ਲਾਰਿਆਂ ’ਚ ਜੀਅ ਰਹੇ ਨੇ ਇਰਾਕ ’ਚ ਮਾਰੇ ਗਏ ਭਾਰਤੀ ਨਾਗਰਿਕਾਂ ਦੇ ਪਰਿਵਾਰ

ਪੱਤਰ ਪ੍ਰੇਰਕ ਅਜਨਾਲਾ, 11 ਜੂਨ ਇਰਾਕ ਦੇ ਮੌਸੂਲ ਸ਼ਹਿਰ ਵਿਚੋਂ 39 ਭਾਰਤੀ ਨਾਗਰਿਕਾਂ ਨੂੰ ਆਈਐਸਆਈ ਦੇ ਲੜਾਕੂਆਂ ਨੇ ਅਗਵਾ ਕਰ ਲਿਆ ਸੀ ਪਰ ਅੱਜ ਵੀ ਉਨ੍ਹਾਂ ਪਰਿਵਾਰਾਂ ਵਿਚੋਂ ਕੁਝ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨਿਰਾਸ਼ ਹਨ ਕਿਉਂਕਿ ਵਾਅਦੇ ਮੁਤਾਬਕ ਸਰਕਾਰ ਨੇ ਉਨ੍ਹਾਂ ਨੂੰ ਨਾ ਤਾਂ ਨੌਕਰੀ ਦਿੱਤੀ ਤੇ ਨਾ ਹੀ ਉਨ੍ਹਾਂ ਨੂੰ ਪੈਨਸ਼ਨ ਮਿਲ ਰਹੀ ਹੈ। ਇਥੇ ਦੱਸਣਯੋਗ ਹੈ ਕਿ ਭਾਰਤ ਦੇ ਚਾਰ ਸੂਬਿਆਂ ਪੰਜਾਬ, ਬਿਹਾਰ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ ਤੋਂ ਰੋਜ਼ੀ ਰੋਟੀ ਕਮਾਉਣ ਲਈ 39 ਭਾਰਤੀ ਇਰਾਕ ਦੇ ਸ਼ਹਿਰ ਮੌਸੂਲ ਗਏ ਸਨ, ਜਿਥੇ ਆਈਐਸਆਈ ਦੇ ਲੜਾਕੂਆਂ ਨੇ ਜੂਨ 2014 ਵਿਚ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ ਬਾਅਦ ਵਿਚ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਮ੍ਰਿਤਕਾਂ ਦਾ ਡੀਐਨਏ ਕਰਵਾ ਕੇ ਦੋ ਅਪਰੈਲ 2018 ਨੂੰ ਉਨ੍ਹਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਸਨ। ਅੱਜ ਇਥੇ ਪੀੜਤ ਪਰਿਵਾਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਰਾਂ ਦੀ ਮਾਲੀ ਹਾਲਤ ਸੁਧਾਰਨ ਲਈ ਉਨ੍ਹਾਂ ਦੇ ਬੱਚੇ ਇਰਾਕ ਗਏ ਸਨ, ਜਿਥੇ ਉਨ੍ਹਾਂ ਦੀ ਮੌਤ ਹੋ ਗਈ ਸੀ। ਇਕ ਸਾਲ ਬੀਤਣ ਮਗਰੋਂ ਵੀ ਸਰਕਾਰ ਘਰ ਦੇ ਇਕ ਮੈਂਬਰ ਨੂੰ ਨਾ ਤਾਂ ਸਰਕਾਰੀ ਨੌਕਰੀ ਹੀ ਦੇ ਸਕੀ ਅਤੇ ਨਾ ਹੀ ਕੋਈ ਮਾਲੀ ਮਦਦ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਯਕੀਨ ਦਿਵਾਇਆ ਸੀ ਕਿ ਜਿੰਨੀ ਦੇਰ ਨੌਕਰੀ ਨਹੀਂ ਮਿਲੇਗੀ, ਸਰਕਾਰ 20 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਵਜੋਂ ਦੇਵੇਗੀ ਪਰ ਸਰਕਾਰ ਉਹ ਵੀ ਨਹੀਂ ਦੇ ਰਹੀ। ਪੀੜਤ ਪਰਿਵਾਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਜਲਦੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪੀੜਤ ਪਰਿਵਾਰ ਹੋਰ ਰਿਸ਼ਤੇਦਾਰਾਂ ਨਾਲ ਦਿੱਲੀ ਵਿਚ ਰੋਸ ਧਰਨਾ ਦੇਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All