ਗਮਾਡਾ ਨੇ ਪ੍ਰਾਈਵੇਟ ਹਸਪਤਾਲ ਲਈ ਲਿੰਕ ਸੜਕ ਵੇਚੀ

ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਪਿੰਡ ਰੁੜਕਾ ਨੇੜੇ ਲਿੰਕ ਸੜਕ ਨੂੰ ਪੁੱਟੇ ਜਾਣ ਦਾ ਦ੍ਰਿਸ਼।

ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 14 ਜਨਵਰੀ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਿਟੀ (ਗਮਾਡਾ) ਨੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੇੜਲੇ ਪਿੰਡਾਂ ਨੂੰ ਜਾਂਦੀ ਲਿੰਕ ਸੜਕ ਵਾਲੀ ਜ਼ਮੀਨ ਵੀ ਪ੍ਰਾਈਵੇਟ ਹਸਪਤਾਲ ਬਣਾਉਣ ਲਈ ਵੇਚ ਦਿੱਤੀ ਹੈ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਕਾਂ ਨੇ ਲਿੰਕ ਸੜਕ ਪੁੱਟਣੀ ਸ਼ੁਰੂ ਕਰ ਦਿੱਤੀ। ਇਸ ਕਾਰਨ ਪਿੰਡ ਮਾਜਰਾ ਤੋਂ ਰੁੜਕਾ, ਚਾਂਦੀਪੁਰ, ਪਾਪੜੀ ਨੂੰ ਜਾਂਦੀ ਸੜਕ ’ਤੇ ਆਵਾਜਾਈ ਠੱਪ ਹੋ ਗਈ। ਇਹ ਮਾਮਲਾ ਹੁਣ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਕੋਲ ਪੁੱਜ ਗਿਆ ਹੈ। ਜਾਣਕਾਰੀ ਅਨੁਸਾਰ ਗਮਾਡਾ ਨੇ ਇਸ ਜ਼ਮੀਨ ਦਾ ਟੁਕੜਾ ਮੈਡੀਕਲ ਸਾਈਟ ਵਜੋਂ ਇਕ ਕਾਰੋਬਾਰੀ ਪਰਿਵਾਰ ਨੂੰ ਵੇਚ ਦਿੱਤਾ ਹੈ, ਜਿੱਥੇ ਹੁਣ ਸਬੰਧਤ ਘਰਾਣੇ ਨੇ ਮੈਡੀਕਲ ਕੰਪਲੈਕਸ ਦੀ ਉਸਾਰੀ ਲਈ ਕੁਝ ਸਮਾਂ ਪਹਿਲਾਂ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਲਿੰਕ ਸੜਕ ਵੀ ਪੁੱਟ ਦਿੱਤੀ ਹੈ। ਰੁੜਕਾ ਦੇ ਸਰਪੰਚ ਹਰਜੀਤ ਸਿੰਘ ਢਿੱਲੋਂ ਨੇ ਸੜਕ ਪੁੱਟਣ ਦਾ ਕੰਮ ਰੁਕਵਾ ਕੇ ਹਸਪਤਾਲ ਪ੍ਰਬੰਧਕਾਂ ਖ਼ਿਲਾਫ਼ ਕਾਰਵਾਈ ਲਈ ਸੋਹਾਣਾ ਥਾਣੇ ਵਿਚ ਲਿਖਤੀ ਸ਼ਿਕਾਇਤ ਦਿੱਤੀ ਹੈ। ਹਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨ ਹਸਪਤਾਲ ਪ੍ਰਬੰਧਕਾਂ ਨੇ ਡੇਢ ਕੁ ਮਹੀਨਾ ਪਹਿਲਾਂ ਬਣੀ ਲਿੰਕ ਸੜਕ ਪੁੱਟ ਦਿੱਤੀ। ਜ਼ਮੀਨ ਪੁੱਟ ਰਹੇ ਵਿਅਕਤੀਆਂ ਦਾ ਕਹਿਣਾ ਸੀ ਕਿ ਗਮਾਡਾ ਨੇ ਇਹ ਜ਼ਮੀਨ ਉਨ੍ਹਾਂ ਨੂੰ ਹਸਪਤਾਲ ਬਣਾਉਣ ਲਈ ਵੇਚੀ ਹੈ ਅਤੇ ਪੀਡਬਲਿਊਡੀ ਨੇ ਉਨ੍ਹਾਂ ਦੀ ਜ਼ਮੀਨ ’ਚੋਂ ਸੜਕ ਬਣਾਈ ਹੈ। ਸਰਪੰਚ ਨੇ ਤੁਰੰਤ ਜੇਈ ਰਾਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦਫ਼ਤਰ ’ਚੋਂ ਟੀਮ ਨੂੰ ਮੌਕੇ ਦਾ ਜਾਇਜ਼ਾ ਲੈਣ ਲਈ ਭੇਜਿਆ। ਪੀਡਬਲਿਊਡੀ ਵਿਭਾਗ ਦੇ ਐਕਸੀਅਨ ਰਾਜਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਹੁਣ ਸਬੰਧਤ ਐੱਸਡੀਓ ਤੋਂ ਰਿਪੋਰਟ ਤਲਬ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਸਡੀਓ ਸੁਨੀਲ ਕੁਮਾਰ ਨੇ ਦੱਸਿਆ ਕਿ ਗਮਾਡਾ ਨੇ ਇਹ ਸਾਈਟ ਵੇਚਣ ਤੋਂ ਪਹਿਲਾਂ ਪੀਡਬਲਿਊਡੀ ਨੂੰ ਭਰੋਸੇ ਵਿਚ ਨਹੀਂ ਲਿਆ ਤੇ ਨਾ ਹੀ ਮੈਡੀਕਲ ਸਾਈਟ ਨੂੰ ਵੇਚਣ ਤੋਂ ਬਾਅਦ ਜਾਣਕਾਰੀ ਦਿੱਤੀ ਹੈ। ਇਸ ਸਬੰਧੀ ਗਮਾਡਾ ਨੂੰ ਚਿੱਠੀ ਲਿਖ ਕੇ ਸਟੇਟਸ ਪਤਾ ਕੀਤਾ ਜਾਵੇਗਾ।

ਸਰਕਾਰੀ ਨੇਮਾਂ ਅਨੁਸਾਰ ਹੁੰਦੀ ਹੈ ਕਾਰਵਾਈ: ਗਮਾਡਾ ਅਧਿਕਾਰੀ

ਗਮਾਡਾ ਦੇ ਅਸਟੇਟ ਅਫ਼ਸਰ (ਪਲਾਟਸ) ਸੰਜੀਵ ਕੁਮਾਰ ਨੇ ਦੱਸਿਆ ਕਿ ਗਮਾਡਾ ਜਦੋਂ ਵੀ ਪਲਾਟਾਂ ਜਾਂ ਵਿਸ਼ੇਸ਼ ਸਾਈਟਾਂ ਦੀ ਨਿਲਾਮੀ ਕਰਦਾ ਹੈ ਤਾਂ ਸਮੁੱਚੀ ਕਾਰਵਾਈ ਸਰਕਾਰੀ ਨੇਮਾਂ ਅਨੁਸਾਰ ਕੀਤੀ ਜਾਂਦੀ ਹੈ। ਜੇ ਕਿਸੇ ਜ਼ਮੀਨ ਨੂੰ ਵੇਚਣ ਸਬੰਧੀ ਕੋਈ ਸੜਕ ਜਾਂ ਰਸਤਾ ਵਿੱਚ ਆਉਂਦਾ ਹੈ ਤਾਂ ਬਦਲਵੇਂ ਪ੍ਰਬੰਧ ਕੀਤੇ ਜਾਂਦੇ ਹਨ। ਉਹ ਇਸ ਮਾਮਲੇ ਬਾਰੇ ਪਤਾ ਕਰਵਾਉਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All