ਸਿਧਾਂਤਾਂ ਦਾ ਤਿਆਗ ਕਰਕੇ ਰੈਲੀਆਂ ਕਰਨੀਆਂ ਫ਼ਜ਼ੂਲ: ਡਾ. ਗਾਂਧੀ

ਪੱਤਰ ਪੇ੍ਰਕ ਪਟਿਆਲਾ, 18 ਸਤੰਬਰ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ(ਆਪ) ਦੀ ਲੀਡਰਸ਼ਿਪ ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦਾ ਉਦੋਂ ਤੱਕ ਕੋਈ ਲਾਭ ਨਹੀਂ ਹੋਵੇਗਾ ਜਦੋਂ ਤੱਕ ਲੀਡਰਸ਼ਿਪ ਪਾਰਟੀ ਦੇ ਆਪਣੇ ਮੁੱਢਲੇ ਸਿਧਾਂਤਾਂ ’ਤੇ ਮੁੜ ਵਾਪਸ ਨਹੀਂ ਆ ਜਾਂਦੀ। ਡਾ. ਗਾਂਧੀ ਨੇ ਕਿਹਾ ਕਿ ੳੁਹ ਪਾਰਟੀ ਦੇ ਮੁੱਢਲੇ ਸਿਧਾਂਤਾਂ ਕਰਕੇ ਹੀ ਪਾਰਟੀ ਨਾਲ ਜੁੜੇ ਸਨ, ਪਰ ਅੱਜ ਸਾਰੇ ਸਿਧਾਂਤਾਂ ਦਾ ਕਤਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੈਲੀਆਂ ਦੌਰਾਨ ਪਾਰਟੀ ’ਚ ਕੁੱਝ ਰਵਾਇਤੀ ਪਾਰਟੀਆਂ ਵਿੱਚੋਂ ਆਏ ਲੋਕ ਰਵਾਇਤੀ ਪਾਰਟੀਆਂ ਵਾਲੇ ਢੰਗ ਤਰੀਕੇ ਅਪਣਾ ਕੇ ਹੀ ਇਕੱਠ ਕਰ ਰਹੇ ਹਨ ਜੋ ਆਮ ਆਦਮੀ ਦੇ ਹੱਕਾਂ ’ਤੇ ਡਾਕਾ ਮਾਰਨ ਵਾਂਗ ਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਰਟੀ ਦੀ ਲੀਡਰਸ਼ਿਪ ਇਹ ਨਹੀਂ ਸਮਝੇਗੀ ਕਿ ਆਮ ਆਦਮੀ ਦੇ ਵਿਹੜਿਆਂ ਵਿੱਚ ਜਾ ਕੇ ਉਨ੍ਹਾਂ ਦੇ ਦੁੱਖਾਂ ਦਰਦਾਂ ਦਾ ਸਾਥੀ ਹੋਣਾ ਜ਼ਰੂਰੀ ਹੈ ਉਦੋਂ ਤੱਕ 2017 ਦੀਆਂ ਚੋਣਾਂ ਜਿੱਤਣ ਦੀ ਗੱਲ ਕਰਨਾ ਫ਼ਜ਼ੂਲ ਹੈ। ਸਮਾਣਾ,(ਨਿੱਜੀ ਪੱਤਰ ਪ੍ਰੇਰਕ): ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇੱਥੇ ਕਿਹਾ ਕਿ ਲਾਲਚੀ, ਫਰੇਬੀ ਤੇ ਅਪਰਾਧਿਕ ਰਿਕਾਰਡ ਵਾਲੇ ਵਿਅਕਤੀਆਂ ਦਾ ਜੇਕਰ ‘ਆਪ’ ਵਿੱਚ ਦਾਖ਼ਲਾ ਬੰਦ ਨਾ ਕੀਤਾ ਗਿਆ ਤਾਂ ਅਾਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਇਸ ਦਾ ਮਾੜਾ ਹਸ਼ਰ ਭੁਗਤਣਾ ਪਵੇਗਾ। ਡਾ.ਗਾਂਧੀ ਨੇ ਕਿਹਾ ਕਿ ਪਾਰਟੀ ਜਿਹੜੇ ਉਦੇਸ਼, ਮੰਤਵ, ਟੀਚੇ ਨੂੰ ਲੈ ਕੇ ਹੋਂਦ ਵਿੱਚ ਆਈ ਸੀ ਹੁਣ ਉਸ ਤੋਂ ਭਟਕਦੀ ਜਾ ਰਹੀ ਹੈ ਜਿਸ ਕਾਰਨ ਉਨ੍ਹਾਂ ਪਾਰਟੀ ਦੀਆਂ ਗਤੀਵਿਧੀਆਂ ਦੀ ਵਿਰੋਧਤਾ ਕੀਤੀ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਸਟੈਂਡ ’ਤੇ ਕਾਇਮ ਹਨ ਅਤੇ ਪਾਰਟੀ ਵੱਲੋਂ ਨੋਟਿਸ ਜਾਰੀ ਕੀਤੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਜੋਂ ਉਹ ਪਾਰਟੀ ਨੂੰ ਉਸ ਦਾ ਜਵਾਬ ਦੇ ਸਕਣ। ਉਨ੍ਹਾਂ ਕਿਹਾ ਕਿ ਕਿਸੇ ਹੋਰ ਪਾਰਟੀ ਵਿੱਚ ਜਾਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਦਾ ਉਦੇੇਸ਼ ਲੋਕਾਂ ਦੀ ਸੇਵਾ ਕਰਨਾ ਹੈ ਫ਼ਿਰ ਉਹ ਚਾਹੇ ਪਾਰਟੀ ਵਿੱਚ ਰਹਿ ਕੇ ਕੀਤੀ ਜਾਵੇ ਜਾਂ ਫਿਰ ਬਿਨਾਂ ਕਿਸੇ ਅਹੁਦੇ ਤੋਂ। ਪਾਤੜਾਂ,(ਪੱਤਰ ਪ੍ਰੇਰਕ): ਸ਼ਹਿਰ ਵਿੱਚ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਤੋਂ ਰੋਹ ਵਿੱਚ ਆਏ ਲੋਕਾਂ ਵੱਲੋਂ ਦਿੱਤੇ ਜਾ ਧਰਨੇ ਦੌਰਾਨ ਧਰਨਾਕਾਰੀਆਂ ਨੂੰ ਖਦੇੜਨ ਲਈ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ ਦੇ ਦੋਵੇਂ ਧੜੇ ਸ਼ਹਿਰ ਵਿੱਚ ਸਰਗਰਮ ਰਹੇ। ਇਸ ਦੌਰਾਨ ਅਨਾਜ ਮੰਡੀ ਪਾਤੜਾਂ ਵਿੱਚ ਦਿੱਤੇ ਧਰਨੇ ਵਿੱਚ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸ਼ਿਰਕਤ ਕੀਤੀ ਜਦੋਂਕਿ ‘ਆਪ’ ਦੇ ਜ਼ਿਲ੍ਹਾ ਕਨਵੀਨਰ ਡਾ. ਬਲਬੀਰ ਸਿੰਘ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਨਿਰਮਲ ਸਿੰਘ ਨੇ ਮੀਟਿੰਗ ਕਰਨ ਉਪਰੰਤ ਪੀੜਤ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਗੁੰਡਾਗਰਦੀ ਦਿਨੋਂ ਦਿਨ ਵੱਧ ਰਹੀ ਹੈ। ਇੱਥੇ ਆਮ ਲੋਕ ਤਾਂ ਕੀ ਪੁਲਸ ਵੀ ਸੁਰੱਖਿਅਤ ਨਹੀਂ ਰਹੀ। ੳੁਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਪੁਲੀਸ ਨੇ ਆਪਣੀ ਸੁਰੱਖਿਆ ਦੀ ਮੰਗ ਕਰ ਰਹੇ ਲੋਕਾਂ ਉੱਤੇ ਲਾਠੀਆਂ ਵਰ੍ਹਾ ਕੇ ਅੰਗਰੇਜ਼ ਰਾਜ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਜਮਹੂਰੀ ਦੇਸ਼ ਵਿੱਚ ਅਜਿਹਾ ਕਾਰਾ ਦੇਸ਼ ਦੇ ਮੱਥੇ ਉਤੇ ਧੱਬਾ ਹੈ ਜਿਸ ਦਾ ਇੱਕਜੁੱਟਤਾ ਨਾਲ ਸਾਹਮਣਾ ਕਰਨ ਲਈ ਲੋਕਾਂ ਨੂੰ ਤਿਆਰ ਹੋਣਾ ਚਾਹੀਦਾ ਹੈ। ਉਨ੍ਹਾਂ ਸ਼ਾਂਤਮਈ ਧਰਨਾ ਦੇ ਰਹੇ ਸ਼ਹਿਰ ਵਾਸੀਆਂ ਉੱਤੇ ਕੀਤੇ ਲਾਠੀਚਾਰਜ ਤੇ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਤਰੁੰਤ ਰੱਦ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਸਾਬਕਾ ਵਿਧਾਇਕ ਨਿਰਮਲ ਸਿੰਘ ਨੇ ਵੀ ਲਾਠੀਚਾਰਜ ਨੂੰ ਅਤਿ ਮੰਦਭਾਗਾ ਕਰਾਰ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All