ਬਠਿੰਡਾ ਏਮਜ਼ ਦੀ ਉਸਾਰੀ ਦਾ ਚੱਲ ਰਿਹਾ ਕੰਮ। -ਫੋਟੋ: ਵਿਜੇ ਕੁਮਾਰ
ਟਿ੍ਬਿਊਨ ਨਿਊਜ਼ ਸਰਵਿਸ
ਬਠਿੰਡਾ, 22 ਦਸੰਬਰ
ਕੇਂਦਰ ਸਰਕਾਰ ਨੇ ਬਠਿੰਡਾ ਦੇ ਏਮਜ਼ ਇੰਸਟੀਚਿਊਟ ਨੂੰ ਮੌਜੂਦਾ ਸੈਸ਼ਨ ਤੋਂ ਚਾਲੂ ਕਰਨ ਲਈ ਦਾਖ਼ਲੇ ਖੋਲ੍ਹ ਦਿੱਤੇ ਹਨ, ਜੋ ਇਸ ਖਿੱਤੇ ਲਈ ਵੱਡੀ ਖੁਸ਼ਖ਼ਬਰੀ ਹੈ। ਐੱਮ.ਬੀ.ਬੀ.ਐੱਸ 2019 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਨਵੀਂ ਦਿੱਲੀ ਨੇ ਦਾਖ਼ਲੇ ਲਈ 21 ਦਸੰਬਰ ਨੂੰ ਜਨਤਕ ਨੋਟਿਸ ਜਾਰੀ ਕਰ ਦਿੱਤਾ ਹੈ। ਚਾਹਵਾਨ ਦਾਖ਼ਲਾ ਪ੍ਰੀਖਿਆ ਲਈ 3 ਜਨਵਰੀ ਤੱਕ ਰਜਿਸਟ੍ਰੇਸ਼ਨ ਕਰ ਸਕਣਗੇ।
ਪ੍ਰਧਾਨ ਮੰਤਰੀ ਸਿਹਤ ਸੁਰੱਖਿਆ ਯੋਜਨਾ ਤਹਿਤ ਮੁਲਕ ਦੇ 11 ਸੂਬਿਆਂ ਵਿਚ ਏਮਜ਼ ਇੰਸਟੀਚਿਊਟ ਬਣ ਰਹੇ ਹਨ, ਜਿਨ੍ਹਾਂ ਵਿਚੋਂ ਇਕ ਬਠਿੰਡਾ ਏਮਜ਼ ਹੈ। ਏਮਜ਼ ਇੰਸਟੀਚਿਊਟ ਨੂੰ ਮੁਕੰਮਲ ਕਰਨ ਦਾ ਟੀਚਾ ਮਈ 2020 ਦਾ ਰੱਖਿਆ ਗਿਆ ਹੈ। ਏਮਜ਼ ਵਿਚ 20 ਸੁਪਰ ਸਪੈਸ਼ਲਿਟੀ ਵਿੰਗ ਬਣਨੇ ਹਨ। ਕੇਂਦਰੀ ਇੰਸਟੀਚਿਊਟ ਵਿਚ 100 ਸੀਟਾਂ ਐੱਮ.ਬੀ.ਬੀ.ਐਸ ਅਤੇ 60 ਸੀਟਾਂ ਬੀ.ਐੱਸ.ਸੀ. ਨਰਸਿੰਗ ਦੀਆਂ ਹੋਣਗੀਆਂ, ਜਿਨ੍ਹਾਂ ਦੇ ਦਾਖ਼ਲੇ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਏਮਜ਼ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸੇ ਵਰ੍ਹੇ ਤੋਂ ਏਮਜ਼ ਵਿਚ ਓਪੀਡੀ ਅਤੇ ਡਾਇਗਨੌਸਟਿਕ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਹੈ। ਏਮਜ਼ ਬਠਿੰਡਾ ਲਈ 170 ਏਕੜ ਜ਼ਮੀਨ ਦਾ ਪ੍ਰਬੰਧ ਪੰਜਾਬ ਸਰਕਾਰ ਨੇ ਕੀਤਾ ਹੈ। ਕੇਂਦਰ ਨੇ 27 ਜੁਲਾਈ 2016 ਨੂੰ ਬਠਿੰਡਾ ‘ਚ ਏਮਜ਼ ਬਣਾਉਣ ਦੀ ਪ੍ਰਵਾਨਗੀ ਦਿੱਤੀ ਸੀ ਅਤੇ 925 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਨਵੰਬਰ, 2016 ਨੂੰ ਏਮਜ਼ ਦਾ ਨੀਂਹ ਪੱਥਰ ਰੱਖਿਆ ਸੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 24 ਅਗਸਤ ਨੂੰ ਟੱਕ ਲਾ ਕੇ ਇਸ ਦੀ ਸ਼ੁਰੂਆਤ ਕੀਤੀ ਸੀ। ਏਮਜ਼ ਦੀ ਇਮਾਰਤ ਮੌਜੂਦਾ ਸੈਸ਼ਨ ਦੌਰਾਨ ਮੁਕੰਮਲ ਹੋਣੀ ਮੁਸ਼ਕਲ ਹੈ, ਜਿਸ ਕਰਕੇ ਇਸ ਵਰ੍ਹੇ ਤੋਂ ਕਲਾਸਾਂ ਚਾਲੂ ਕਰਨ ਲਈ ਆਰਜ਼ੀ ਕੈਂਪਸ ਦੇਖਿਆ ਜਾ ਰਿਹਾ ਹੈ, ਜਿਸ ਲਈ ਕੇਂਦਰੀ ਯੂਨੀਵਰਸਿਟੀ ਦੇ ਮੌਜੂਦਾ ਆਰਜ਼ੀ ਕੈਂਪਸ ਵਾਲੀ ਜਗ੍ਹਾ ਵੀ ਦੇਖੀ ਗਈ ਸੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਅਮਿਤ ਰਤਨ ਨੇ ਅੱਜ ਏਮਜ਼ ਦੇ ਦਾਖ਼ਲੇ ਖੁੱਲ੍ਹਣ ’ਤੇ ਇਲਾਕਾ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਹੈ ਅਤੇ ਅਪੀਲ ਕੀਤੀ ਹੈ ਕਿ ਵਿਦਿਆਰਥੀ ਬਠਿੰਡਾ ਏਮਜ਼ ਵਿਚ ਦਾਖ਼ਲੇ ਲਈ ਆਨ ਲਾਈਨ ਅਪਲਾਈ ਕਰਨ।