ਗਗਨਦੀਪ ਅਰੋੜਾ
ਲੁਧਿਆਣਾ, 3 ਨਵੰਬਰ
ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਨਾਮਜ਼ਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਅਤੇ ਨਜ਼ਦੀਕੀ ਸਾਥੀ ਇੰਦਰਜੀਤ ਸਿੰਘ ਇੰਦੀ ਦੇ ਗ੍ਰਿਫ਼ਤਾਰੀ ਵਾਰੰਟ ਅਦਾਲਤ ਵੱਲੋਂ ਜਾਰੀ ਕਰ ਦਿੱਤੇ ਗਏ ਹਨ, ਜਿਸ ਮਗਰੋਂ ਵਿਜੀਲੈਂਸ ਨੇ ਦੋਵਾਂ ਦੀ ਭਾਲ ਲਈ ਛਾਪੇ ਹੋਰ ਤੇਜ਼ ਕਰ ਦਿੱਤੇ ਹਨ। ਇਸ ਦੇ ਨਾਲ ਹੀ ਵਿਜੀਲੈਂਸ ਵੱਲੋਂ ਦੋਵਾਂ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਵੀ ਆਰੰਭ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਜੇਕਰ ਦੋਵੇਂ ਮੁਲਜ਼ਮ 19 ਨਵੰਬਰ ਤੱਕ ਗ੍ਰਿਫ਼ਤਾਰ ਨਹੀਂ ਹੁੰਦੇ ਜਾਂ ਉਹ ਆਤਮ-ਸਮਰਪਣ ਨਹੀਂ ਕਰਦੇ ਤਾਂ ਵਿਜੀਲੈਂਸ ਵੱਲੋਂ ਉਨ੍ਹਾਂ ਦੇ ਇਸ਼ਤਿਹਾਰ ਜਾਰੀ ਕਰਦਿਆਂ ਭਗੌੜਾ ਐਲਾਨ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਡਿਪਟੀ ਡਾਇਰੈਕਟਰ ਆਰ. ਕੇ ਸਿੰਗਲਾ ਦੇ ਵੀ ਗ੍ਰਿਫ਼ਤਾਰੀ ਵਾਰੰਟ ਜਾਰੀ ਹੋਣ ਮਗਰੋਂ ਉਸ ਸਬੰਧੀ ਇਸ਼ਤਿਹਾਰ ਜਾਰੀ ਹੋ ਚੁੱਕੇ ਹਨ ਤੇ 24 ਨਵੰਬਰ ਮਗਰੋਂ ਉਸ ਨੂੰ ਭਗੌੜਾ ਐਲਾਨ ਦਿੱਤਾ ਜਾਵੇਗਾ। ਐੱਸਐੱਸਪੀ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੀਨੂੰ ਪੰਕਜ ਮਲਹੋਤਰਾ ਅਤੇ ਇੰਦਰਜੀਤ ਸਿੰਘ ਇੰਦੀ ਦੀ ਗ੍ਰਿਫ਼ਤਾਰੀ ਲਈ ਕਈ ਥਾਵਾਂ ’ਤੇ ਛਾਪੇ ਮਾਰੇ ਗਏ ਹਨ ਪਰ ਦੋਵਾਂ ਦਾ ਸੁਰਾਗ ਨਹੀਂ ਮਿਲ ਸਕਿਆ। ਵਿਜੀਲੈਂਸ ਦੀ ਟੀਮ ਵੱਲੋਂ ਇਸ ਮਾਮਲੇ ’ਚ ਨਾਮਜ਼ਦ ਤੇਲੂ ਰਾਮ ਬਾਂਸਲ ਦੇ ਭਰਾ ਤੇ ਕੌਂਸਲਰ ਪਤੀ ਅਨਿਲ ਜੈਨ ਦੀ ਗ੍ਰਿਫ਼ਤਾਰੀ ਲਈ ਅੱਜ ਮੁੱਲਾਂਪੁਰ ਇਲਾਕੇ ਵਿੱਚ ਛਾਪੇ ਮਾਰੇ ਗਏ। ਇਸ ਦੌਰਾਨ ਵਿਜੀਲੈਂਸ ਦੀ ਟੀਮ ਨੇ ਅਨਿਲ ਜੈਨ ਦੇ ਸ਼ੈੱਲਰ ’ਤੇ ਵੀ ਛਾਪਾ ਮਾਰਿਆ, ਪਰ ਹਾਲੇ ਕੋਈ ਮੁਲਜ਼ਮ ਵਿਜੀਲੈਂਸ ਹੱਥ ਨਹੀਂ ਲੱਗ ਸਕਿਆ ਹੈ। ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਲਗਾਤਾਰ ਜਾਰੀ ਹੈ।
ਆਸ਼ੂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੀ ਤਿਆਰੀ
ਵਿਜੀਲੈਂਸ ਵੱਲੋਂ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਕੀਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਅਦਾਲਤ ਵਿੱਚ ਚਲਾਨ ਪੇਸ਼ ਕਰਨ ਦੀ ਤਿਆਰੀ ਆਰੰਭ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਦੀ ਜ਼ਮਾਨਤ ਸਬੰਧੀ ਹਾਲੇ ਕੋਈ ਸੁਣਵਾਈ ਨਹੀਂ ਹੋਈ ਹੈ। ਵਿਜੀਲੈਂਸ ਦੀ ਟੀਮ 20 ਨਵੰਬਰ ਤੋਂ ਪਹਿਲਾਂ ਪਹਿਲਾਂ ਇਸ ਕੇਸ ’ਚ ਚਲਾਨ ਪੇਸ਼ ਕਰ ਸਕਦੀ ਹੈ, ਜਿਸ ਮਗਰੋਂ ਕੇਸ ਦੀ ਅਗਲੇਰੀ ਕਾਰਵਾਈ ਵੀ ਆਰੰਭ ਦਿੱਤੀ ਜਾਵੇਗੀ।