ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਾਰਚ
ਚੰਡੀਗੜ੍ਹ ਪੁਲੀਸ ਨੇ ਸਾਈਕਲ ਚੋਰੀ ਦੇ ਵੱਖ-ਵੱਖ ਮਾਮਲਿਆਂ ਵਿਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਚੋਰੀ ਕੀਤੀਆਂ 18 ਸਾਈਕਲਾਂ ਬਰਾਮਦ ਹੋਈਆਂ ਹਨ। ਇਹ ਕਾਰਵਾਈ ਥਾਣਾ ਸੈਕਟਰ-19 ਦੀ ਪੁਲੀਸ ਨੇ ਕੀਤੀ ਹੈ।
ਪੁਲੀਸ ਨੇ ਸਾਈਕਲ ਚੋਰੀ ਦੇ ਇਕ ਮਾਮਲੇ ਵਿੱਚ ਹਰੀਸ਼ ਵਾਸੀ ਸੈਕਟਰ-52 ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਚੋਰੀ ਦੀਆਂ ਕੁੱਲ 15 ਸਾਈਕਲਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ਸਾਈਕਲਾਂ ਦੀ ਕੁੱਲ ਕੀਮਤ 1.80 ਲੱਖ ਰੁਪਏ ਦੇ ਕਰੀਬ ਬਣਦੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਸ ਦਾ ਸਾਈਕਲ ਘਰ ਦੇ ਮੂਹਰੇ ਤੋਂ ਚੋਰੀ ਹੋ ਗਿਆ ਹੈ। ਪੁਲੀਸ ਨੇ ਉਕਤ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਚੋਰੀ ਦੀ ਸਾਈਕਲ ਸਣੇ ਕਾਬੂ ਕਰ ਲਿਆ ਹੈ। ਉਸ ਕੋਲੋਂ ਦੋ ਹੋਰ ਸਾਈਕਲਾਂ ਬਰਾਮਦ ਕੀਤੀਆਂ ਗਈਆਂ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁੱਛਗਿਛ ਦੌਰਾਨ ਉਸ ਪਾਸੋਂ 12 ਹੋਰ ਸਾਈਕਲਾਂ ਬਰਾਮਦ ਕੀਤੀਆਂ ਗਈਆਂ। ਇਸ ਦੌਰਾਨ ਪੁਲੀਸ ਨੇ ਮੁਲਜ਼ਮ ਕੋਲੋਂ ਕੁੱਲ 15 ਸਾਈਕਲਾਂ ਬਰਾਮਦ ਕੀਤੀਆਂ ਹਨ। ਸਾਈਕਲਾਂ ਦੀ ਕੁੱਲ ਕੀਮਤ 1.80 ਲੱਖ ਰੁਪਏ ਦੇ ਕਰੀਬ ਬਣਦੀ ਹੈ। ਪੁਲੀਸ ਉਕਤ ਮਾਮਲੇ ਸਬੰਧੀ ਪੁੱਛਗਿਛ ਕਰ ਰਹੀ ਹੈ।
ਇਸੇ ਤਰ੍ਹਾਂ ਇਕ ਵੱਖਰੇ ਮਾਮਲੇ ਵਿੱਚ ਥਾਣਾ ਸੈਕਟਰ-39 ਦੀ ਪੁਲੀਸ ਨੇ ਵਿਕਾਸ ਚੌਹਾਨ ਵਾਸੀ ਧਨਾਸ ਨੂੰ ਕਾਬੂ ਕੀਤਾ ਹੈ। ਇਹ ਕਾਰਵਾਈ ਜਤਿਨ ਚੌਧਰੀ ਵਾਸੀ ਸੈਕਟਰ-38 ਸੀ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਕੋਈ ਉਸ ਦੇ ਘਰ ਦੇ ਬਾਹਰ ਤੋਂ ਸਾਈਕਲ ਚੋਰੀ ਕਰ ਕੇ ਫ਼ਰਾਰ ਹੋ ਗਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਵੱਖਰੇ ਮਾਮਲੇ ਵਿੱਚ ਥਾਣਾ ਸੈਕਟਰ-36 ਦੀ ਪੁਲੀਸ ਨੇ ਲਾਲੂ ਵਾਸੀ ਕਜਹੇੜੀ ਨੂੰ ਸੈਕਟਰ-42 ਵਿੱਚੋਂ ਚੋਰੀ ਦੇ ਸਾਈਕਲ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਕੀਤੀ ਪੁੱਛਗਿਛ ਦੇ ਆਧਾਰ ’ਤੇ ਇਕ ਹੋਰ ਸਾਈਕਲ ਬਰਾਮਦ ਕੀਤਾ ਹੈ।