ਮੁੱਖ ਅੰਸ਼
- ਕਿਰਾਇਆ ਜਮ੍ਹਾਂ ਕਰਵਾਉਣ ਦੇ ਬਾਵਜੂਦ ਮਿਲੇ ਅਲਾਟਮੈਂਟ ਰੱਦ ਕਰਨ ਸਬੰਧੀ ਨੋਟਿਸ
- ਜਮ੍ਹਾਂ ਕਰਵਾਇਆ ਕਿਰਾਇਆ ਬੋਰਡ ਦੀ ਵੈੱਬਸਾਈਟ ’ਤੇ ਨਹੀਂ ਹੋਇਆ ਅਪਡੇਟ
ਮੁਕੇਸ਼ ਕੁਮਾਰ
ਚੰਡੀਗੜ੍ਹ, 19 ਮਾਰਚ
ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਦੀ ਗਲਤੀ ਦਾ ਖ਼ਾਮਿਆਜ਼ਾ ਕਿਫਾਇਤੀ ਰੈਂਟਲ ਹਾਊਸਿੰਗ ਸਕੀਮ ਤਹਿਤ ਅਲਾਟ ਹੋਏ ਛੋਟੇ ਫਲੈਟਾਂ ਦੇ ਅਲਾਟੀਆਂ ਨੂੰ ਭੁਗਤਣਾ ਪੈ ਰਿਹਾ ਹੈ। ਬੋਰਡ ਦੀ ਇਕ ਤਕਨੀਕੀ ਖਾਮੀ ਕਾਰਨ ਕਈ ਅਲਾਟੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਅਤੇ ਫਲੈਟ ਦਾ ਕਿਰਾਇਆ ਭਰਨ ਦੇ ਬਾਵਜੂਦ ਬੋਰਡ ਵੱਲੋਂ ਮਿਲੇ ਫਲੈਟ ਰੱਦ ਹੋਣ ਦੇ ਨੋਟਿਸਾਂ ਕਾਰਨ ਅਲਾਟੀਆਂ ਵਿਚ ਡਰ ਦਾ ਮਾਹੌਲ ਹੈ।
ਜ਼ਿਕਰਯੋਗ ਹੈ ਕਿ ਸੀਐੱਚਬੀ ਨੇ ਕਿਰਾਇਆ ਨਾ ਦੇਣ ’ਤੇ 11,641 ਅਲਾਟੀਆਂ ਨੂੰ ਫਲੈਟ ਰੱਦ ਕਰਨ ਦੇ ਨੋਟਿਸ ਭੇਜੇ ਹਨ। ਨੋਟਿਸ ਮਿਲਣ ਤੋਂ ਬਾਅਦ ਬਹੁਤ ਸਾਰੇ ਅਲਾਟੀਆਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਬਾਕਾਇਦਾ ਆਪਣੇ ਫਲੈਟਾਂ ਦਾ ਕਿਰਾਇਆ ਜਮ੍ਹਾਂ ਕਰਵਾਇਆ ਹੋਇਆ ਹੈ, ਪਰ ਜਮ੍ਹਾਂ ਕਰਵਾਏ ਗਏ ਕਿਰਾਏ ਦੀ ਰਕਮ ਬੋਰਡ ਦੀ ਵੈੱਬਸਾਈਟ ’ਤੇ ਅਪਡੇਟ ਨਹੀਂ ਕੀਤੀ ਗਈ। ਬੋਰਡ ਵੱਲੋਂ ਨੋਟਿਸ ਮਿਲਣ ’ਤੇ ਇਹ ਅਲਾਟੀ ਇਸ ਗਲਤੀ ਨੂੰ ਸੁਧਾਰਨ ਲਈ ਸੀਐੱਚਬੀ ਦਫ਼ਤਰ ਦੇ ਚੱਕਰ ਲਗਾ ਰਹੇ ਹਨ। ਸੀਐੱਚਬੀ ਨੇ ਪਿਛਲੇ ਸਾਲ ਛੋਟੇ ਫਲੈਟਾਂ ਦੇ ਵਸਨੀਕਾਂ ਲਈ ਕਿਫਾਇਤੀ ਰੈਂਟਲ ਹਾਊਸਿੰਗ ਸਕੀਮ ਅਤੇ ‘ਅਕਾਊਂਟ ਸਟੇਟਮੈਂਟ’ ਦੀ ਸੁਵਿਧਾ ਵੀ ਸ਼ੁਰੂ ਕੀਤੀ ਸੀ। ਇਸ ਵਿੱਚ ਬੋਰਡ ਦੇ ਅਲਾਟੀ ਆਪਣੇ ਫਲੈਟਾਂ ਦੀਆਂ ਕਿਸ਼ਤਾਂ ਦਾ ਵੇਰਵਾ ਦੇਖ ਸਕਦੇ ਹਨ ਕਿ ਉਨ੍ਹਾਂ ਨੇ ਹੁਣ ਤੱਕ ਕਦੋਂ ਅਤੇ ਕਿੰਨਾ ਕਿਰਾਇਆ ਅਦਾ ਕੀਤਾ ਹੈ ਪਰ ਪਿਛਲੇ ਦਿਨੀਂ ਜਦੋਂ ਸੀਐੱਚਬੀ ਨੇ ਨੋਟਿਸ ਭੇਜੇ ਤਾਂ ਉਨ੍ਹਾਂ ਦੀ ਨੀਂਦ ਉੱਡ ਗਈ ਅਤੇ ਫਲੈਟਾਂ ਦੇ ਅਲਾਟੀ ਹੈਰਾਨ ਰਹਿ ਗਏ ਕਿ ਉਨ੍ਹਾਂ ਨੇ ਤਾਂ ਪੂਰਾ ਕਿਰਾਇਆ ਭਰਿਆ ਹੋਇਆ ਹੈ, ਫਿਰ ਉਨ੍ਹਾਂ ਨੂੰ ਨੋਟਿਸ ਕਿਉਂ ਮਿਲਿਆ ਹੈ। ਮਾਮਲੇ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਅਲਾਟੀਆਂ ਨੇ ਆਪੋ-ਆਪਣੇ ਫਲੈਟਾਂ ਦੀਆਂ ਜਿਹੜੀਆਂ ਕਿਸ਼ਤਾਂ ਜਮ੍ਹਾਂ ਕਰਵਾਈਆਂ ਹਨ, ਉਹ ਸੀਐੱਚਬੀ ਦੀ ਵੈੱਬਸਾਈਟ ’ਤੇ ਅਪਡੇਟ ਹੀ ਨਹੀਂ ਹੋਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਜੋ ਰਕਮ ਲੋਕਾਂ ਨੇ ਕਈ ਸਾਲ ਪਹਿਲਾਂ ਜਮ੍ਹਾਂ ਕਰਵਾਈ ਸੀ, ਉਸ ਨੂੰ ਵੀ ਵੈੱਬਸਾਈਟ ’ਤੇ ਅਪਡੇਟ ਨਹੀਂ ਕੀਤਾ ਗਿਆ, ਇਸ ਲਈ ਸੀਐੱਚਬੀ ਨੇ ਨੋਟਿਸ ਭੇਜ ਕੇ ਮਕਾਨ ਰੱਦ ਕਰਨ ਦੀ ਚਿਤਾਵਨੀ ਦਿੱਤੀ ਹੈ। ਸੀਐੱਚਬੀ ਦੀ ਗਲਤੀ ਕਾਰਨ ਉਸ ਰਕਮ ’ਤੇ 12 ਫੀਸਦੀ ਵਿਆਜ ਵਸੂਲਿਆ ਜਾ ਰਿਹਾ ਹੈ। ਫਲੈਟਾਂ ਦੇ ਅਲਾਟੀਆਂ ਕੋਲ ਬਾਕਾਇਦਾ ਬੋਰਡ ਵੱਲੋਂ ਦਿੱਤੀਆਂ ਗਈਆਂ ਰਸੀਦਾਂ ਵੀ ਹਨ। ਨੋਟਿਸ ਪ੍ਰਾਪਤ ਕਰਨ ਵਾਲੇ ਅਲਾਟੀ ਬੋਰਡ ਦੀ ਇਸ ਤਕਨੀਕੀ ਗਲਤ ਦਾ ਖ਼ਾਮਿਆਜਾ ਭੁਗਤ ਰਹੇ ਹਨ ਅਤੇ ਇਸ ਗਲਤੀ ਨੂੰ ਠੀਕ ਕਰਵਾਉਣ ਲਈ ਬੋਰਡ ਦੇ ਦਫ਼ਤਰ ਦੇ ਚੱਕਰ ਕੱਟ ਰਹੇ ਹਨ। ਬੋਰਡ ਦੀ ਇਸ ਗਲਤੀ ਕਾਰਨ ਫਲੈਟਾਂ ਦੇ ਅਲਾਟੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਾਰਵਾਈ ਤੋਂ ਪਹਿਲਾਂ ਅਲਾਟੀਆਂ ਨੂੰ ਪੂਰਾ ਮੌਕਾ ਦਿੱਤਾ ਜਾਵੇਗਾ: ਸੀਈਓ
ਇਸ ਬਾਰੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਸ਼ਪਾਲ ਗਰਗ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਕਿਰਾਏ ਦੀ ਕਿਸ਼ਤ ਜਮ੍ਹਾਂ ਕਰਵਾਉਣ ਸਬੰਧੀ ਕੋਈ ਰਸੀਦ ਹੈ ਜੋ ਉਨ੍ਹਾਂ ਦੇ ਆਨਲਾਈਨ ਖਾਤੇ ਦੀ ਸਟੇਟਮੈਂਟ ਵਿੱਚ ਦਿਖਾਈ ਨਹੀਂ ਦੇ ਰਹੀ ਹੈ ਤਾਂ ਉਹ ਇਸ ਬਾਰੇ ਇੱਕ ਪੱਤਰ ਲਿਖ ਕੇ ਹਾਊਸਿੰਗ ਬੋਰਡ ਦੀ ਰਿਸੈਪਸ਼ਨ ’ਤੇ ਰਸੀਦ ਸਮੇਤ ਜਮ੍ਹਾਂ ਕਰ ਸਕਦਾ ਹੈ। ਬੋਰਡ ਉਸ ਰਕਮ ਨੂੰ ਰਸੀਦ ’ਤੇ ਦੱਸੇ ਦਿਨ ਦੇ ਅੰਦਰ-ਅੰਦਰ ਵੈੱਬਸਾਈਟ ’ਤੇ ਅਪਡੇਟ ਕਰੇਗਾ ਅਤੇ ਫਿਰ ਵਿਆਜ਼ ਦੀ ਰਕਮ ਨੂੰ ਵੀ ਦਰੁਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਲਾਟੀ ’ਤੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪੂਰਾ ਮੌਕਾ ਦਿੱਤਾ ਜਾਵੇਗਾ ਤਾਂ ਜੋ ਉਹ ਦੱਸ ਸਕਣ ਕਿ ਉਨ੍ਹਾਂ ਨੇ ਹੁਣ ਤੱਕ ਕਿੰਨੇ ਪੈਸੇ ਜਮ੍ਹਾਂ ਕਰਵਾਏ ਹਨ। ਹਾਊਸਿੰਗ ਬੋਰਡ ਵੱਲੋਂ ਅਜਿਹੇ ਅਲਾਟੀਆਂ ਦਾ ਆਨਲਾਈਨ ਰਿਕਾਰਡ ਵੀ ਠੀਕ ਕੀਤਾ ਜਾਵੇਗਾ।