ਨਿੱਜੀ ਪੱਤਰ ਪ੍ਰੇਰਕ
ਨਾਭਾ, 23 ਜੂਨ
ਇਥੋਂ ਦੇ ਕਰਤਾਰਪੁਰ ਮੁਹੱਲਾ ਦੇ ਇੱਕ ਘਰ ਵਿਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ ਵਿੱਚ ਦੋ ਬੱਚਿਆਂ ਸਣੇ ਘਰ ਦੇ ਚਾਰ ਜੀਅ ਝੁਲਸੇ ਗਏ। ਪੀੜਤਾਂ ਨੂੰ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੋਂ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਪੀੜਤ ਰਿੰਨੀ ਨੇ ਦੱਸਿਆ ਕਿ ਉਹ ਆਪਣੀ ਸੱਸ ਅਤੇ ਬੱਚਿਆਂ ਨਾਲ ਰਸੋਈ ਵਿਚ ਸੀ। ਉਨ੍ਹਾਂ ਦੇ ਦੱਸਣ ਮੁਤਾਬਕ ਸਿਲੰਡਰ ਲੀਕ ਹੋਣ ਕਾਰਨ ਜਾਂ ਉਨ੍ਹਾਂ ਕੋਲੋਂ ਚੁੱਲ੍ਹਾ ਚਲਦਾ ਰਹਿਣ ਕਾਰਨ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਰਿੰਨੀ ਸਣੇ ਉਸ ਦੀ ਅੱਠ ਸਾਲਾਂ ਲੜਕੀ, ਦਸ ਸਾਲਾ ਲੜਕਾ ਅਤੇ ਉਨ੍ਹਾਂ ਦੀ ਸੱਸ ਗੁਰਵਿੰਦਰ ਕੌਰ ਜ਼ਖ਼ਮੀ ਹੋ ਗਏ। ਡਾਕਟਰਾਂ ਮੁਤਾਬਕ ਪੀੜਤ ਖ਼ਤਰੇ ਤੋਂ ਬਾਹਰ ਹਨ ਪਰ ਪਰਿਵਾਰਕ ਮੈਂਬਰਾਂ ਦੀ ਦਰਖ਼ਾਸਤ ‘ਤੇ ਉਨ੍ਹਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ।