ਪੱਤਰ ਪ੍ਰੇਰਕ
ਪਠਾਨਕੋਟ, 20 ਮਾਰਚ
ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ’ਤੇ ਨੰਗਲਭੂਰ ਕੋਲ ਸਥਿਤ ਮੁਕੇਸ਼ ਪੈਟਰੋਲ ਪੰਪ ਤੋਂ ਕਾਰ ਦੀ ਟੈਂਕੀ ਡੀਜ਼ਲ ਨਾਲ ਫੁੱਲ ਕਰਵਾ ਕੇ ਇੱਕ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕਾਰ ਚਾਲਕ ਇਕੱਲਾ ਸੀ। ਜਿਸ ਨੇ ਕਾਰ ਦੇ ਅੱਗੇ ਅਤੇ ਪਿੱਛੇ ਅਲੱਗ-ਅਲੱਗ ਨੰਬਰ ਦੀ ਪਲੇਟ ਲਗਾਈ ਹੋਈ ਸੀ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਦੀ ਫੁਟੇਜ ਦੇ ਆਧਾਰ ’ਤੇ ਥਾਣਾ ਨੰਗਲਭੂਰ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਪੈਟਰੋਲ ਪੰਪ ਦੇ ਮੁਲਾਜ਼ਮ ਰਾਜ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 4.15 ਵਜੇ ਸਫੇਦ ਰੰਗ ਦੀ ਈਟੀਅਸ ਕਾਰ ਆਈ। ਇਸ ਮੌਕੇ ਕਾਰ ਚਾਲਕ ਕਾਰ ਵਿੱਚ ਇਕੱਲਾ ਹੀ ਬੈਠਾ ਸੀ। ਪੈਟਰੋਲ ਪੰਪ ’ਤੇ ਕਾਰ ਨੂੰ ਰੋਕਣ ਬਾਅਦ ਉਸ ਨੇ ਕਾਰਿੰਦੇ ਨੂੰ ਟੈਂਕੀ ਫੁੱਲ ਕਰਨ ਲਈ ਕਿਹਾ। ਇਸ ’ਤੇ ਕਾਰ ਵਿੱਚ 41.7 ਲੀਟਰ ਡੀਜ਼ਲ ਭਰਿਆ ਗਿਆ, ਜਿਸ ਦੀ ਕੀਮਤ 3500 ਰੁਪਏ ਬਣਦੀ ਹੈ। ਤੇਲ ਭਰਨ ਬਾਅਦ ਉਹ ਮਸ਼ੀਨ ਦੀ ਨੋਜ਼ਲ ’ਤੇ ਰੱਖਣ ਲੱਗਾ ਤੇ ਉਹ ਬੜੀ ਤੇਜ਼ੀ ਨਾਲ ਪੈਸੇ ਦਿੱਤੇ ਬਿਨਾਂ ਹੀ ਕਾਰ ਭਜਾ ਕੇ ਲੈ ਗਿਆ।
ਜਾਂਚ ਕਰੇ ਰਹੇ ਥਾਣਾ ਨੰਗਲਭੂਰ ਦੇ ਏਐੱਸਆਈ ਰਾਕੇਸ਼ ਕੁਮਾਰ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਕਾਰ ਜਲੰਧਰ ਦੀ ਹੈ। ਜਿਸ ਬਾਰੇ ਜਲਦੀ ਹੀ ਮੁਲਜ਼ਮ ਨੂੰ ਫੜ ਲਿਆ ਜਾਵੇਗਾ।