
ਨਿੱਜੀ ਪੱਤਰ ਪ੍ਰੇਰਕ ਧੂਰੀ, 9 ਅਪਰੈਲ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਅਤੇ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਪਵਨ ਹਰਚੰਦਪੁਰੀ ਦੀ ਪੁਸਤਕ ‘ਜ਼ਿੰਦਗੀ ਦਾ ਅਸਲੀ ਸੁਪਰਮੈਨ ਦਾਰਾ ਸਿੰਘ ਨੂੰ ਜਿੱਥੇ’ ਸਥਾਨਕ ਮੰਗਲਾ ਆਸ਼ਰਮ ਵਿਖੇ ਲੋਕ ਅਰਪਣ ਕੀਤਾ ਗਿਆ, ਉੱਥੇ ਹੀ ਉਨ੍ਹਾਂ ਨੂੰ ਇਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਤ ਵੀ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤਜਵੰਤ ਮਾਨ, ਭੁਪਿੰਦਰ ਜਗਰਾਉਂ, ਸਾਹਿਤ ਸਭਾ ਧੂਰੀ ਦੇ ਮੀਤ ਪ੍ਰਧਾਨ ਸੁਖਦੇਵ ਸ਼ਰਮਾ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਰਧਾਨ ਹਰਭਜਨ ਸਿੰਘ, ਜਨਰਲ ਸਕੱਤਰ ਕਾਰਜਵਿੰਦਰ ਸਿੰਘ ਅਜਨਾਲਾ ਸਣੇ ਹੋਰਨਾਂ ਦੇ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਇਸ ਮੌਕੇ ਡਾ. ਮਾਨ ਨੇ ਲੇਖਕ ਪਵਨ ਹਰਚੰਦਪੁਰੀ ਦੀ ਸਮੁੱਚੀ ਸਾਹਿਤ ਸਿਰਜਣਾ ਅਤੇ ਇਸ ਪੁਸਤਕ ਦੇ ਅਹਿਮ ਪਹਿਲੂਆਂ ਤੋਂ ਹਾਜ਼ਰੀਨ ਨੂੰ ਜਾਣੂ ਵੀ ਕਰਵਾਇਆ। ਅਖੀਰ ’ਚ ਪਵਨ ਹਰਚੰਦਪੁਰੀ ਨੇ ਸਮਾਗਮ ’ਚ ਹਾਜ਼ਰ ਸਮੂਹ ਲੇਖਕਾਂ, ਸਾਹਿਤਕਾਰਾਂ , ਮੁਲਾਜ਼ਮ ਜਥੇਬੰਦੀਆਂ ਅਤੇ ਸਮੁੱਚੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਲੋਕ ਹਿੱਤਾਂ ਦੇ ਹੱਕ ਵਿੱਚ ਖੜ੍ਹਨ, ਲਿਖਣ ਅਤੇ ਸਾਹਿਤਕ ਲਹਿਰ ਲਈ ਸਮਰਪਿਤ ਰਹਿਣ ਦਾ ਅਹਿਦ ਵੀ ਲਿਆ। ਇਸ ਮੌਕੇ ਸੁਰਿੰਦਰ ਸ਼ਰਮਾ, ਹਰਬੰਸ ਸਿੰਘ ਸੋਢੀ, ਇੰਦਰਜੀਤ ਸਿੰਘ ਮੁੰਡੇ, ਪ੍ਰਿੰਸੀਪਲ ਸੁਰਿੰਦਰ ਕੁਮਾਰ, ਅਮਰਜੀਤ ਸਿੰਘ ਅਮਨ, ਗੁਲਜ਼ਾਰ ਸਿੰਘ ਸੌਢੀ, ਹਰਪਾਲ ਸਿੰਘ ਚੇਅਰਮੈਨ, ਮੇਜਰ ਸਿੰਘ ਪੁੰਨਾਵਾਲ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਲੋਕ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ