ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 12 ਮਈ
ਸ਼ਹਿਰ ਦੇ ਕੋਲੋਂ ਲੰਘਦੇ ਤਲਵੰਡੀ ਸਾਬੋ ਰਜਵਾਹੇ ਵਿੱਚ ਰਾਮਾਂ ਬਾਈਪਾਸ ’ਤੇ ਬੀਤੀ ਰਾਤ ਪਾੜ ਪੈ ਗਿਆ ਜਿਸ ਕਾਰਨ ਸੌ ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ ਅਤੇ ਖੇਤਾਂ ਵਿੱਚ ਰਹਿੰਦੇ ਕਈ ਲੋਕਾਂ ਦੇ ਘਰ ਪਾਣੀ ਵਿੱਚ ਘਿਰ ਗਏ। ਜਾਣਕਾਰੀ ਅਨੁਸਾਰ ਪੁਰਾਣਾ ਜਲਘਰ ਕੋਲ ਰਾਮਾਂ ਬਾਈਪਾਸ ’ਤੇ ਰਜਵਾਹੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਵੱਲ ਬੁਰਜੀ ਨੰਬਰ 39650 ਕੋਲ ਪਾੜ ਪੈ ਗਿਆ ਜਿਸਦਾ ਖੇਤਾਂ ਵਿੱਚ ਰਹਿੰਦੇ ਕਿਸਾਨ ਜੱਗਾ ਸਿੰਘ ਬਠਿੰਡੇ ਵਾਲੇ ਦੇ ਪਰਿਵਾਰ ਨੂੰ ਰਾਤ ਤਿੰਨ ਵਜੇ ਉਸ ਸਮੇਂ ਪਤਾ ਲੱਗਾ ਜਦ ਟੁੱਟੇ ਸੂਏ ਦਾ ਪਾਣੀ ਉਨ੍ਹਾਂ ਦੇ ਘਰ ਤੱਕ ਪਹੁੰਚ ਗਿਆ ਜਿਸ ਬਾਰੇ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਠੇਕੇ ’ਤੇ ਜ਼ਮੀਨ ਵਾਹ ਰਹੇ ਕਿਸਾਨ ਗੁਰਮੀਤ ਸਿੰਘ ਨੂੰ ਸੂਚਨਾ ਦਿੱਤੀ।
ਪਤਾ ਲੱਗਦਿਆਂ ਹੀ ਨਹਿਰੀ ਵਿਭਾਗ ਦੇ ਐੱਸਡੀਓ ਫਿਜ਼ੀ ਬਾਂਸਲ ਮਹਿਕਮੇ ਦੇ ਮੁਲਾਜ਼ਮਾਂ ਨਾਲ ਪਾੜ ਵਾਲੀ ਜਗ੍ਹਾ ਪੁੱਜੇ। ਸ੍ਰੀ ਬਾਂਸਲ ਨੇ ਕਿਹਾ ਕਿ ਪਤਾ ਲੱਗਦਿਆਂ ਹੀ ਜੋਧਪੁਰ ਹੈੱਡ ਤੋਂ ਰਜਵਾਹੇ ਦਾ ਪਾਣੀ ਘਟਾਇਆ ਗਿਆ ਹੈ ਤੇ ਪਾੜ ਪੂਰਨ ਦਾ ਕਾਰਜ ਜਾਰੀ ਹੈ। ਸ੍ਰੀ ਬਾਂਸਲ ਅਤੇ ਮੌਕੇ ’ਤੇ ਮੌਜੂਦ ਕਿਸਾਨ ਗੁਰਮੀਤ ਸਿੰਘ, ਜੱਗਾ ਸਿੰਘ ਨੇ ਦੱਸਿਆ ਕਿ ਕੱਲ੍ਹ ਰਾਤ ਆਏ ਝੱਖੜ ਕਾਰਨ ਰਜਵਾਹੇ ਦੀ ਪਟੜੀ ਨਾਲ ਲੱਗੇ ਵੱਡੇ ਦਰੱਖਤਾਂ ਦੀਆਂ ਜੜ੍ਹਾਂ ਹਿੱਲਣ ਕਾਰਨ ਲੀਕੇਜ ਹੋਣ ਕਰਕੇ ਸੂਆ ਟੱਟ ਗਿਆ ਜਿਸਦਾ ਪਾੜ ਸੌ ਫੁੱਟ ਚੌੜਾਈ ਤੱਕ ਪਹੁੰਚ ਗਿਆ। ਰਜਵਾਹੇ ਦੇ ਟੁੱਟਣ ਨਾਲ ਸੌ ਏਕੜ ਦੇ ਕਰੀਬ ਜ਼ਮੀਨ ਵਿੱਚ ਪਾਣੀ ਭਰ ਗਿਆ ਤੇ ਬਹੁਤੇ ਕਿਸਾਨਾਂ ਦੀ ਮੱਕੀ, ਮੂੰਗੀ ਆਦਿ ਦੀ ਫਸਲ ਡੁੱਬ ਗਈ। ਪਾੜ ਵਾਲੀ ਜਗ੍ਹਾ ਕੋਲ ਦੂਜੀ ਪਟੜੀ ’ਤੇ ਬਣੀ ਰਾਮਾਂ ਬਾਈਪਾਸ ਵਾਲੀ ਸੜਕ ਵੀ ਟੁੱਟ ਗਈ ਜਿਸ ਕਰਕੇ ਪੁਲੀਸ ਨੇ ਇਸ ਪਾਸੇ ਤੋਂ ਆਵਾਜਾਈ ਬੰਦ ਕਰ ਦਿੱਤੀ।