Saturday 11 May, 2024
Punjabi Tribune The Tribune Dainik Tribune
Weather Image

Chandigarh

36.4 °C

ਪੱਤਰ ਪ੍ਰੇਰਕ
ਹੁਸ਼ਿਆਰਪੁਰ, 28 ਮਾਰਚ

ਪੰਜਾਬੀ ਸਾਹਿਤ ਸਭਾ ਦੇ ਮੈਂਬਰ ਸਰਕਾਰੀ ਕਾਲਜ ਵਿੱਚ ਪਰਵਾਸੀ ਸ਼ਾਇਰਾ ਨੀਲਮ ਸੈਣੀ ਨੂੰ ਸਨਮਾਨਦੇ ਹੋਏ। -ਫੋਟੋ: ਹਰਪ੍ਰੀਤ ਕੌਰ
ਪੰਜਾਬੀ ਸਾਹਿਤ ਸਭਾ ਦੇ ਮੈਂਬਰ ਸਰਕਾਰੀ ਕਾਲਜ ਵਿੱਚ ਪਰਵਾਸੀ ਸ਼ਾਇਰਾ ਨੀਲਮ ਸੈਣੀ ਨੂੰ ਸਨਮਾਨਦੇ ਹੋਏ। -ਫੋਟੋ: ਹਰਪ੍ਰੀਤ ਕੌਰ

ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ ਵੱਲੋਂ ਸਰਕਾਰੀ ਕਾਲਜ ਵਿਖੇ ਪ੍ਰਵਾਸੀ ਸ਼ਾਇਰਾ ਨੀਲਮ ਸੈਣੀ ਦੀ ਖੋਜ ਪੁਸਤਕ ‘ਸਾਡੀਆਂ ਰਸਮਾਂ ਸਾਡੇ ਗੀਤ’ ਉੱਤੇ ਗੋਸ਼ਟੀ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਪਰਮਜੀਤ ਸਿੰਘ, ਡਾ. ਕਰਮਜੀਤ ਸਿੰਘ, ਪ੍ਰੋ. ਸੰਧੂ ਵਰਿਆਣਵੀ, ਹਰਭਜਨ ਸਿੰਘ ਕਾਬਲੀ, ਕਹਾਣੀਕਾਰ ਅਜਮੇਰ ਸਿੱਧੂ ਅਤੇ ਮਦਨ ਵੀਰਾ ਨੇ ਕੀਤੀ। ਇਸ ਮੌਕੇ ਡਾ. ਸਰਦੂਲ ਸਿੰਘ ਨੇ ਸਭਾ ਦੇ ਸਰੋਕਾਰਾਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਪ੍ਰੋ. ਜੇ.ਬੀ ਸੇਖੋਂ ਨੇ ਪਰਚਾ ਪੇਸ਼ ਕਰਦਿਆਂ ਕਿਹਾ ਕਿ ਲੋਕਧਾਰਾ ਨਿਰੰਤਰ ਚੱਲਦੀ ਰਹਿੰਦੀ ਹੈ। ਅਜਮੇਰ ਸਿੱਧੂ ਨੇ ਲੇਖਕਾਂ ਦੇ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸਾਹਿਤਕ ਅਤੇ ਸਮਾਜਿਕ ਸਫ਼ਰ ਬਾਰੇ ਚਰਚਾ ਕੀਤੀ।ਨਵਤੇਜ ਗੜ੍ਹਦੀਵਾਲਾ ਅਤੇ ਡਾ. ਰਵਿੰਦਰ ਕੌਰ ਨੇ ਇਸ ਪੁਸਤਕ ਨੂੰ ਦੋਆਬੇ ਦੇ ਲੋਕ ਗੀਤਾਂ ਦੀ ਪ੍ਰਤੀਨਿਧ ਪੁਸਤਕ ਕਿਹਾ। ਪ੍ਰੋ. ਵਰਿਆਣਵੀ ਨੇ ਲੋਕ ਗੀਤਾਂ ਵਿਚ ਔਰਤ ਦੇ ਮਨ ਦੀ ਵੇਦਨਾ ਬਾਰੇ ਗੱਲਾਂ ਕਰਦਿਆਂ ਰਮਾਇਣ ਤੇ ਮਹਾਂਭਾਰਤ ਵਿਚੋਂ ਅਨੇਕਾਂ ਉਦਾਹਰਣਾਂ ਦਿੱਤੀਆਂ। ਸਵਾਲਾਂ ਦੇ ਜਵਾਬ ਦਿੰਦਿਆਂ ਨੀਲਮ ਸੈਣੀ ਨੇ ਪੁਸਤਕ ਵਿਚੋਂ ਕੁਝ ਲੋਕ ਗੀਤ ਗਾ ਕੇ ਸੁਣਾਏ। ਡਾ. ਕਰਮਜੀਤ ਸਿੰਘ ਨੇ ਲੋਕਧਾਰਾ ਨੂੰ ਨਵੀਂ ਸ੍ਰਿਸ਼ਟੀ ਤੋਂ ਦੇਖਣ ਅਤੇ ਪਰਖਣ ਦੀ ਗੱਲ ਆਖੀ। ਸਟੇਜ ਸੰਚਾਲਨ ਸਭਾ ਦੇ ਜਨਰਲ ਸਕੱਤਰ ਡਾ. ਜਸਵੰਤ ਰਾਏ ਨੇ ਕੀਤਾ।
ਇਸ ਮੌਕੇ ਮਦਨ ਵੀਰਾ ਦੀ ਕਾਵਿ ਪੁਸਤਕ ‘ਭਖਿਆ’ ਦਾ ਤੀਜਾ ਅਡੀਸ਼ਨ, ਮੋਹਨ ਲਾਲ ਕਰੀਮਪੁਰੀ ਦੀਆਂ ਦੋ ਪੁਸਤਕਾਂ ‘ਅੰਬੇਦਕਰ ਇਕਲਾਬ’ ਅਤੇ ‘ਬੁੱਧ ਭੀਮ ਕਿਰਨਾਂ’, ਰਾਠੇਸ਼ਵਰ ਸਿੰਘ ਸੂਰਾਪੁਰੀਆ ਦਾ ਕਾਵਿ ਸੰਗ੍ਰਹਿ ‘ਦਿਲ ਦੀ ਅਵਾਜ਼’ ਅਤੇ ਹਰਜਿੰਦਰ ਹਰਗੜ੍ਹੀਆ ਦਾ ਹਫਤਾਵਰੀ ਪਰਚਾ ‘ਇਨਕਲਾਬੀ ਬੁਲੇਟਨ’ ਲੋਕ ਅਰਪਣ ਕੀਤੇ ਗਏ। ਅੰਤ ’ਚ ਪ੍ਰਿੰਸੀਪਲ ਕਰਮਜੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਵਿਚ ਸਾਹਿਤ ਨਾਲ ਪਿਆਰ ਅਤੇ ਸੁਹਜ ਪੈਦਾ ਕਰਦੇ ਹਨ। ਸਮਾਗਮ ’ਚ ਗੁਰਮੀਤ ਖਾਨਪੁਰੀ, ਮਿਸ਼ਨਰੀ ਗਾਇਕ ਕੁਲਦੀਪ ਚੁੰਬਰ, ਤ੍ਰਿਪਤ ਕੇ. ਸਿੰਘ, ਪ੍ਰਿੰਸੀਪਲ ਸਤਵੰਤ ਕਲੋਟੀ, ਪ੍ਰੋ. ਅਵਿਨਾਸ਼ ਕੌਰ, ਤੀਰਥ ਚੰਦ ਸਰੋਆ, ਕੁਲਤਾਰ ਸਿੰਘ ਕੁਲਤਾਰ, ਕੁਲਦੀਪ ਕੌਰ ਕਾਬਲੀ, ਪ੍ਰੋ. ਸਤਨਾਮ ਸਿੰਘ, ਰੁਪਿੰਦਰ ਸਿੰਘ ਅਰੋੜਾ, ਜਨਕਪ੍ਰੀਤ ਬੇਗੋਵਾਲ, ਸਾਂਵਲ ਧਾਮੀ ਆਦਿ ਸ਼ਾਮਲ ਸਨ।