ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ

ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਕਿਸਾਨ ਆਪਣਾ ਕਮਾਦ ਵਾਹੁੰਦਾ ਹੋਇਆ। -ਫੋਟੋ: ਭੰਗੂ

ਬਲਵਿੰਦਰ ਸਿੰਘ ਭੰਗੂ ਭੋਗਪੁਰ, 15 ਜੁਲਾਈ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਮਾਰੂ ਨੀਤੀਆਂ ਤੋਂ ਤੰਗ ਆ ਕੇ ਕਿਸਾਨ ਨੇ ਖੁਦਕੁਸ਼ੀ ਦਾ ਰਸਤਾ ਤਾਂ ਨਹੀਂ ਅਪਣਾਇਆ ਪਰ ਸਰਕਾਰ ਪ੍ਰਤੀ ਗੁੱਸੇ ਦਾ ਇਜ਼ਹਾਰ ਕਰਦਿਆਂ ਆਪਣੀ ਚੰਗੀ ਕਮਾਦ ਦੀ ਫਸਲ ਟਰੈਕਟਰ ਨਾਲ ਵਾਹ ਦਿੱਤੀ। ਪਿੰਡ ਲਾਹਦੜਾ ਦਾ ਵਾਸੀ ਕਿਸਾਨ ਦਲਜੀਤ ਸਿੰਘ ਠੇਕੇ ’ਤੇ ਜ਼ਮੀਨ ਲੈ ਕੇ 9 ਏਕੜ ਦੇ ਕਰੀਬ ਪਿੰਡ ਬਿਨਪਾਲਕੇ ਵਿੱਚ ਖੇਤੀ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਜ਼ਮੀਨ ਮਾਲਕ ਨੂੰ ਠੇਕੇ ਦੇ ਪੈਸੇ ਦੇ ਦਿੱਤੇ ਹਨ ਅਤੇ ਕਮਾਦ ਬੀਜ ਕੇ ਦਵਾਈ ਤੇ ਖਾਦ ਵੀ ਪਾਈ ਹੈ, ਜਦੋਂ ਇਹ ਸੋਚਿਆ ਕਿ ਸਹਿਕਾਰੀ ਖੰਡ ਮਿੱਲ ਭੋਗਪੁਰ ਨੇ ਪਿਛਲੇ ਤਿੰਨ ਸੀਜ਼ਨਾਂ ਵਿਚ ਦਿੱਤੇ ਗੰਨੇ ਦੀ 5 ਲੱਖ 97 ਹਜ਼ਾਰ ਅਦਾਇਗੀ ਨਹੀਂ ਕੀਤੀ ਅਤੇ ਇਸ ਬੀਜੇ ਕਮਾਦ ਦੇ ਅਗਲੇ ਹੋਰ ਤਿੰਨ ਸਾਲ ਬਾਅਦ ਵੀ ਪੈਸੇ ਖੰਡ ਮਿੱਲ ਨੇ ਨਾ ਦਿੱਤੇ ਤਾਂ ਉਹ ਖੁਦਕਸ਼ੀ ਦੇ ਰਾਹ ਤੁਰਨ ਨੂੰ ਮਜਬੂਰ ਹੋਵੇਗਾ। ਕਮਾਦ ਦੀ ਫ਼ਸਲ ’ਤੇ ਹੋਰ ਲਾਗਤ ਨਾ ਆਏ ਇਸ ਲਈ ਉਸ ਨੇ ਕਮਾਦ ਵਾਹੁਣ ਦਾ ਫ਼ੈਸਲਾ ਕੀਤਾ। ਇਸ ਮੌਕੇ ਨਾ ਸਹਿਕਾਰੀ ਖੰਡ ਮਿੱਲ ਦਾ ਕੋਈ ਅਧਿਕਾਰੀ, ਨਾ ਹੀ ਕਿਸੇ ਹੋਰ ਸਰਕਾਰੀ ਵਿਭਾਗ ਦਾ ਅਧਿਕਾਰੀ ਅਤੇ ਨਾ ਹੋਰ ਕਿਸਾਨਾਂ ਨੇ ਦਲਜੀਤ ਸਿੰਘ ਨੂੰ ਕਮਾਦ ਵਾਹੁਣ ਤੋਂ ਰੋਕਿਆ। ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਕਹਿਣੇ ’ਤੇ ਕਿਸਾਨ ਝੋਨੇ ਦੀ ਜਗ੍ਹਾ ਕਮਾਦ ਅਤੇ ਮੱਕੀ ਬੀਜਣ ਲੱਗਾ ਹੈ ਪਰ ਦੋਹਾਂ ਫ਼ਸਲਾਂ ਦਾ ਮੰਡੀਕਰਨ ਹੀ ਨਹੀਂ ਹੈ ਅਤੇ ਖੰਡ ਮਿੱਲਾਂ ਪਿਛਲੇ ਤਿੰਨ ਸੀਜ਼ਨਾਂ ਦੇ ਗੰਨੇ ਦੀ ਅਦਾਇਗੀ ਨਹੀਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਭੋਗਪੁਰ ਖੰਡ ਮਿੱਲ ਵੱਲ ਪਿਛਲਾ ਲੱਖਾਂ ਰੁਪਏ ਗੰਨੇ ਦਾ ਬਕਾਇਆ ਪਿਆ ਹੈ। ਕਿਸਾਨਾਂ ਨੂੰ ਫਸਲਾਂ ਬੀਜਣ ਲਈ ਆਉਂਦੀ ਲਾਗਤ ਲਈ ਮਿੱਲ ਆਪਣੀ ਗਰੰਟੀ ’ਤੇ ਬੈਂਕਾਂ ਤੋਂ ਕਰਜ਼ੇ ਦਾ ਪ੍ਰਬੰਧ ਨਹੀਂ ਕਰ ਕੇ ਦਿੰਦੀ, ਜਿਸ ਕਰ ਕੇ ਕਿਸਾਨ ਦਾ ਦੀਵਾਲਾ ਨਿਕਲ ਚੁੱਕਾ ਹੈ। ਸਹਿਕਾਰੀ ਖੰਡ ਮਿੱਲ ਭੋਗਪੁਰ ਦੇ ਜੀਐੱਮ ਅਰੁਣ ਅਰੋੜਾ ਨਾਲ ਜਦੋਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਖੰਡ ਮਿੱਲ ਵੱਲ ਕਿਸਾਨਾਂ ਦੇ ਗੰਨੇ ਦਾ ਕਿੰਨਾ ਪੈਸਾ ਰਹਿੰਦਾ ਹੈ ਉਸ ਨੂੰ ਕੁਝ ਪਤਾ ਨਹੀਂ ਹੈ ਕਿਉਂਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਇਸ ਮਿੱਲ ਦਾ ਚਾਰਜ ਸੰਭਾਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All