ਦੇਵਿੰਦਰ ਸਿੰਘ ਜੱਗੀ
ਪਾਇਲ, 2 ਨਵੰਬਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਸੂਬਾ ਪੱਧਰੀ ਮੀਟਿੰਗ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਚ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਅਤੇ ਨੇਕ ਸਿੰਘ ਖੋਖ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪਾਣੀਆਂ ਦੇ ਮੁੱਦੇ ’ਤੇ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੀਆਂਪੁਰ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਭਰ ’ਚੋਂ ਵੱਡਾ ਇਕੱਠ ਕਰ ਕੇ ਚੰਡੀਗੜ੍ਹ ’ਚ ਅਣਮਿੱਥੇ ਸਮੇਂ ਦਾ ਮੋਰਚਾ ਲਾਇਆ ਜਾਵੇਗਾ। ਝੋਨੇ ਦੀ ਕਟਾਈ ਦਾ ਕੰਮ ਸਿਖ਼ਰਾਂ ’ਤੇ ਹੋਣ ਕਰ ਕੇ ਤਾਰੀਖ਼ ਅਗਲੀ ਮੀਟਿੰਗ ਵਿੱਚ ਐਲਾਨਣ ਦਾ ਫ਼ੈਸਲਾ ਕੀਤਾ ਗਿਆ।
ਇਸ ਮੌਕੇ ਸੂਬਾ ਸਕੱਤਰ ਘੁੰਮਣ ਸਿੰਘ ਰਾਜਗੜ੍ਹ ਨੇ ਕਿਹਾ ਕਿ ਸਮੁੱਚੇ ਪੰਜਾਬ ’ਚ ਮੋਰਚੇ ਸਬੰਧੀ ਤਿਆਰੀਆਂ ਜਾਰੀ ਹਨ। ਲੋਕ ਤਰੀਕ ਦੀ ਉਡੀਕ ਕਰ ਰਹੇ ਹਨ। ਖਜ਼ਾਨਚੀ ਗੁਲਜ਼ਾਰ ਸਿੰਘ ਘਨੌਰ ਨੇ ਕਿਹਾ ਕਿ ਆਉਂਦੇ ਦਿਨਾਂ ’ਚ ਜਥੇਬੰਦੀ ਦੀ ਮੈਂਬਰਸ਼ਿਪ ਕੀਤੀ ਜਾਵੇਗੀ। ਸੰਗਠਨ ਸਕੱਤਰ ਮਨਮੋਹਨ ਸਿੰਘ ਥਿੰਦ ਨੇ ਕਿਹਾ ਕਿ ਪੰਜਾਬ ’ਚੋਂ ਖਤਮ ਹੋ ਰਹੇ ਪਾਣੀ ਸਾਰਿਆਂ ਨੂੰ ਚਿੰਤਤ ਹੋਣ ਦੀ ਲੋੜ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨਾਂ ਨੇ ਭਰੋਸਾ ਦਿਵਾਇਆ ਕਿ ਚੰਡੀਗੜ੍ਹ ’ਚ ਲਾਏ ਜਾ ਰਹੇ ਪਾਣੀਆਂ ਦੇ ਮੋਰਚੇ ’ਤੇ ਪੂਰੀ ਟਿੱਲ ਲਾ ਕੇ ਇਕੱਠ ਕੀਤਾ ਜਾਵੇਗਾ। ਮੀਟਿੰਗ ਦੀ ਕਾਰਵਾਈ ਪੰਜਾਬ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਕੋਟ ਪਨੈਚ ਨੇ ਚਲਾਈ।
ਮੀਟਿੰਗ ਵਿੱਚ ਜਥੇਦਾਰ ਕਸ਼ਮੀਰਾ ਸਿੰਘ, ਪਰਮਿੰਦਰ ਸਿੰਘ ਮਠੋਲਾ, ਉਮਰਾਓ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, ਪ੍ਰਗਟ ਸਿੰਘ ਤਰਨ ਤਾਰਨ ਸਾਹਿਬ, ਹਰਬੰਸ ਸਿੰਘ ਕੌੜਾ ਫ਼ਿਰੋਜ਼ਪੁਰ, ਪ੍ਰਗਟ ਸਿੰਘ ਕੋਟ ਪਨੈਚ ਜਨਰਲ ਸਕੱਤਰ ਜ਼ਿਲ੍ਹਾ ਲੁਧਿਆਣਾ ਆਦਿ ਮੌਜੂਦ ਸਨ।