ਵੱਖ-ਵੱਖ ਅਦਾਰਿਆਂ ਦੇ ਫਾਇਰ ਸੇਫਟੀ ਪ੍ਰਬੰਧਾਂ ਦੀ ਜਾਂਚ ਦੇ ਹੁਕਮ

ਸਰਬਜੀਤ ਸਿੰਘ ਭੰਗੂ ਪਟਿਆਲਾ, 10 ਸਤੰਬਰ ਜ਼ਿਲ੍ਹੇ ’ਚ ਫਾਇਰ ਸੇਫਟੀ ਨਿਯਮਾਂ ਦੇ ਅਨੁਸਾਰ ਨਾ ਚੱਲਣ ਵਾਲੇ ਵਪਾਰਕ,ਵਿਦਿਅਕ ਅਤੇ ਹੋਰ ਅਦਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼ ਦਿੰਦਿਆਂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਅਜਿਹੀਆਂ ਸਾਰੀਆਂ ਇਮਾਰਤਾਂ ਦੀ ਜਾਂਚ ਕਰਕੇ ਸਬੰਧਿਤ ਵਿਭਾਗਾਂ ਤੋਂ ਹਫ਼ਤੇ ’ਚ ਰਿਪੋਰਟ ਮੰਗੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਕਿਸੇ ਵਪਾਰਕ ਅਤੇ ਵਿਦਿਅਕ ਅਦਾਰੇ ’ਚ ਫਾਇਰ ਨਿਯਮਾਂ ਅਨੁਸਾਰ ਪ੍ਰਬੰਧ ਨਹੀਂ ਹਨ, ਤਾਂ ਸਬੰਧਿਤ ਅਦਾਰਾ ਤੁਰੰਤ ਬਣਦੀ ਕਾਰਵਾਈ ਯਕੀਨੀ ਬਣਾਏ। ਡਿਪਟੀ ਕਮਿਸ਼ਨਰ ਨੇ ਅੱਜ ਇਥੇ ਜ਼ਿਲ੍ਹੇ ’ਚ ਫਾਇਰ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਡਿਪਟੀ ਕਮਿਸ਼ਨਰ ਦਾ ਇਹ ਵੀ ਕਹਿਣਾ ਸੀ ਕਿ ਕਿਸੇ ਵੀ ਵਪਾਰਕ ਸਥਾਨ ਨੂੰ ਐਨ.ਓ.ਸੀ. ਦੇਣ ਸਮੇਂ ਉਸ ਵਪਾਰਕ ਸਥਾਨ ’ਚ ਪਏ ਸਮਾਨ ਦੇ ਹਿਸਾਬ ਨਾਲ ਹੀ ਫਾਇਰ ਨਿਯਮ ਅਪਣਾਏ ਜਾਣ। ਐਨ.ਓ.ਸੀ. ਲਈ ਅਪਲਾਈ ਕਰਨ ਵਾਲੇ ਅਦਾਰਿਆਂ ਤੋਂ ਜੇਕਰ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੇ ਰਿਸ਼ਵਤ ਦੀ ਮੰਗ ਕੀਤੀ, ਤਾਂ ਉਸ ਵਿਰੁੱਧ ਪੁਲੀਸ ਕੇਸ ਦਰਜ ਕਰਵਾਇਆ ਜਾਵੇਗਾ। ਸ਼ਹਿਰ ਵਿੱਚ ਵਪਾਰਕ ਅਤੇ ਵਿਦਿਅਕ ਅਦਾਰਿਆਂ ਦੇ ਫਾਇਰ ਸੇਫ਼ਟੀ ਪ੍ਰਬੰਧਾਂ ਦੀ ਜਾਂਚ ਕਰਨ ਲਈ ਕਮੇਟੀ ਬਣਾਉਂਦਿਆਂ, ਉਨ੍ਹਾਂ ਨੇ ਕਮੇਟੀ ਨੂੰ ਸਾਰੇ ਅਦਾਰਿਆਂ ਦੀ ਜਾਂਚ ਕਰਕੇ ਇਕ ਹਫ਼ਤੇ ਅੰਦਰ ਰਿਪੋਰਟ ਦੇਣ ਲਈ ਕਿਹਾ। ਇਸ ਕਮੇਟੀ ਵਿਚ ਐੱਸਡੀਐੱਮ , ਸਹਾਇਕ ਕਮਿਸ਼ਨਰ ਨਗਰ ਨਿਗਮ, ਡੀਐੱਸਪੀ, ਫਾਇਰ ਸੇਫ਼ਟੀ ਅਫ਼ਸਰ ਅਤੇ ਬਿਲਡਿੰਗ ਇੰਸਪੈਕਟਰ ਸ਼ਾਮਲ ਹੋਣਗੇ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All