ਪੱਤਰ ਪ੍ਰੇਰਕ
ਸ਼ੇਰਪੁਰ, 29 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ ਨੇ ਪਿੰਡ ਘਨੌਰੀ ਕਲਾਂ-ਘਨੌਰੀ ਖੁਰਦ ਦਰਮਿਆਨ ਲੰਘਦੇ ਰਜਵਾਹੇ ਦੇ ਮੋਘਾ ਨੰਬਰ 38740 (ਐੱਲ) ਤੋਂ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ ਵਿਛਾਈ ਜਾ ਰਹੀ ਪਾਈਪਲਾਈਨ ਦਾ ਆਪਣੀ ਟੀਮ ਅਤੇ ਵਿਭਾਗ ਦੇ ਅਧਿਕਾਰੀਆਂ ਸਮੇਤ ਪਹੁੰਚ ਕੇ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਲਈ ਉਪਰੋਥਲੀ ਸੀਮਿੰਟ ਦੀਆਂ ਪਾਈਪਾਂ ਪਵਾ ਕੇ ਪਾਣੀ ਹਰ ਕਿਸਾਨ ਦੇ ਨੱਕੇ ਤੱਕ ਪਹੁੰਚਾਉਣ ਦੀ ਪਹਿਲੇ ਪੜਾਅ ਦੀ ਨਿੱਗਰ ਕੋਸ਼ਿਸ਼ ਨੇ ਕਿਸਾਨਾਂ ਦੇ ਦਿਲ ਜਿੱਤ ਲਏ ਹਨ। ਇਸ ਮੌਕੇ ਉਨ੍ਹਾਂ ਚਹਿਲਾਂ ਦੇ ਧਾਰਮਿਕ ਸਥਾਨ ‘ਤੇ ਲਗਾਏ ਜੰਗਲ ਨੂੰ ਵੇਖਿਆ ਅਤੇ ਉਸ ਸਥਾਨ ਜੰਗਲੀ ਜਾਨਵਰਾਂ ਨੂੰ ਬਚਾਉਣ ਲਈ ਆਲੇ-ਦੁਆਲੇ ਲਗਾਏ ਜਾਣ ਵਾਲੇ ਜਾਲ ਸਬੰਧੀ ਬੀਡੀਪੀਓ ਗੁਰਮੀਤ ਸਿੰਘ ਭਲਵਾਨ ਤੇ ਉਨ੍ਹਾਂ ਦੇ ਅਮਲੇ ਨਾਲ ਮੀਟਿੰਗ ਕੀਤੀ। ਪਿੰਡ ਦੇ ‘ਆਪ’ ਵਾਲੰਟੀਅਰਾਂ ਵੱਲੋਂ ਪਿੰਡ ਦੀ ਦਿੱਖ ਵਧੀਆ ਬਣਾਏ ਜਾਣ ਲਈ ਆਲੇ ਦੁਆਲੇ ਬੂਟੇ ਲਗਾਏ ਜਾਣ ਦੀ ਰੱਖੀ ਤਜਵੀਜ਼ ਦੇ ਮੱਦੇਨਜ਼ਰ ਓਐੱਸਡੀ ਨੇ ਪਿੰਡ ਨੂੰ ਲੋੜੀਂਦੇ ਟਰੀਗਾਰਡ ਭੇਜਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਇਸ ਮੌਕੇ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਬਰਾੜ, ‘ਆਪ’ ਆਗੂ ਮਾਸਟਰ ਕੁਲਵੰਤ ਸਿੰਘ ਆਦਿ ਹਾਜ਼ਰ ਸਨ।