ਨਸੀਹਤਾਂ ਤੋਂ ਬਾਅਦ ਹੁਣ ਡੰਡਾ ਖੜਕਾਉਣ ਲੱਗੀ ਪੁਲੀਸ

ਮੰਡੀ ਬਰੀਵਾਲਾ ‘ਚ ਮਾਸਕ ਤੇ ਸੈਨੇਟਾਈਜ਼ਰ ਮਹਿੰਗੇ ਵੇਚਣ ਦੇ ਮਾਮਲੇ ਦੀ ਪੜਤਾਲ ਕਰਦੇ ਹੋਏ ਅਧਿਕਾਰੀ।

ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 24 ਮਾਰਚ ਵਿਸ਼ਵ ਪੱਧਰ ’ਤੇ ਕਰੋਨਾਵਾਇਰਸ ਕਾਰਨ ਬਣੀ ਮੁਸੀਬਤ ਦੀ ਘੜੀ ਵਿਚ ਸਰਕਾਰ ਵੱਲੋਂ ਕੀਤੀਆਂ ਸਖ਼ਤੀਆਂ ਦੇ ਬਾਵਜੂਦ ਲੋਕ ਖ਼ਰਮਸਤੀਆਂ ਕਰਨ ਤੋਂ ਬਾਜ਼ ਨਹੀਂ ਆ ਰਹੇ। ਕਰਫਿਊ ਦੇ ਦੂਜੇ ਦਿਨ ਵੀ ਲੋਕ ਗਲੀਆਂ ’ਚ ਤਾਸ਼ ਖੇਡਦੇ, ਗੱਪਾਂ ਮਾਰਦੇ ਤੇ ਕਈ ਸੜਕਾਂ ’ਤੇ ਘੁੰਮਦੇ ਵੇਖੇ ਗਏ, ਜਿਸ ਕਾਰਨ ਪੁਲੀਸ ਨੇ ਅੱਜ ਕਈ ਥਾਈਂ ਡੰਡਾ ਪਰੇਡ ਕੀਤੀ। ਕਈਆਂ ਦੀਆਂ ਡੰਡ ਬੈਠਕਾਂ ਕਢਵਾਈਆਂ ਤੇ ਕੇਸ ਵੀ ਦਰਜ ਕੀਤੇ ਗਏ ਪਰ ਇਸ ਦੇ ਬਾਵਜੂਦ ਕੁਝ ਲੋਕ ਘਰਾਂ ’ਚ ਬੈਠਣ ਨੂੰ ਤਿਆਰ ਨਹੀਂ ਹਨ। ਪੁਲੀਸ ਅਨੁਸਾਰ ਯੂਕੇ ਤੋਂ ਆਏ ਮੁਕਤਸਰ ਦੇ ਗੁਰੂ ਅੰਗਦ ਦੇਵ ਨਗਰ ਦੇ ਵਾਸੀ ਇੰਦਰਜੀਤ ਸਿੰਘ ਬੱਧਨ ਤੇ ਉਸ ਦੀ ਪਤਨੀ ਨਰਿੰਦਰ ਕੌਰ ਨੂੰ ਘਰ ‘ਚ ਰਹਿਣ ਦੀ ਹਦਾਇਤ ਕੀਤੀ ਗਈ ਸੀ ਪਰ ਜਦੋਂ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਨੇ ਪੜਤਾਲ ਕੀਤੀ ਤਾਂ ਉਹ ਘਰ ਨਹੀਂ ਮਿਲੇ, ਜਿਸ ’ਤੇ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਥਾਣਾ ਸਿਟੀ ਵਿਚ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਸਾਈਕਲਾਂ ਦੀ ਦੁਕਾਨ ਖੋਲ੍ਹਣ ’ਤੇ ਵਰਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੋਟਕਪੂਰਾ ਰੋਡ ਸਥਿਤ ਪੁਰਾਣੀ ਚੁੰਗੀ ਕੋਲ ਬਣੀ ਸ਼ਹਿਰੀ ਸੱਥ ’ਚ ਬੈਠੇ ਜੀਵਨ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ, ਸੁਮੀਤ ਕੁਮਾਰ, ਰਜਨੀਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗੁਰਮੀਤ ਸਿੰਘ ਕੋਲੋਂ 9 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਉਸ ਖ਼ਿਲਾਫ਼ ਆਬਕਾਈ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਗਿੱਦੜਬਾਹਾ ਵਿਚ ਥਰੀ ਵ੍ਹੀਲਰ ਚਲਾਉਣ ’ਤੇ ਅਮਰਜੀਤ ਸਿੰਘ ਵਾਸੀ ਬਠਿੰਡਾ ਖ਼ਿਲਾਫ਼, ਕਰਿਆਨੇ ਦੀਆਂ ਦੁਕਾਨਾਂ ਖੋਲ੍ਹਣ ’ਤੇ ਮਲੋਟ ਦੇ ਪਾਹੁਲ ਕੱਕੜ, ਸੁਰੇਸ਼ ਕੁਮਾਰ, ਵੇਦ ਪ੍ਰਕਾਸ਼, ਤਰੁਣ ਜੈਨ ਖ਼ਿਲਾਫ਼ ਕੇਸ ਦਰਜ ਕੀਤਾ ਗਿਆ, ਜਿਨ੍ਹਾਂ ਨੂੰ ਮਗਰੋਂ ਜ਼ਮਾਨਤਾਂ ’ਤੇ ਰਿਹਾਅ ਕਰ ਦਿੱਤਾ ਗਿਆ। ਇਸੇ ਤਰ੍ਹਾਂ ਡੇਅਰੀ ਖੋਲ੍ਹਣ ’ਤੇ ਮਲੋਟ ਸਿਟੀ ਥਾਣੇ ਵਿਚ ਪ੍ਰਦੀਪ ਕੁਮਾਰ ਖ਼ਿਲਾਫ਼, ਥਾਣਾ ਕੋਟਭਾਈ ਪੁਲੀਸ ਨੇ ਕਲੀਨਿਕ ਖੋਲ੍ਹਣ ’ਤੇ ਅੰਗਰੇਜ਼ ਸਿੰਘ ਚਹਿਲ, ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਵਸਨੀਕ ਦਰਸ਼ਨ ਕੁਮਾਰ, ਜਗਜੀਤ ਸਿੰਘ ਵਾਸੀ ਦੋਦਾ ਖਿਲਾਫ਼ ਬਿਨਾਂ ਕਾਰਨ ਘੁੰਮਣ ’ਤੇ ਕੇਸ ਦਰਜ ਕੀਤਾ ਹੈ। ਮੰਡੀ ਬਰੀਵਾਲਾ ਵਿਚ ਸਥਿਤ ‘ਨਿਊ ਅਪਨਾ ਮੈਡੀਕਲ ਹਾਲ’ ਦੇ ਮਾਲਕ ਖ਼ਿਲਾਫ਼ ਕਾਲਾਬਜ਼ਾਰੀ ਕਰ ਕੇ ਮੈਡੀਕਲ ਵਸਤਾਂ ਵੇਚਣ ’ਤੇ ਕੇਸ ਦਰਜ ਕੀਤਾ ਗਿਆ ਹੈ।

ਡਾਕਟਰ ਨੇ ਅਸਤੀਫ਼ਾ ਵਾਪਸ ਲੈ ਕੇ ਸੰਭਾਲੀ ਜ਼ਿੰਮੇਵਾਰੀ ਡਾ. ਕਿਰਮ ਅਸੀਜਾ ਜ਼ਿਲ੍ਹਾ ਮਹਾਮਾਰੀ ਵਿਗਿਆਨੀ ਨੇ ਆਪਣਾ ਅਸਤੀਫਾ ਵਾਪਸ ਲੈਂਦਿਆਂ ਮੁੜ ਨੌਕਰੀ ਸ਼ੁਰੂ ਕਰ ਦਿੱਤੀ ਹੈ। ਮੁਕਤਸਰ ਦੇ ਸਿਵਲ ਸਰਜਨ ਦਫ਼ਤਰ ਵੱਲੋਂ ਜਾਰੀ ਸੂਚਨਾ ਅਨੁਸਾਰ ਡਾ. ਅਸੀਜਾ ਨੇ ਪਿਛਲੇ ਦਿਨੀਂ ਅਸਤੀਫ਼ਾ ਦਿੱਤਾ ਸੀ ਪਰ ਕਰੋਨਾਵਾਇਰਸ ਕਾਰਨ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਉਨ੍ਹਾਂ ਅਸਤੀਫ਼ਾ ਵਾਪਸ ਲੈ ਲਿਆ। ਉਨ੍ਹਾਂ ਕੰਮ ਸ਼ੁਰੂ ਕਰ ਦਿੱਤਾ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All