ਲੰਡਨ, 3 ਜੁਲਾਈ
ਮੈਰਿਲਬੋਨ ਕ੍ਰਿਕਟ ਕਲੱਬ (ਐੱਮਸੀਸੀ) ਨੇ ਦੂਸਰੇ ਐਸ਼ੇਜ਼ ਕ੍ਰਿਕਟ ਟੈਸਟ ਦੇ ਅਖ਼ੀਰਲੇ ਦਿਨ ਜੌਨੀ ਬੇਅਰਸਟੋਅ ਦੇ ਵਿਵਾਦਤ ਢੰਗ ਨਾਲ ਆਊਟ ਹੋਣ ਮਗਰੋਂ ਲਾਰਡਜ਼ ਦੇ ‘ਲਾਂਗ ਰੂਮ’ ਵਿੱਚ ਆਸਟਰੇਲਿਆਈ ਟੀਮ ਨਾਲ ਬਹਿਸ ਮਗਰੋਂ ਤਿੰਨ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਨੇ ਐਤਵਾਰ ਨੂੰ ਲੰਚ ਲਈ ਡਰੈਸਿੰਗ ਰੂਮ ਵਿੱਚ ਜਾਣ ਦੌਰਾਨ ਮਹਿਮਾਨ ਟੀਮ ਦੇ ਕਈ ਖਿਡਾਰੀਆਂ ਨੂੰ ਕਥਿਤ ਅਪਸ਼ਬਦ ਬੋਲੇ ਸਨ। ਟੈਲੀਵਿਜ਼ਨ ਫੁਟੇਜ ਵਿੱਚ ਨਜ਼ਰ ਆਉਂਦਾ ਹੈ ਕਿ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਅਤੇ ਡੇਵਿਡ ਵਾਰਨਰ ਦੀ ਲਾਂਗ ਰੂਮ ਵਿੱਚ ਦਰਸ਼ਕਾਂ ਨਾਲ ਤਿੱਖੀ ਬਹਿਸ ਹੋਈ। ਸਟੇਡੀਅਮ ਦਾ ਇਹ ਹਿੱਸਾ ਐੱਮਸੀਸੀ ਮੈਂਬਰਾਂ ਅਤੇ ਉਨ੍ਹਾਂ ਦੇ ਮਹਿਮਾਨਾਂ ਲਈ ਰਾਖਵਾਂ ਹੁੰਦਾ ਹੈ। ਸੁਰੱਖਿਆ ਕਰਮੀਆਂ ਨੇ ਖਵਾਜਾ ਨੂੰ ਪਿੱਛੇ ਹਟਾਇਆ। ਵਾਰਨਰ ਨੂੰ ਵੀ ਕੁੱਝ ਮੈਂਬਰਾਂ ’ਤੇ ਟਿੱਪਣੀ ਕਰਦਿਆਂ ਦੇਖਿਆ ਗਿਆ। ਇਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਐੱਮਸੀਸੀ ਨੇ ਬੀਤੀ ਦੇਰ ਰਾਤ ਜਾਰੀ ਬਿਆਨ ਵਿੱਚ ਕਿਹਾ, ‘‘ਐੱਮਸੀਸੀ ਪੁਸ਼ਟੀ ਕਰ ਸਕਦਾ ਹੈ ਕਿ ਉਸ ਨੇ ਅੱਜ ਦੀ ਘਟਨਾ ਨੂੰ ਦੇਖਦਿਆਂ ਤਿੰਨ ਮੈਂਬਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ। ਜਾਂਚ ਚੱਲਣ ਤੱਕ ਉਨ੍ਹਾਂ ਨੂੰ ਲਾਰਡਜ਼ ਵਿੱਚ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’’ -ਪੀਟੀਆਈ