨ ਦੇ ਬਾਵਜੂਦ ਜ਼ਮੀਨ ਦੀ ਨਿਲਾਮੀ ਦਾ ਇਸ਼ਤਿਹਾਰ ਜਾਰੀ ਕੀਤਾ ਗਿਆ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਵਫ਼ਦ ਪੰਚਾਇਤ ਮੰਤਰੀ, ਸਕੱਤਰ ਅਤੇ ਡਾਇਰੈਕਟਰ ਨੂੰ ਮਿਲੇਗਾ। ਜੇ ਸ਼ਾਮਲਾਤ ਜ਼ਮੀਨ ਦੀ ਬੋਲੀ ਰੱਦ ਨਹੀਂ ਕੀਤੀ ਤਾਂ ਅਕਾਲੀ ਦਲ ਅਦਾਲਤ ਦਾ ਬੂਹਾ ਖੜਕਾਏਗਾ ਅਤੇ ਲੋੜ ਪੈਣ ’ਤੇ ਜਨ ਅੰਦੋਲਨ ਵਿੱਢਿਆ ਜਾਵੇਗਾ।
ਇਸ ਮੌਕੇ ਅਕਾਲੀ ਦਲ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਸਿਮਰਨਜੀਤ ਸਿੰਘ ਚੰਦੂਮਾਜਰਾ, ਅਕਾਲੀ-ਬਸਪਾ ਦੇ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਮੀਤ ਸਿੰਘ ਬਾਕਰਪੁਰ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਸਰਬਜੀਤ ਸਿੰਘ ਪਾਰਸ, ਪ੍ਰਦੀਪ ਸਿੰਘ ਭਾਰਜ, ਗੁਰਪ੍ਰਤਾਪ ਬੜੀ, ਕਰਮਜੀਤ ਕੰਮਾ, ਟਕਸਾਲੀ ਆਗੂ ਜਥੇਦਾਰ ਕਰਤਾਰ ਸਿੰਘ ਤਸਿੰਬਲੀ, ਗੁਰਮੀਤ ਸਿੰਘ ਸ਼ਾਮਪੁਰ, ਹਰਪਾਲ ਸਿੰਘ ਬਰਾੜ, ਅਵਤਾਰ ਗੋਸਲ, ਗੁਰਪ੍ਰੀਤ ਸਿੱਧੂ, ਬਲਵਿੰਦਰ ਸਿੰਘ, ਓਐੱਸਡੀ ਹਰਦੇਵ ਹਰਪਾਲਪੁਰ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕ ਹਾਜ਼ਰ ਸਨ।
ਇਸ ਦੌਰਾਨ ਸਾਬਕਾ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਸਪੱਸ਼ਟ ਕੀਤਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਅਕਾਲੀ ਆਗੂ ਜਾਣਬੁੱਝ ਕੇ ਉਨ੍ਹਾਂ ਨੂੰ ਬਦਨਾਮ ਕਰ ਰਹੇ ਹਨ। ਅਕਾਲੀ ਦਲ ਵਿਕਾਸ ਦੇ ਰਾਹ ਵਿੱਚ ਅੜਿੱਕੇ ਪਾ ਰਿਹਾ ਹੈ। ਬੜੀ ਵਿੱਚ ਦਿਲ ਦੇ ਰੋਗਾਂ ਦਾ ਹਸਪਤਾਲ ਬਣਨਾ ਹੈ, ਜਿਸ ਦਾ ਲੋਕਾਂ ਨੂੰ ਵੱਡਾ ਲਾਭ ਮਿਲਣਾ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਮੁਹਾਲੀ ਹਲਕੇ ਦੇ ਲੋਕਾਂ ਦੇ ਭਲੇ ਲਈ ਆਪਣੀ 6 ਏਕੜ ਜ਼ਮੀਨ ਮੁਫ਼ਤ ਦੇਣ ਨੂੰ ਤਿਆਰ ਹਨ। ਉਨ੍ਹਾਂ ਨੇ ਸ੍ਰੀ ਚੰਦੂਮਾਜਰਾ ਨੂੰ ਸਵਾਲ ਕੀਤਾ ਕਿ ਅਕਾਲੀ ਸਰਕਾਰ ਵੇਲੇ ਜਦੋਂ ਆਈਐਸਬੀ, ਮੈਕਸ ਹਸਪਤਾਲ, ਜੇਸੀਟੀ ਨੂੰ ਲੀਜ਼ ’ਤੇ ਜ਼ਮੀਨਾਂ ਦਿੱਤੀਆਂ ਗਈਆਂ ਸਨ, ਉਦੋਂ ਉਹ (ਚੰਦੂਮਾਜਰਾ) ਕਿਉਂ ਨਹੀਂ ਬੋਲੇ। ਉਨ੍ਹਾਂ ਅਕਾਲੀ ਦਲ ਨੂੰ ਮੁੱਦਾਹੀਣ ਦੱਸਦਿਆਂ ਕਿਹਾ ਕਿ ਚੋਣਾਂ ਨੇੜੇ ਆਉਣ ਕਾਰਨ ਅਕਾਲੀ ਘਟੀਆ ਰਾਜਨੀਤੀ ’ਤੇ ਉਤਰ ਆਏ ਹਨ ਅਤੇ ਮੁਹਾਲੀ ਦਾ ਸਰਬਪੱਖੀ ਵਿਕਾਸ ਹੁੰਦਾ ਦੇਖ ਕੇ ਵਿਰੋਧੀ ਬੁਖਲਾ ਗਏ ਹਨ।