ਹਰਦੀਪ ਸਿੰਘ ਸੋਢੀ
ਧੂਰੀ, 20 ਅਕਤੂਬਰ
ਸਿੰਘੂ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੀ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਦੇ ਜੱਦੀ ਪਿੰਡ ਬੱਬਨਪੁਰ (ਧੂਰੀ) ਵਿੱਚ ਰਹਿੰਦੇ ਉਸ ਦੇ ਮਾਪਿਆਂ ਦੀ ਹਾਲਤ ਤਰਸਯੋਗ ਹੈ। ਬਾਬਾ ਅਮਨ ਸਿੰਘ ਦਾ ਪਿਤਾ ਗਿਆਨ ਸਿੰਘ (60) ਕੈਂਸਰ ਦਾ ਮਰੀਜ਼ ਹੈ ਅਤੇ ਮਾਤਾ ਕਰਮਜੀਤ ਕੌਰ ਵੀ ਬਿਮਾਰ ਰਹਿੰਦੀ ਹੈ। ਗਿਆਨ ਸਿੰਘ ਨੇ ਦੱਸਿਆ ਕਿ ਅਮਨ ਸਿੰਘ ਬਚਪਨ ਵਿੱਚ ਕਬੱਡੀ ਖੇਡਦਾ ਰਿਹਾ ਹੈ। ਉਸ ਦਾ ਚਾਲ-ਚਲਣ ਸਾਫ਼-ਸੁਥਰਾ ਸੀ। ਉਹ ਕੋਈ ਨਸ਼ਾ ਨਹੀਂ ਸੀ ਕਰਦਾ ਪਰ ਪੜ੍ਹਾਈ ਵਿੱਚ ਉਸ ਦੀ ਦਿਲਚਸਪੀ ਘੱਟ ਸੀ। ਕੁਝ ਸਾਲ ਪਹਿਲਾਂ ਉਹ ਨਿਹੰਗ ਜਥੇਬੰਦੀ ਦੇ ਸੰਪਰਕ ਵਿੱਚ ਆ ਗਿਆ, ਜਿਸ ਤੋਂ ਬਾਅਦ ਉਹ ਬਦਲ ਗਿਆ। ਅਮਨ ਦੇ ਬਦਲੇ ਸੁਭਾਅ ਕਾਰਨ ਉਨ੍ਹਾਂ ਨੇ ਉਸ ਨੂੰ 17 ਅਪਰੈਲ 2018 ਨੂੰ ਬੇਦਖ਼ਲ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਉਹ ਪਿੰਡ ਵਿਚ ਕਿਸੇ ਦੇ ਘਰ ਵਿੱਚ ਰਹਿ ਕੇ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਉਨ੍ਹਾਂ ਨੂੰ ਬਿਨਾਂ ਕਾਰਨ ਮਾਨਸਿਕ ਪ੍ਰੇਸ਼ਾਨ ਕਰ ਰਹੀ ਹੈ। ਅਮਨ ਸਿੰਘ ਨਾਲ ਹੁਣ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ ਅਤੇ ਨਾ ਹੀ ਉਸ ਦਾ ਪਿੰਡ ਵਿੱਚ ਆਉਣਾ-ਜਾਣਾ ਹੈ। ਬਜ਼ੁਰਗਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤ ’ਤੇ ਕਿਸੇ ਅਪਰਾਧਕ ਕੇਸ ਬਾਰੇ ਨਹੀਂ ਪਤਾ ਪਰ ਦਿੱਲੀ ਦੀ ਘਟਨਾ ਮਗਰੋਂ ਉਹ ਡਰੇ ਹੋਏ ਹਨ। ਉਨ੍ਹਾਂ ਕਿਹਾ ਦਿੱਲੀ ਵਿੱਚ ਵਾਪਰੀ ਘਟਨਾ ਮੰਦਭਾਗੀ ਹੈ ਅਤੇ ਇਸ ਦੀ ਪੜਤਾਲ ਹੋਣੀ ਚਾਹੀਦੀ ਹੈ। ਪਿੰਡ ਵਾਸੀਆਂ ਵੱਲੋਂ ਸਮੇਂ-ਸਮੇਂ ’ਤੇ ਮਦਦ ਕਰ ਕੇ ਅਮਨ ਦੇ ਪਿਤਾ ਦੇ ਇਲਾਜ ਦਾ ਖ਼ਰਚਾ ਕੀਤਾ ਜਾ ਰਿਹਾ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਡੀਜੀਪੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
ਗਾਂਜਾ ਬਰਾਮਦਗੀ ਮਾਮਲੇ ’ਚ ਅਮਨ ਖ਼ਿਲਾਫ਼ ਚਲਾਨ ਪੇਸ਼ ਕਰੇਗੀ ਪੁਲੀਸ
ਬਰਨਾਲਾ/ਮਹਿਲਕਲਾਂ (ਰਵਿੰਦਰ ਰਵੀ/ਨਵਕਿਰਨ ਸਿੰਘ): ਥਾਣਾ ਮਹਿਲ ਕਲਾਂ ਵਿੱਚ ਗਾਂਜਾ ਬਰਾਮਦ ਹੋਣ ਦੇ ਦੋਸ਼ ਹੇਠ ਦਰਜ ਇੱਕ ਕੇਸ ਵਿੱਚ ਅਮਨ ਸਿੰਘ ਨਾਮਜ਼ਦ ਹੈ ਅਤੇ ਪੁਲੀਸ ਇਸ ਮਾਮਲੇ ਵਿੱਚ ਚਲਾਨ ਪੇਸ਼ ਕਰੇਗੀ। ਥਾਣਾ ਮਹਿਲ ਕਲਾਂ ਦੇ ਐੱਸਐੱਚਓ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀਆਈਏ ਇੰਚਾਰਜ ਬਲਜੀਤ ਸਿੰਘ ਵੱਲੋਂ ਮਾਰੇ ਗਏ ਛਾਪੇ ਦੌਰਾਨ 14 ਜਨਵਰੀ 2018 ਨੂੰ 910 ਕਿਲੋ ਗਾਂਜਾ ਬਰਾਮਦ ਕਰ ਕੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ’ਚ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਕੀਤੀ ਪੜਤਾਲ ਮਗਰੋਂ ਤਿੰਨ ਹੋਰ ਮੁਲਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ’ਚ ਸਰਬਜੀਤ ਸਿੰਘ, ਅਮਨ ਸਿੰਘ ਪੁੱਤਰ ਗਿਆਨ ਸਿੰੰਘ ਵਾਸੀ ਬਬਨਪੁਰ (ਧੂਰੀ) ਤੋਂ ਇਲਾਵਾ ਸੰਦੀਪ ਸਿੰਘ ਪੋਪੀ ਸ਼ਾਮਲ ਸਨ। ਅਮਨ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਕਰਵਾ ਲਈ ਸੀ। ਉਨ੍ਹਾਂ ਦੱਸਿਆ ਕਿ ਅਮਨ ਸਿੰਘ ਪਿਛਲੇ ਸਾਲ ਉਨ੍ਹਾਂ ਕੋਲ ਪੇਸ਼ ਹੋਇਆ ਸੀ। ਪੁਲੀਸ ਇਸ ਮਾਮਲੇ ਵਿੱਚ ਚਲਾਨ ਪੇਸ਼ ਕਰ ਰਹੀ ਹੈ।