ਗੱਡੀਆਂ ਵਾਲਿਆਂ ਦੀ ਨਵੀਂ ਪੀੜ੍ਹੀ ਪ੍ਰਾਈਵੇਟ ਨੌਕਰੀਆਂ ਨੂੰ ਤਰਜੀਹ ਦੇਣ ਲੱਗੀ

ਦੁੱਗਰੀ ਵਿਚ ਲੱਗਦੇ ਮੇਲੇ ’ਚ ਸ਼ਿਰਕਤ ਕਰਨ ਪਰਿਵਾਰ ਨਾਲ ਪੁੱਜੇ ਛੋਟੇ ਬੱਚੇ।

ਸਤਵਿੰਦਰ ਬਸਰਾ ਲੁਧਿਆਣਾ, 11 ਜੂਨ ਪੀੜ੍ਹੀ-ਦਰ-ਪੀੜ੍ਹੀ ਲੋਹੇ ਦੇ ਭਾਂਡੇ ਅਤੇ ਹੋਰ ਸਾਮਾਨ ਤਿਆਰ ਕਰਨ ਵਾਲੇ ਗੱਡੀਆਂ ਵਾਲਿਆਂ ਦੀ ਨਵੀਂ ਪੀੜ੍ਹੀ ਪੁਰਾਤਨ ਕੰਮਾਂ ਨੂੰ ਛੱਡ ਕਿ ਹੁਣ ਪ੍ਰਾਈਵੇਟ ਨੌਕਰੀਆਂ ਅਤੇ ਹੋਰ ਕੰਮ ਕਰਨ ਨੂੰ ਤਰਜੀਹ ਦੇਣ ਲੱਗੀ ਹੈ। ਮਹਾਰਾਣਾ ਪ੍ਰਤਾਪ ਦੀ ਵੰਸ਼ ਦੇ ਇਹ ਲੋਕ ਸੜਕਾਂ ਦੁਆਲੇ ਝੁੱਗੀਆਂ ਬਣਾ ਕਿ ਰਹਿੰਦੇ ਆਮ ਦੇਖੇ ਜਾ ਸਕਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈਚਾਰੇ ਦੇ ਵੱਡੀ ਗਿਣਤੀ ’ਚ ਲੋਕ ਸਥਾਨਕ ਦੁੱਗਰੀ ਵਿਚ ਆਪਣੇ ਵਡੇਰੇ ਬਾਬਾ ਬਸ਼ੀਰ ਦੀ ਸਮਾਧ ’ਤੇ 12, 13 ਅਤੇ 14 ਜੂਨ ਤੱਕ ਲੱਗਣ ਵਾਲੇ ਮੇਲੇ ’ਚ ਪਹੁੰਚੇ ਹੋਏ ਹਨ। ਇਨ੍ਹਾਂ ਪਰਿਵਾਰਾਂ ਦੇ ਲੋਕ ਪਿੰਡਾਂ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਬਲਦ ਵੇਚਣ, ਤਵੇ, ਚਿਮਟੇ, ਭਾਂਡੇ ਰੱਖਣ ਵਾਲੇ ਟੋਕਰੇ, ਅੰਗੀਠੀਆਂ, ਹਥੌੜੇ, ਬਾਲਟੀਆਂ ਦੇ ਥੱਲੇ ਤੇ ਸ਼ੈਣੀਆਂ ਆਦਿ ਤਿਆਰ ਕਰਦੇ ਆਮ ਦੇਖੇ ਜਾ ਸਕਦੇ ਹਨ। ਆਮ ਤੌਰ ’ਤੇ ਇਹ ਕਿਹਾ ਜਾਂਦਾ ਹੈ ਕਿ ਇਸ ਭਾਈਚਾਰੇ ਦੇ ਲੋਕ ਅੱਜ ਵੀ ਆਪਣੇ ਪੁਰਾਤਨ ਕੰਮਾਂ, ਪਹਿਰਾਵਿਆਂ ਅਤੇ ਸੱਭਿਆਚਾਰ ਨਾਲ ਜੁੜੇ ਹੋਏ ਹਨ। ਪਰ ਦੁੱਗਰੀ ਬਾਬਾ ਬਸ਼ੀਰ ਦੇ ਮੇਲੇ ’ਚ ਸ਼ਿਰਕਤ ਕਰਨ ਪੰਜਾਬ ਵਿੱਚੋਂ ਹੀ ਨਹੀਂ ਸਗੋਂ ਦੂਜੇ ਸੂਬਿਆਂ ਵਿੱਚੋਂ ਪਹੁੰਚੇ ਇਸ ਭਾਈਚਾਰੇ ਦੇ ਲੋਕਾਂ ਨਾਲ ਗੱਲ ਕਰਨ ’ਤੇ ਨਵੀਂ ਜਾਣਕਾਰੀ ਸਾਹਮਣੇ ਆਈ। ਇਨ੍ਹਾਂ ਦੀ ਨਵੀਂ ਪੀੜ੍ਹੀ ਵੱਲੋਂ ਹੁਣ ਪੁਰਾਤਨ ਕੰਮਾਂ ਦੀ ਥਾਂ ਪ੍ਰਾਈਵੇਟ ਨੌਕਰੀਆਂ ਕਰਨ ਜਾਂ ਹੋਰ ਕੰਮ ਸ਼ੁਰੂ ਕਰਨ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ। ਮੇਲੇ ਵਾਲੀ ਥਾਂ ’ਤੇ ਪਿਛਲੇ 50 ਸਾਲਾਂ ਤੋਂ ਆ ਰਹੇ ਗਰੀਬੂ ਦਾ ਕਹਿਣਾ ਸੀ ਕਿ ਗ਼ਰੀਬਾਂ ਲਈ ਸਕੀਮਾਂ ਤਾਂ ਬਹੁਤ ਹਨ ਪਰ ਉਨ੍ਹਾਂ ਤੱਕ ਪਹੁੰਚ ਕੁੱਝ ਵੀ ਨਹੀਂ ਰਿਹਾ। ਪਹਿਲਾਂ ਉਸ ਦਾ ਪਰਿਵਾਰ ਉਕਤ ਸਾਮਾਨ ਤਿਆਰ ਕਰਕੇ ਗੁਜ਼ਾਰਾ ਕਰਦਾ ਸੀ ਪਰ ਬੱਚੇ ਇਸ ਤੋਂ ਮੁਨਕਰ ਹੋ ਗਏ ਹਨ। ਲੱਲ੍ਹੀ ਨਾਂ ਦੇ ਨੌਜਵਾਨ ਦਾ ਕਹਿਣਾ ਸੀ ਕਿ ਪ੍ਰਾਈਵੇਟ ਨੌਕਰੀ ਕਰਨਾ ਉਸ ਨੂੰ ਚੰਗਾ ਲੱਗਦਾ ਹੈ। ਮਾਲੇਰਕੋਟਲੇ ਤੋਂ ਪਰਿਵਾਰ ਸਣੇ ਪਹੁੰਚੇ ਚੱਪੂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਭਾਈਚਾਰੇ ਬੱਚੇ ਦੇ ਪੜ੍ਹਾਈ ਆਦਿ ਤੋਂ ਦੂਰ ਹੀ ਰਹਿੰਦੇ ਸਨ ਪਰ ਹੁਣ ਉਸ ਦੀਆਂ ਆਪਣੀਆਂ ਬੱਚੀਆਂ ਪ੍ਰੀਤ ਅਤੇ ਮਨੀਸ਼ਾ ਸਕੂਲ ਪੜ੍ਹਨ ਜਾਂਦੀਆਂ ਹਨ। ਉਸ ਨੇ ਮੰਨਿਆ ਕਿ ਉਨ੍ਹਾਂ ਦੀਆਂ ਔਰਤਾਂ ਅੱਜ ਵੀ ਪੁਰਾਤਨ ਗਹਿਣੇ ਅਤੇ ਕੱਪੜੇ ਪਾਉਣ ਦੀਆਂ ਸ਼ੌਕੀਨ ਹਨ। ਲੱਤਾਂ, ਬਾਹਾਂ, ਹੱਥਾਂ ’ਤੇ ਪੱਖੀਆਂ, ਮੋਰਨੀਆਂ, ਚੰਦ-ਤਾਰੇ ਆਦਿ ਖੁਦਵਾਉਣਾ ਵੀ ਉਨ੍ਹਾਂ ਦੀ ਪੁਰਾਣੀ ਰੀਤ ਹੈ। ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਸਫ਼ਰ ਲਈ ਆਪਣੀਆਂ ਬੈਲ-ਗੱਡੀਆਂ ਆਦਿ ਦੀ ਹੀ ਵਰਤੋਂ ਕਰਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All