ਵਿਧਾਇਕ ਹਰਮਿੰਦਰ ਗਿੱਲ ਨੇ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਮੰਗੀ

ਪੱਤਰ ਪ੍ਰੇਰਕ ਅੰਮ੍ਰਿਤਸਰ, 15 ਜਨਵਰੀ ਹਲਕਾ ਪੱਟੀ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਆਫ਼ੀ ਪੱਤਰ ਸੌਂਪ ਕੇ ਬੀਤੇ ਦਿਨੀਂ ਉਨ੍ਹਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਬਾਰੇ ਆਖੇ ਗਏ ਇਤਰਾਜ਼ਯੋਗ ਸ਼ਬਦਾਂ ਲਈ ਮੁਆਫ਼ੀ ਦੀ ਮੰਗ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਚ ਜਥੇਦਾਰ ਦੇ ਨਿੱਜੀ ਸਹਾਇਕ ਨੂੰ ਉਨ੍ਹਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ਪੱਤਰ ਸੌਂਪਿਆ। ਸ੍ਰੀ ਗਿੱਲ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ, ‘‘ਉਨ੍ਹਾਂ ਦੀ ਵਾਇਰਲ ਹੋਈ ਵੀਡੀਓ ਵਿੱਚ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਸਬੰਧੀ ਕੁਝ ਇਤਰਾਜ਼ਯੋਗ ਅਤੇ ਸੰਗਤ ਦੇ ਹਿਰਦਿਆਂ ਨੂੰ ਠੇਸ ਪੁਚਾਉਣ ਵਾਲੇ ਸ਼ਬਦ ਸਾਹਮਣੇ ਆਏ ਸਨ। ਜਾਣੇ-ਅਣਜਾਣੇ ਸ਼ਬਦਾਂ ਦਾ ਸਹੀ ਜੋੜ ਨਾ ਹੋਣ ਕਰ ਕੇ ਮੇਰੇ ਇਸ ਭਾਸ਼ਨ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਸਬੰਧੀ ਕਹੀਆਂ ਗਲਤ ਗੱਲਾਂ ਬਾਰੇ ਮੈਂ ਸਿੱਖ ਸੰਗਤ ਪਾਸੋਂ ਬਿਨਾਂ ਸ਼ਰਤ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਹੋਈ ਗਲਤੀ ਕਰ ਕੇ ਖ਼ੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼ ਕਰਦਾ ਹਾਂ। ਗੁਰਮਤਿ ਅਨੁਸਾਰ ਤਖ਼ਤ ਸਾਹਿਬ ਵੱਲੋਂ ਜੋ ਵੀ ਸਜ਼ਾ ਲਾਈ ਜਾਵੇਗੀ, ਖਿੜੇ ਮੱਥੇ ਪ੍ਰਵਾਨ ਕਰਾਂਗਾ।’’ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਿਧਾਇਕ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਹੈ। ਅਕਾਲ ਤਖ਼ਤ ਸਾਹਿਬ ਵੱਲੋਂ ਜੇ ਕੋਈ ਉਨ੍ਹਾਂ ਨੂੰ ਸਜ਼ਾ ਲਗਾਈ ਗਈ ਤਾਂ ਉਹ ਪ੍ਰਵਾਨ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All