ਪੱਤਰ ਪ੍ਰੇਰਕ
ਅਬੋਹਰ, 21 ਅਕਤੂਬਰ
ਲੰਘੀ ਰਾਤ ਕਰੀਬ 9 ਵਜੇ ਸੰਤ ਨਗਰ ਵਾਸੀ ਅਤੇ ਆਰ.ਓ. ਪਾਣੀ ਸਪਲਾਈ ਦਾ ਕੰਮ ਕਰਨ ਵਾਲੇ ਨੌਜਵਾਨ ਨੂੰ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਫੱਟੜ ਕਰ ਦਿੱਤਾ। ਫੱਟੜ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਵੇਖਦਿਆਂ ਫਰੀਦਕੋਟ ਰੈਫਰ ਕਰ ਦਿੱਤਾ। ਜਾਣਕਾਰੀ ਮੁਤਾਬਕ ਸੰਤ ਨਗਰ ਵਾਸੀ ਰੋਹਿਤ (25) ਦੇ ਪਿਤਾ ਸੁਭਾਸ਼ ਨੇ ਦੱਸਿਆ ਕਿ ਉਸਦਾ ਪੁੱਤਰ ਆਰ.ਓ. ਪਾਣੀ ਸਪਲਾਈ ਦਾ ਕੰਮ ਕਰਦਾ ਹੈ। ਬੀਤੀ ਰਾਤ 9 ਵਜੇ ਜਦੋਂ ਉਹ ਨਵੀਂ ਆਬਾਦੀ ਖੇਤਰ ’ਚ ਪਾਣੀ ਸਪਲਾਈ ਕਰ ਰਿਹਾ ਸੀ ਤਾਂ ਪੁਰਾਣੀ ਰੰਜਿਸ਼ ਨੂੰ ਲੈ ਕੇ 10-12 ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਫੱਟੜ ਕਰ ਦਿੱਤਾ। ਫੱਟੜ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮਜ਼ਦੂਰੀ ਕਰਕੇ ਪਰਤ ਰਹੀ ਔਰਤ ਨਾਲ ਸਮੂਹਿਕ ਜਬਰ-ਜਨਾਹ
ਮੋਗਾ (ਨਿੱਜੀ ਪੱਤਰ ਪ੍ਰੇਰਕ) ਪੁਲੀਸ ਅਨੁਸਾਰ ਪੀੜਤ ਔਰਤ ਲੁਧਿਆਣਾ ਜ਼ਿਲ੍ਹੇ ’ਚ ਕਿਸੇ ਫੈਕਟਰੀ ’ਚ ਮਜ਼ਦੂਰੀ ਕਰਦੀ ਹੈ। ਉਹ 15 ਅਕਤੂਬਰ ਨੂੰ ਫੈਕਟਰੀ ’ਚ ਕੰਮ ਕਰਦੇ ਸਾਥੀ ਨਾਲ ਸਾਈਕਲ ’ਤੇ ਪਿੰਡ ਹਿਮੰਤਪੁਰਾ ਤੋਂ ਮੰਡੀ ਨਿਹਾਲ ਸਿੰਘ ਵਾਲਾ ਨੂੰ ਆ ਰਹੇ ਸਨ ਤਾਂ ਰਾਤ 7.30 ਵਜੇ 2 ਵਿਅਕਤੀ ਮੋਟਰਸਾਈਕਲ ’ਤੇ ਆਏ ਤੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਕੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਤੇ ਆਪਣੇ ਨਾਲ ਮੋਟਰਸਾਈਕਲ ’ਤੇ ਬਿਠਾ ਕੇ ਸੁੰਨ ਸਾਨ ਜਗ੍ਹਾ ’ਤੇ ਲੈ ਗਏ ਜਿਥੇ ਇੱਕ ਹੋਰ ਵਿਅਕਤੀ ਮੋਟਰਸਾਈਕਲ ’ਤੇ ਆਇਆ। ਤਿੰਨਾਂ ਵਿਅਕਤੀਆਂ ਨੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਅਣਪਛਾਤੇ 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।