ਐੱਨਪੀ ਧਵਨ
ਪਠਾਨਕੋਟ, 20 ਅਕਤੂਬਰ
ਪਿੰਡ ਸਮਰਾਲਾ ਵਿੱਚ ਇੱਕ ਜਗਰਾਤਾ ਸਮਾਗਮ ਦੌਰਾਨ ਸਵਾਲ ਪੁੱਛਣ ’ਤੇ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਵੱਲੋਂ ਇੱਕ ਮਜ਼ਦੂਰ ਲੜਕੇ ਦੇ ਥੱਪੜ ਮਾਰਿਆ। ਇਸ ਦੌਰਾਨ ਸੁਰੱਖਿਆ ਮੁਲਾਜ਼ਮਾਂ ਵੱਲੋਂ ਵੀ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਲੋਕਾਂ ਵਿੱਚ ਵਿਧਾਇਕ ਖ਼ਿਲਾਫ਼ ਰੋਹ ਪੈਦਾ ਹੋ ਗਿਆ ਹੈ। ਸਵੇਰੇ ਹੀ ਪੀੜਤ ਮੁੰਡੇ ਦੀ ਬਸਤੀ ਦੇ ਲੋਕਾਂ ਨੇ ਵਿਧਾਇਕ ਦੀ ਵਧੀਕੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਵਿਧਾਇਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪੀੜਤ ਹਰਸ਼ ਕੁਮਾਰ ਦੀ ਮਾਤਾ ਸੁਨੀਤਾ ਦੇਵੀ ਨੇ ਕਾਨਵਾਂ ਥਾਣੇ ’ਚ ਵਿਧਾਇਕ ਅਤੇ ਉਸ ਦੇ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਹਰਸ਼ ਕੁਮਾਰ ਵਾਸੀ ਸੁਕਾਲਗੜ੍ਹ ਨੇ ਦੱਸਿਆ ਕਿ ਉਹ ਦਿਹਾੜੀਆਂ ਕਰਦਾ ਹੈ ਅਤੇ ਬੀਤੀ ਰਾਤ ਨਾਲ ਲੱਗਦੇ ਪਿੰਡ ਸਮਰਾਲਾ ਵਿੱਚ ਉਹ ਜਗਰਾਤਾ ਦੇਖਣ ਗਿਆ ਸੀ। ਇਸ ਦੌਰਾਨ ਹਲਕਾ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕ ਜੋਗਿੰਦਰ ਪਾਲ ਆਪਣੇ ਕੰਮਾਂ ਦਾ ਗੁਣਗਾਨ ਕਰ ਰਹੇ ਹਨ। ਉਸ ਨੇ ਵਿਧਾਇਕ ਨੂੰ ਪੁੱਛਿਆ ਕਿ ਉਨ੍ਹਾਂ ਹਲਕੇ ਵਿੱਚ ਕੀ ਵਿਕਾਸ ਕਰਵਾਇਆ ਹੈ। ਇੰਨੇ ਨੂੰ ਵਿਧਾਇਕ ਨੇ ਉਸ ਨੂੰ ਸਟੇਜ ’ਤੇ ਆਪਣੇ ਕੋਲ ਸੱਦ ਕੇ ਥੱਪੜ ਮਾਰਿਆ ਅਤੇ ਮਗਰੋਂ ਸੁਰੱਖਿਆ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਆਮ ਆਦਮੀ ਪਾਰਟੀ ਵੀ ਹੱਕ ਵਿੱਚ ਆਈ
ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾਈ ਪ੍ਰਧਾਨ ਲਾਲ ਚੰਦ ਕਟਾਰੂਚੱਕ ਨੇ ਵਿਧਾਇਕ ਅਤੇ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਐੱਸਸੀਐੱਸਟੀ ਐਕਟ ਤੇ ਮਾਰਕੁਟਾਈ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਆਲ ਇੰਡੀਆ ਕਾਂਗਰਸ ਪਾਰਟੀ ਸੇਵਾ ਦਲ ਦੇ ਸਾਬਕਾ ਜੁਆਇੰਟ ਸਕੱਤਰ ਤੇ ਪ੍ਰਦੇਸ਼ ਹਿਊਮਨ ਰਾਈਟਸ ਦੇ ਸਾਬਕਾ ਉਪ ਪ੍ਰਧਾਨ ਅਵਿਨਾਸ਼ ਚੰਦਰ ਨੇ ਵੀ ਵਿਧਾਇਕ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ।