ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 21 ਅਕਤੂਬਰ
ਡਿੱਪੂ ਹੋਲਡਰ ਫੈਡਰੇਸ਼ਨ ਪੰਜਾਬ ਇਕਾਈ ਬਲਾਕ ਭਵਾਨੀਗੜ੍ਹ ਨੇ ਅਕਾਲੀ ਆਗੂ ਅਨਿਲ ਜੋਸ਼ੀ ਵੱਲੋਂ ਡਿਪੂ ਹੋਲਡਰਾਂ ਪ੍ਰਤੀ ਵਰਤੀ ਭੱਦੀ ਸ਼ਬਦਾਵਲੀ ਦੀ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਡਿਪੂ ਹੋਲਡਰ ਫੈਡਰੇਸ਼ਨ ਦੇ ਸੂਬਾ ਪ੍ਰੈਸ ਸਕੱਤਰ ਮੁਕੇਸ਼ ਕੁਮਾਰ ਸਿੰਗਲਾ ਨੇ ਕਿਹਾ ਕਿ ਜੇਕਰ ਅਨਿਲ ਜੋਸ਼ੀ ਨੇ ਪੰਜਾਬ ਦੇ ਡਿਪੂ ਹੋਲਡਰਾਂ ਤੋਂ ਮੁਆਫੀ ਨਾ ਮੰਗੀ ਤਾਂ ਆਉਂਦੇ ਦਿਨਾਂ ਵਿਚ ਅਨਿਲ ਜੋਸ਼ੀ ਦੇ ਪੁਤਲੇ ਫੂਕਣ ਤੋਂ ਇਲਾਵਾ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਿਛਲੇ ਸਾਲ ਕਰੋਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਯੋਜਨਾ ਵਾਲੀ ਮੁਫ਼ਤ ਵੰਡੀ ਕਣਕ ਦਾ ਕਮਿਸ਼ਨ ਅਤੇ ਡਿੱਪੂ ਹੋਲਡਰਾਂ ਦੇ ਕਮਿਸ਼ਨ ਵਿਚ ਵਾਧਾ ਕਰਨ ਦੇ ਵਾਅਦੇ ਨੂੰ ਵੀ ਜਲਦੀ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦਾ ਲੋਡਿੰਗ ਅਤੇ ਅਨਲੋਡਿੰਗ ਦਾ ਬਕਾਇਆ ਤੁਰੰਤ ਜਾਰੀ ਕਰਨ, ਕਣਕ ਵੰਡਣ ਵਾਲੀ ਮਸ਼ੀਨ ਹਰ ਇੱਕ ਡਿਪੂ ‘ਤੇ ਵੱਖਰੀ ਵੱਖਰੀ ਦੇਣ, ਸਤੰਬਰ/ਅਕਤੂਬਰ ਮਹੀਨੇ ਵਿਚ ਵੰਡੀ ਮੁਫ਼ਤ ਵਾਲੀ ਕਣਕ ਵਿਚ ਸਰਕਾਰ ਵੱਲੋਂ ਕੀਤੀ ਸੱਤ ਫੀਸਦੀ ਕਟੌਤੀ ਨੂੰ ਤੁਰੰਤ ਜਾਰੀ ਕੀਤੀ ਜਾਵੇ।
ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਡਿਪੂ ਹੋਲਡਰਾਂ ਨੂੰ ਘੱਟੋ ਘੱਟ ਦਰਜਾ ਚਾਰ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਦੇਵੇ। ਇਸ ਮੌਕੇ ਯੂਨੀਅਨ ਦੇ ਆਗੂ ਮਨਿੰਦਰ ਸਿੰਘ ਬੱਬੀ, ਅਵਨੀਸ਼ ਕੁਮਾਰ, ਮੱਖਣ ਸਿੰਘ, ਬਚਨ ਦਾਸ, ਆਤਮ ਪ੍ਰਕਾਸ਼, ਸੰਜੀਵ ਕੁਮਾਰ, ਦੀਦਾਰ ਸਿੰਘ, ਸ਼ੰਕਰ ਲਾਲ ਧਵਨ, ਹਰਮੇਲ ਸਿੰਘ ਕਾਲਾਝਾੜ, ਜਗਤਾਰ ਸਿੰਘ ਘਰਾਚੋਂ, ਨਰੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਿੱਪੂ ਹੋਲਡਰ ਹਾਜ਼ਰ ਸਨ।
ਭਵਾਨੀਗੜ੍ਹ ਵਿੱਚ ਅਕਾਲੀ ਆਗੂ ਅਨਿਲ ਜੋਸ਼ੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਡਿੱਪੂ ਹੋਲਡਰ।-ਫੋਟੋ:ਮੱਟਰਾਂ