ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਜੁਲਾਈ
ਵੱਖ-ਵੱਖ ਥਾਵਾਂ ’ਤੇ ਹੋਏ ਲੜਾਈ ਝਗੜਿਆਂ ਅਤੇ ਕੁੱਟਮਾਰ ਦੇ ਮਾਮਲਿਆਂ ਵਿੱਚ ਪੁਲੀਸ ਵੱਲੋਂ 13 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਥਾਣਾ ਹੈਬੋਵਾਲ ਦੀ ਪੁਲੀਸ ਨੂੰ ਗਲੀ ਨੰਬਰ 11 ਨੇੜੇ ਅਕਾਲ ਮੰਡਲ ਗੁਰਦੁਆਰਾ ਸਾਹਿਬ ਸੰਧੂ ਨਗਰ ਹੈਬੋਵਾਲ ਵਾਸੀ ਰਾਹੁਲ ਮੰਡਲ ਨੇ ਦੱਸਿਆ ਹੈ ਕਿ ਉਹ ਰਾਤ 10 ਵਜੇ ਦੇ ਕਰੀਬ ਆਪਣੇ ਕੰਮ ਤੋਂ ਪੈਦਲ ਹੀ ਘਰ ਵਾਪਿਸ ਆ ਰਿਹਾ ਸੀ ਤਾਂ ਘਰ ਦੇ ਬਾਹਰ ਸੋਨੂੰ, ਮੋਨੂੰ, ਪ੍ਰਨਵ, ਕਰਨ, ਲਵਲੀ, ਬੰਟੀ, ਸੰਜੇ, ਪ੍ਰਥਮ ਅਤੇ ਰਨਵੀਰ ਵਾਸੀਆਨ ਸੰਧੂ ਨਗਰ ਹੈਬੋਵਾਲ ਨੇ ਪੁਰਾਣੀ ਰੰਜਿਸ਼ ਕਰ ਕੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕੀਤੀ।
ਉਸਦੀ ਭੈਣ ਪ੍ਰਿਆ ਉਸ ਨੂੰ ਛੁਡਵਾਉਣ ਲਈ ਘਰ ਤੋਂ ਬਾਹਰ ਆਈ ਤਾਂ ਉਨ੍ਹਾਂ ਉਸ ਦੀ ਵੀ ਕੁੱਟਮਾਰ ਕੀਤੀ। ਜਦੋਂ ਉਸਦਾ ਮਾਮਾ ਆਪਣਾ ਥ੍ਰੀ ਵੀਲਰ ਲੈ ਕੇ ਗਲੀ ਵਿੱਚ ਆਇਆ ਤਾਂ ਉਨ੍ਹਾਂ ਨੇ ਥ੍ਰੀ ਵੀਲਰ ਦੀ ਭੰਨ ਤੋੜ ਕੀਤੀ। ਉਸ ਦੇ ਰੌਲਾ ਪਾਉਣ ’ਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਮਾਡਲ ਗ੍ਰਾਮ ਵਾਸੀ ਰਵੀ ਕੁਮਾਰ ਨੇ ਦੱਸਿਆ ਹੈ ਕਿ ਉਹ ਸ਼ਾਮ ਸਮੇਂ ਦੁਕਾਨ ਤੋਂ ਆਪਣੇ ਘਰ ਦਾ ਸਾਮਾਨ ਲੈ ਕੇ ਵਾਪਿਸ ਘਰ ਆ ਰਿਹਾ ਸੀ ਤਾਂ ਈਵਾ ਹਸਪਤਾਲ ਸਾਹਮਣੇ ਸੂਜਲ, ਕੁਸ਼ਾਰ, ਕੈਂਟੀ ਅਤੇ ਉਨ੍ਹਾਂ ਦੇ ਇੱਕ ਨਾਮਾਲੂਮ ਸਾਥੀ ਨੇ ਪੁਰਾਣੀ ਰੰਜਿਸ਼ ਕਰ ਕੇ ਉਸਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਰੌਲਾ ਪਾਇਆ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।