ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪ੍ਰਧਾਨ ਦੇ ਹੱਕ ’ਚ ਨਿੱਤਰੇ ਪਿੰਡ ਵਾਸੀ

ਲੰਬੀ ਥਾਣੇ ਦੇ ਬਾਹਰ ਧਰਨਾ ਦੇ ਰਹੇ ਪਿੰਡ ਵਾਸੀ।

ਇਕਬਾਲ ਸਿੰਘ ਸ਼ਾਂਤ ਲੰਬੀ, 17 ਜਨਵਰੀ ਨਸ਼ਿਆਂ ਖਿਲਾਫ਼ ਆਵਾਜ਼ ਚੁੱਕਣ ਵਾਲੇ ਸੋਸ਼ਲ ਵੈਲਫੇਅਰ ਕਲੱਬ ਦੇ ਪ੍ਰਧਾਨ ਅਤੇ ਦੋ ਹੋਰਨਾਂ ਮੈਂਬਰਾਂ ਦੀ ਦੋ ਬੱਕਰੀਆਂ ਚੋਰੀ ਕਰਨ ਅਤੇ ਜਾਤੀਸੂਚਕ ਸ਼ਬਦਾਂ ਦੇ ਮਾਮਲੇ ’ਚ ਗ੍ਰਿਫ਼ਤਾਰੀ ਖਿਲਾਫ਼ ਅੱਜ ਪਿੰਡ ਵਾਸੀਆਂ ਨੇ ਲੰਬੀ ਥਾਣੇ ਦਾ ਘਿਰਾਓ ਕਰਕੇ ਰੋਸ ਜਤਾਇਆ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ’ਤੇ ਚੋਰੀ ਦਾ ਕੇਸ ਪਾ ਕੇ ਜ਼ੁਬਾਨਬੰਦੀ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਬੰਧੀ 2 ਅਕਤੂਬਰ ਨੂੰ ਲੰਬੀ ਥਾਣੇ ’ਚ ਕੇਸ ਦਰਜ ਹੋਇਆ ਸੀ। ਇਸ ਮਾਮਲੇ ਵਿਚ ਐਸ.ਸੀ ਕਮਿਸ਼ਨ ਪੰਜਾਬ ਨੇ ਡੀਐਸਪੀ ਮਲੋਟ ਨੂੰ 23 ਜਨਵਰੀ ਤੱਕ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੇ ਆਪ ਪੇਸ਼ ਹੋਣ ਲਈ ਕਿਹਾ ਹੈ। ਕਮਿਸ਼ਨ ਦੀ ਕੁੜਿੱਕੀ ’ਚ ਫਸੀ ਲੰਬੀ ਪੁਲੀਸ ਨੇ ਅੱਜ ਸਵੇਰੇ ਕਲੱਬ ਪ੍ਰਧਾਨ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਇਸ ਕਾਰਵਾਈ ਖਿਲਾਫ਼ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਲੰਬੀ ਥਾਣੇ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਮੀਤੋ ਬਾਈ ਨੇ ਉਸ ਦੀਆਂ ਦੋ ਬੱਕਰੀਆਂ ਚੋਰੀ ਕਰਨ ਦੇ ਰਵਿੰਦਰ ਸਿੰਘ, ਅਮਨਦੀਪ ਸਿੰਘ ਅਤੇ ਡਾ. ਸੁੱਖਾ ਰਾਮ ’ਤੇ ਗੰਭੀਰ ਦੋਸ਼ ਲਗਾਏ ਸਨ। ਜਦੋਂਕਿ ਦੂਜੀਆਂ ਧਿਰਾਂ ਦੇ ਬਿਆਨਾਂ ਮੁਤਾਬਕ ਕਲੱਬ ਮੈਂਬਰ ਸ਼ਮਸ਼ਾਨ ’ਚ ਲਾਏ ਬੂਟਿਆਂ ਨੂੰ ਪਾਣੀ ਦੇ ਰਹੇ ਸਨ। ਇਸ ਦੌਰਾਨ ਕਲੱਬ ਮੈਂਬਰਾਂ ਨੇ ਔਰਤ ਨੂੰ ਆਪਣੀਆਂ ਬੱਕਰੀਆਂ ਸਾਂਭਣ ਲਈ ਕਿਹਾ ਜੋ ਬੂਟਿਆਂ ਨੂੰ ਖ਼ਰਾਬ ਕਰ ਰਹੀਆਂ ਸਨ ਜਿਸ ਨੂੰ ਬਾਅਦ ’ਚ ਵੱਖਰੀ ਰੰਗਤ ਦਿੱਤੀ ਗਈ। ਪੁਲੀਸ ਸੂਤਰਾਂ ਦਾ ਕਹਿਣਾ ਸੀ ਕਿ ਐਸ.ਪੀ (ਡੀ) ਦੀ ਪੜਤਾਲ ’ਚ ਮਾਮਲਾ ਪੀੜਤਾ ਪੱਖੀ ਰਿਹਾ। ਅੱਜ ਧਰਨੇ ਮੌਕੇ ਪਿੰਡ ਵਾਸੀ ਅਸਤਿੰਦਰਜੀਤ ਸਿੰਘ ਅਤੇ ਮੰਦਰ ਸਿੰਘ ਨੇ ਕਿਹਾ ਕਿ ਸੋਸ਼ਲ ਵੈਲਫੇਅਰ ਕਲੱਬ ਕੱਖਾਂਵਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਪਿੰਡ ਅੰਦਰ ਨਸ਼ਿਆਂ ਖਿਲਾਫ਼ ਵੱਡੀ ਮੁਹਿੰਮ ਚਲਾਈ ਅਤੇ ਪਿੰਡ ਅੰਦਰ ਨਸ਼ਿਆਂ ਦੇ ਕਾਰੋਬਾਰ ਦਾ ਲੱਕ ਤੋੜਨ ਲਈ ਮਾਹੌਲ ਸਿਰਜਿਆ। ਉਨ੍ਹਾਂ ਦੋਸ਼ ਲਾਇਆ ਕਿ ਕਲੱਬ ਦੀਆਂ ਲੋਕਪੱਖੀ ਗਤੀਵਿਧੀਆਂ ਨੂੰ ਰੋਕਣ ਲਈ ਮਾੜੇ ਅਨਸਰਾਂ ਵੱਲੋਂ ਸਾਜ਼ਿਸ਼ ਤਹਿਤ ਕਲੱਬ ਦੇ ਪ੍ਰਧਾਨ ਅਤੇ ਹੋਰਨਾਂ ਮੈਂਬਰਾਂ ਨੂੰ ਝੂਠੇ ਮਾਮਲੇ ’ਚ ਉਲਝਾਇਆ ਗਿਆ ਹੈ। ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਇਸੇ ਦੌਰਾਨ ਭਾਕਿਯੂ ਏਕਤਾ (ਉਗਰਾਹਾਂ) ਵੱਲੋਂ ਭੁਪਿੰਦਰ ਸਿੰਘ ਚੰਨੂ ਸਮੇਤ ਹੋਰ ਆਗੂ ਵੀ ਧਰਨੇ ਨੂੰ ਸਮਰਥਨ ਦੇਣ ਪੁੱੱਜੇ। ਦੇਰ ਸ਼ਾਮ ਮੈਂਬਰਾਂ ਨੂੰ ਇਨਸਾਫ਼ ਦਿਵਾਉਣ ਤੇ ਐਸਐਸਪੀ ਨੂੰ ਮਿਲਣ ਦਾ ਫੈਸਲਾ ਹੋਣ ’ਤੇ ਧਰਨਾ ਮੁਲਤਵੀ ਕਰ ਦਿੱਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All