Monday 29 April, 2024
Punjabi Tribune The Tribune Dainik Tribune
Weather Image

Chandigarh

26.9 °C

ਪੁਣੇ, 12 ਅਪਰੈਲ
ਰਾਜਸਥਾਨ ਰਾਇਲਜ਼ ਦੇ ਤੇਜ਼ ਗੇਂਦਬਾਜ਼ ਐਸ ਸ੍ਰੀਸ਼ਾਂਤ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਕੱਲ੍ਹ ਖੇਡੇ ਗਏ ਮੈਚ ‘ਚ ਵਿਰਾਟ ਕੋਹਲੀ ਤੇ ਗੌਤਮ ਗੰਭੀਰ ਵਿਚਕਾਰ ਹੋਏ ਵਿਵਾਦ ਦੀ ਤੁਲਨਾ ਪੰਜ ਸਾਲ ਪਹਿਲਾਂ ਇਕ ਆਈਪੀਐਲ ਮੈਚ ਦੌਰਾਨ ਉਸ ਦੇ ਤੇ ਹਰਭਜਨ ਸਿੰਘ ਵਿਚਕਾਰ ਹੋਏ ਵਿਵਾਦ ਨਾਲ ਕੀਤੇ ਜਾਣ ‘ਤੇ ਨਿਰਾਸ਼ਾ ਪ੍ਰਗਟਾਈ ਹੈ।
ਸ੍ਰੀਸ਼ਾਂਤ ਨੇ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਟਵਿੱਟਰ ਅਕਾਊਂਟ ‘ਤੇ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਤੁਲਨਾਵਾਂ ਬੇਵਜ੍ਹਾ ਤੁਹਾਨੂੰ ਉਕਸਾਉਂਦੀਆਂ ਹਨ। ਉਸ ਨੇ ਕਿਹਾ ਕਿ ਇਕ ਅਖ਼ਬਾਰ ਦੇ ਖੇਡ ਪੰਨੇ ਨੂੰ ਦੇਖ ਕੇ ਉਸ ਨੂੰ ਬੇਹੱਦ ਨਿਰਾਸ਼ਾ ਹੋਈ ਹੈ। ਉਸ ਨੇ ਕਿਹਾ ਕਿ ਕੱਲ੍ਹ ਮੈਚ ਦੌਰਾਨ ਜੋ ਕੁਝ ਵੀ ਹੋਇਆ ਉਹ ਕੋਹਲੀ ਤੇ ਗੰਭੀਰ ਵਿਚਕਾਰ ਹੋਇਆ ਸੀ। ਇਸ ਦੀ ਤੁਲਨਾ ਮੇਰੇ ਤੇ ਹਰਭਜਨ ਵਿਚਕਾਰ ਹੋਏ ਵਿਵਾਦ ਨਾਲ ਕਰਨਾ ਕਿਧਰੇ ਤੋਂ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ ਹੈ।
ਉਸ ਨੇ ਅੱਗੇ ਕਿਹਾ ਕਿ ਇਸ ਘਟਨਾ ਦੀ ਪੰਜ ਸਾਲ ਪਹਿਲਾਂ ਹੋਈ ਘਟਨਾ ਨਾਲ ਤੁਲਨਾ ਕਰਨਾ ਬੇਹੱਦ ਬੇਤੁਕਾ ਹੈ। ਉਸ ਨੇ ਕਿਹਾ ਕਿ ਅਜਿਹੀਆਂ ਤੁਲਨਾਵਾਂ ਤੋਂ ਉਹ ਤੰਗ ਆ ਚੁੱਕਾ ਹੈ ਪਰ ਹੁਣ ਬਹੁਤ ਹੋ ਚੁੱਕਾ ਹੈ। ਉਸ ਨੇ ਕਿਹਾ ਕਿ ਹੁਣ ਉਹ ਚੁੱਪ ਨਹੀਂ ਰਹੇਗਾ ਤੇ ਇਹ ਸਭ ਬੰਦ ਕਰਨਾ ਬੇਹੱਦ ਜ਼ਰਰੀ ਹੈ।
ਜ਼ਿਕਰਯੋਗ ਹੈ ਕਿ 2008 ‘ਚ ਮੁੰਬਈ ਇੰਡੀਅਨਜ਼ ਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਇਕ ਆਈਪੀਐਲ ਮੈਚ ਦੌਰਾਨ ਹਰਭਜਨ ਨੇ ਸ੍ਰੀਸ਼ਾਂਤ ਨੂੰ ਥੱਪੜ ਮਾਰ ਦਿੱਤਾ ਸੀ। ਇਹ ਘਟਨਾ ਕਾਫੀ ਦਿਨਾਂ ਤਕ ਮੀਡੀਆ ‘ਚ ਸੁਰਖੀਆਂ ‘ਚ ਰਹੀ ਸੀ। ਹਾਲਾਂਕਿ ਸ੍ਰੀਸ਼ਾਂਤ ਨੇ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਸੀ। ਇਸੇ ਘਟਨਾ ਦੀ ਤੁਲਨਾ ਕੱਲ੍ਹ ਦੇ ਮੈਚ ਦੌਰਾਨ ਕੋਹਲੀ ਤੇ ਗੰਭੀਰ ਵਿਚਕਾਰ ਹੋਈ ਝੜਪ ਨਾਲ ਕਰਨ ‘ਤੇ ਨਾਰਾਜ਼ ਹੋਏ ਸ੍ਰੀਸ਼ਾਂਤ ਨੇ ਕਿਹਾ ਕਿ ਉਸ ਮੈਚ ਦੌਰਾਨ ਅਜਿਹਾ ਕੁਝ ਹੋਇਆ ਹੀ ਨਹੀਂ ਸੀ ਜਿਵੇਂ ਕਿ ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਸੀ। ਉਸ ਨੇ ਕਿਹਾ ਕਿ ਭੱਜੀ ਨੇ ਉਸ ਨੂੰ ਕਦੇ ਥੱਪੜ ਨਹੀਂ ਮਾਰਿਆ ਸੀ।
ਕੇਰਲ ਦੇ ਇਸ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਉਸ ਮੈਚ ‘ਚ ਵੀ ਉਹ ਉਂਜ ਹੀ ਖੇਡਿਆ ਸੀ ਜਿਵੇਂ ਉਹ ਹੁਣ ਤਕ ਖੇਡਦਾ ਆਇਆ ਹੈ ਪਰ ਮੁੰਬਈ ਇੰਡੀਅਨਜ਼ ਦਾ ਕਪਤਾਨ ਹੋਣ ਕਾਰਨ ਭੱਜੀ ਆਪਣੇ ਗੁੱਸੇ ‘ਤੇ ਕਾਬੂ ਨਹੀਂ ਰੱਖ ਸਕਿਆ ਸੀ। ਉਸ ਨੇ ਕਿਹਾ ਕਿ ਇਸ ਮੈਚ ਦਾ ਵੀਡੀਓ ਆਈਪੀਐਲ ਕੋਲ ਹੈ ਤੇ ਉਹ ਚਾਹੁੰਦਾ ਹੈ ਕਿ ਲੋਕ ਇਸ ਨੂੰ ਦੋਬਾਰਾ ਦੇਖਣ ਕਿ ਉਸ ਦੌਰਾਨ ਉਨ੍ਹਾਂ ਦੋਵਾਂ ਵਿਚਕਾਰ ਅਜਿਹਾ ਕੁਝ ਨਹੀਂ ਹੋਇਆ ਸੀ ਜਿਵੇਂ ਦੱਸਿਆ ਗਿਆ ਹੈ। ਉਸ ਨੇ ਕਿਹਾ ਕਿ ਉਸ ਸਮੇਂ ਭੱਜੀ ਨਾਰਾਜ਼ ਸੀ ਤੇ ਮੈਚ ਤੋਂ ਬਾਅਦ ਜਦੋਂ ਦੋਵੇਂ ਟੀਮਾਂ ਦੇ ਖਿਡਾਰੀ ਮਿਲ ਰਹੇ ਸਨ ਤਾਂ ਭੱਜੀ ਉਸ ਨੂੰ ਨਾ ਤਾਂ ਥੱਪੜ ਮਾਰਨਾ ਚਾਹੁੰਦਾ ਸੀ ਤੇ ਨਾ ਹੀ ਉਸ ਨੇ ਅਜਿਹਾ ਕੁਝ ਕੀਤਾ। ਉਸ ਨੇ ਕਿਹਾ ਕਿ ਬੇਹੱਦ ਨਿਰਾਸ਼ਾਜਨਕ ਹੈ ਕਿ ਪੰਜ ਸਾਲ ਪਹਿਲਾਂ ਦੀ ਉਸ ਘਟਨਾ ਨੂੰ ਹੁਣ ਵੀ ਉਛਾਲਿਆ ਜਾ ਰਿਹਾ ਹੈ ਜੋ ਕਦੇ ਵਾਪਰੀ ਹੀ ਨਹੀਂ।

 -ਪੀ.ਟੀ.ਆਈ.