Saturday 4 May, 2024
Punjabi Tribune The Tribune Dainik Tribune
Weather Image

Chandigarh

29 °C

ਫ਼ਿਲਮ ਬਾਰੀ ਦੀ ਵਿਡੋ ਦੀ ਸ਼ੂਟਿੰਗ ਦੇ ਦ੍ਰਿਸ਼।

ਪੱਤਰ ਪ੍ਰੇਰਕ
ਲਹਿਰਾਗਾਗਾ, 23 ਨਵੰਬਰ
ਪੰਜਾਬ ਵਿੱਚ ਖੁਸ਼ਹਾਲੀ ਦੇ ਨਾਲ ਨਾਲ ਕਰਜ਼ੇ ਦੀ ਪੰਡ ਕਰਕੇ ਖੁਦਕੁਸ਼ੀ ਕਰਨ ਦਾ ਵਰਤਾਰਾ ਵੀ ਆਮ ਹੈ। ਖੁਦਕੁਸ਼ੀ ਕਿਸੇ ਸਮੱਸਿਆਂ ਦਾ ਸਥਾਈ ਹੱਲ ਨਹੀਂ ਹੈ ਅਤੇ ਇਸ ਇਲਾਕੇ ਵਿੱਚ ਪਰਿਵਾਰ ਦੇ ਤਿੰਨ ਪੀੜ੍ਹੀਆਂ ਦੇ ਮੁੱਖੀਆਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਪਰਿਵਾਰਾਂ ਦੇ ਦੁੱਖਾਂ ਦਾ ਭਾਰ ਨਹੀਂ ਘਟਾ ਸਕਦੀਆਂ। ਚਾਹੇ ਖੁਦਕੁਸ਼ੀ ਕਰਨ ਵਾਲਾ ਸਾਰੀਆਂ ਸਮੱਸਿਆਵਾਂ ਤੋਂ ਮੁਕਤੀ ਪਾ ਜਾਂਦਾ ਹੈ ਪਰ ਪਰਿਵਾਰ ਦੀਆਂ ਪੀੜ੍ਹੀਆਂ ਖਾਸ ਕਰਕੇ ਔਰਤ ’ਤੇ ਆਉਂਦੇ ਪਰਬਤੋਂ ਭਾਰੀ ਦੁੱਖ ਪਿੱਛਾ ਨਹੀਂ ਛੱਡਦੇ। ਇਸੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਅੰਗਰੇਜ਼ੀ ਦੇ ਸੀਨੀਅਰ ਪੱਤਰਕਾਰ ਜਤਿੰਦਰ ਪ੍ਰੀਤ ਉਰਫ ਜੇਪੀ ਦੀ ਨਿਰਦੇਸ਼ਨਾ ਵਿੱਚ ਇਸ ਇਲਾਕੇ ਅੰਦਰ ਸਪਿਰਟ ਆਫ਼ ਅਮ੍ਰਿਤਾ ਫਾਊਡੇਂਸ਼ਨ ਵੱਲੋਂ ਕਰੀਬ ਘੰਟੇ ਦੀ ਫੀਚਰ ਫਿਲਮ’ ਬਾਰੀ ਦੀ ਵਿਡੋ’ ਨਾਮੀ ਫਿਲਮ ਬਣਾਈ ਜਾ ਰਹੀ ਹੈ।
ਇਸ ਫਿਲਮ ਦੀ ਬਹੁਤੀ ਸ਼ੂਟਿੰਗ ਲਹਿਰਾਗਾਗਾ ਨੇੜਲੇ ਪਿੰਡ ਚੰਗਾਲੀਵਾਲਾ ਦੀ ਹੈ। ਇਸ ਫਿਲਮ ਵਿੱਚ ਪੰਜਾਬੀ ਰੰਗ ਮੰਚ ਦੇ ਬਾਬਾ ਬੋਹੜ, ਪੰਜਾਬੀ  ਫੀਚਰ ਫਿਲਮਾਂ ਦੇ ਆਰਟ ਡਾਇਰੈਕਟਰ ਅਤੇ ਕੌਮਾਂਤਰੀ ਇਨਾਮ ਜੇਤੂ ਫਿਲਮ ਅੰਨੇ ਘੋੜੇ ਦਾ ਦਾਨ ਦੇ ਹੀਰੋ ਸੈਮੂਅਲ ਜੋਹਨ ਐਸੋਸੀਏਟ ਡਾਇਰੈਕਟਰ ਹਨ ਜਦਕਿ ਫਿਲਮ ਵਿੱਚ ਪੰਜਾਬੀ ਰੰਗਮੰਚ ਦੇ ਕਲਾਕਾਰ ਰਾਜ ਕੌਰ ਧਾਲੀਵਾਲ, ਹਰਦਰਸ਼ਨ, ਨਵਦੀਪ, ਜਗਮੇਲ ਸਿੰਘ ਅਤੇ ਪ੍ਰਿਥੀ ਪਾਲ ਜਲੂਰ ਤੋਂ ਇਲਾਵਾ ਪਿੰਡ ਦੇ ਲੋਕ ਨੌਜਵਾਨ, ਬੱਚੇ ਅਤੇ ਔਰਤਾਂ ਇਸ ਦੇ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦੇ ਸਿਨੇਮਾਟੋਗ੍ਰਾਫਰ ਪਰਮਿੰਦਰ ਸਿੰਘ ਹਨ। ਡਾਇਰੈਕਟਰ ਜੇਪੀ ਨੇ ਦੱਸਿਆ ਕਿ ਇਸ ਫਿਲਮ ਅਜਿਹੇ ਪਰਿਵਾਰ ਦੀ ਹੈ ਜਿਸ ਦੇ ਮੁਖੀ ਆਰਥਿਕ ਕਾਰਨਾਂ ਕਰਕੇ ਜ਼ਹਿਰ ਸਪਰੇਆਂ ਪੀ ਕੇ  ਖੁਦਕੁਸ਼ੀਆਂ ਕਰ ਜਾਂਦੇ ਹਨ ਅਤੇ ਜਿਸ ਮਗਰੋਂ ਉਸ ਦੀ ਪਤਨੀ ਨੂੰ ਇਹ ਸੰਤਾਪ ਨੂੰ ਹੰਢਾਉਣ ਵੇਲੇ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਕਿਵੇਂ ਹੰਢਾਉਣਾ ਪੈਂਦਾ ਹੈ। ਫਿਲਮ ਔਰਤ ਅਤੇ  ਪਰਿਵਾਰ ਨਾਲ ਬੀਤਦੇ ਬਿਰਤਾਂਤ ਦੀ ਹਕੀਕਤ ਪੇਸ਼ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦਾ ਵਿਸ਼ਾ ਵਸਤੂ ਅਤੇ ਘਟਨਾਵਾਂ ਬਾਰੇ ਗੰਭੀਰ ਖੋਜ ਮਗਰੋਂ ਇਕੱਠੇ ਹੋਏ ਤੱਥਾਂ ’ਤੇ  ਫਿਲਮ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਫਿਲਮ ਆਪਣੇ ਆਖਰੀ ਪੜ੍ਹਾਅ ਵਿੱਚ ਪਹੁੰਚ ਗਈ ਹੈ ਅਤੇ ਛੇਤੀ ਹੀ ਬਣ ਕੇ ਦਰਸ਼ਕਾਂ ਦੇ ਰੂਬਰੂ ਕੀਤੀ ਜਾਵੇਗੀ।