ਕੁਲਦੀਪ ਸਿੰਘ
ਚੰਡੀਗੜ੍ਹ, 21 ਮਾਰਚ
ਪੰਜਾਬ ਯੂਨੀਵਰਸਿਟੀ ਦੇ ਹਿਊਮੈਨ ਰਾਈਟਸ ਐਂਡ ਡਿਊਟੀਜ਼ ਵਿਭਾਗ ਵਿੱਚ ਪੋਸਟ ਗਰੈਜੂਏਸ਼ਨ ਕੋਰਸ ਦੀ ਐੱਸਸੀ ਸ਼੍ਰੇਣੀ ਨਾਲ ਸਬੰਧਤ ਟਰਾਂਸਜੈਂਡਰ ਵਿਦਿਆਰਥਣ ਨੂੰ ਹੋਸਟਲ ਦੀ ਸੁਵਿਧਾ ਨਾ ਮਿਲਣ ’ਤੇ ਅੱਜ ਪੰਜਾਬ ਫੈਮੀਨਿਸਟ ਯੂਨੀਅਨ ਆਫ਼ ਸਟੂਡੈਂਟਸ ਦੇ ਬੈਨਰ ਹੇਠ ਵਾਈਸ ਚਾਂਸਲਰ ਦਫ਼ਤਰ ਅੱਗੇ ਅੱਜ ਧਰਨਾ ਦਿੱਤਾ ਗਿਆ ਅਤੇ ਵਿਦਿਆਰਥਣ ਨੂੰ ਹੋਸਟਲ ਦੀ ਸੁਵਿਧਾ ਤੁਰੰਤ ਦਿਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਰੋਸ ਧਰਨੇ ਵਿੱਚ ਟਰਾਂਸਜੈਂਡਰ ਮਿਸ ਧਨੰਜਯ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਜਿਨ੍ਹਾਂ ਨੇ ’ਵਰਸਿਟੀ ਅਥਾਰਿਟੀ ਦੀ ਇਸ ਅਣਦੇਖੀ ਦੀ ਖੁੱਲ੍ਹ ਕੇ ਨਿੰਦਾ ਕੀਤੀ ਅਤੇ ਵਿਦਿਆਰਥਣ ਨੂੰ ਹੋਸਟਲ ਅਲਾਟ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਯੂਨੀਅਨ ਆਗੂਆਂ ਵਿੱਚੋਂ ਸਿਮਰਨ ਅਟਵਾਲ, ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਤੋਂ ਗੁਰਦੀਪ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੋਂ ਅਮਨਦੀਪ ਸਿੰਘ ਸਮੇਤ ਸੱਥ ਤੋਂ ਵੀ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਟਰਾਂਸਜੈਂਡਰ ਵਿਦਿਆਰਥੀਆਂ ਲਈ ਹੋਸਟਲ ਦੀ ਸੁਵਿਧਾ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ ਜਦਕਿ ਹਿਊਮਨ ਰਾਈਟਸ ਐਂਡ ਡਿਊਟੀਜ਼ ਵਿਭਾਗ ਦੀ ਐੱਸਸੀ ਸ਼੍ਰੇਣੀ ਨਾਲ ਸਬੰਧਤ ਟਰਾਂਸਜੈਂਡਰ ਵਿਦਿਆਰਥਣ ਯਾਸ਼ਿਕਾ ਸਤੰਬਰ-2021 ਤੋਂ ਹੁਣ ਤੱਕ ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਵੱਖ-ਵੱਖ ਅਥਾਰਿਟੀਆਂ ਕੋਲ ਆਪਣੀਆਂ ਅਰਜ਼ੀਆਂ ਦੇ ਕੇ ਹੰਭ ਚੁੱਕੀ ਹੈ ਪ੍ਰੰਤੂ ਉਸ ਨੂੰ ਹੋਸਟਲ ਦੀ ਸੁਵਿਧਾ ਨਹੀਂ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥਣਾ ਯਾਸ਼ਿਕਾ ਨੂੰ ਹੋਸਟਲ ਦੀ ਸੁਵਿਧਾ ਤੁਰੰਤ ਦੇ ਕੇ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟਰਾਂਸਜੈਂਡਰ ਵਿਦਿਆਰਥਣ ਯਾਸ਼ਿਕਾ ਨੂੰ ਹੋਸਟਲ ਅਲਾਟ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਵੱਲੋਂ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।